< ਯਹੋਸ਼ੁਆ 20 >
1 ੧ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ,
2 ੨ ਇਸਰਾਏਲੀਆਂ ਨਾਲ ਗੱਲ ਕਰ ਕਿ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ ਜਿਸ ਦੇ ਬਾਰੇ ਮੈਂ ਮੂਸਾ ਦੇ ਰਾਹੀਂ ਤੁਹਾਨੂੰ ਆਖਿਆ ਸੀ
3 ੩ ਜਿੱਥੇ ਉਹ ਖੂਨੀ ਭੱਜ ਜਾਵੇ ਜਿਸ ਨੇ ਅਣਜਾਣੇ ਜਾਂ ਗਲਤੀ ਦੇ ਨਾਲ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਉਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ।
4 ੪ ਉਹ ਇਹਨਾਂ ਨਗਰਾਂ ਵਿੱਚੋਂ ਇੱਕ ਨੂੰ ਭੱਜ ਜਾਵੇ ਅਤੇ ਨਗਰ ਦੀ ਡਿਉੜ੍ਹੀ ਦੇ ਫਾਟਕ ਉੱਤੇ ਜਾ ਖਲੋਵੇ ਅਤੇ ਉਸ ਨਗਰ ਦੇ ਬਜ਼ੁਰਗਾਂ ਦੇ ਕੰਨਾਂ ਵਿੱਚ ਆਪਣੀ ਗੱਲ ਕਰੇ ਅਤੇ ਉਹ ਉਸ ਨੂੰ ਨਗਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਸ ਨੂੰ ਥਾਂ ਦੇਣ ਕਿ ਉਹ ਉਹਨਾਂ ਦੇ ਵਿੱਚ ਵੱਸ ਜਾਵੇ।
5 ੫ ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਹ ਦਾ ਪਿੱਛਾ ਕਰੇ ਤਾਂ ਉਹ ਖ਼ੂਨੀ ਨੂੰ ਉਸ ਦੇ ਹੱਥਾਂ ਵਿੱਚ ਨਾ ਦੇਣ ਕਿਉਂ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾਂ ਤੋਂ ਉਸ ਦਾ ਵੈਰੀ ਨਹੀਂ ਸੀ।
6 ੬ ਤਾਂ ਉਹ ਉਸ ਨਗਰ ਵਿੱਚ ਵੱਸਿਆ ਰਹੇ ਜਦ ਤੱਕ ਕਿ ਉਹ ਨਿਆਂ ਲਈ ਮੰਡਲੀ ਦੇ ਅੱਗੇ ਨਾ ਖੜ੍ਹਾ ਹੋਵੇ ਅਤੇ ਜਦ ਤੱਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ ਤਾਂ ਉਹ ਖ਼ੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ ਅਰਥਾਤ ਉਹ ਸ਼ਹਿਰ ਨੂੰ ਜਿੱਥੋਂ ਉਸ ਨੱਸਿਆ ਸੀ ਜਾਵੇ।
7 ੭ ਅਤੇ ਉਹਨਾਂ ਨੇ ਨਫ਼ਤਾਲੀ ਦੇ ਪਰਬਤ ਉੱਤੇ ਗਲੀਲ ਵਿੱਚ ਕਾਦੇਸ਼ ਨੂੰ ਅਤੇ ਇਫ਼ਰਾਈਮ ਦੇ ਪਰਬਤ ਵਿੱਚ ਸ਼ਕਮ ਨੂੰ ਅਤੇ ਯਹੂਦਾਹ ਦੇ ਪਰਬਤ ਵਿੱਚ ਕਿਰਯਥ-ਅਰਬਾ ਨੂੰ ਜਿਹੜਾ ਹਬਰੋਨ ਹੈ ਵੱਖਰਾ ਕੀਤਾ।
8 ੮ ਅਤੇ ਯਰਦਨ ਦੇ ਪਾਰ ਯਰੀਹੋ ਦੇ ਪੂਰਬ ਵੱਲ ਉਹਨਾਂ ਨੇ ਬਸਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ਹ ਦੇ ਗੋਤ ਵਿੱਚ ਸੀ।
9 ੯ ਇਹ ਨਗਰ ਸਾਰੇ ਇਸਰਾਏਲੀਆਂ ਲਈ ਅਤੇ ਪਰਦੇਸੀਆਂ ਲਈ ਜਿਹੜੇ ਉਹਨਾਂ ਦੇ ਵਿੱਚ ਵੱਸਦੇ ਸਨ ਠਹਿਰਾਏ ਗਏ ਜਿੱਥੇ ਹਰ ਇੱਕ ਭੱਜ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਣੇ ਮਾਰ ਦੇਵੇ ਤਾਂ ਜੋ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ ਜਦ ਤੱਕ ਕਿ ਉਹ ਮੰਡਲੀ ਦੇ ਅੱਗੇ ਨਾ ਖੜ੍ਹਾ ਕੀਤਾ ਜਾਵੇ।