< ਯੂਹੰਨਾ 9 >
1 ੧ ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਮਨੁੱਖ ਵੇਖਿਆ। ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਸੀ।
2 ੨ ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੇ ਕਾਰਨ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਨ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਨ?”
3 ੩ ਯਿਸੂ ਨੇ ਉੱਤਰ ਦਿੱਤਾ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦੇ ਕਾਰਨ ਨਹੀਂ ਹੈ। ਪਰ ਇਹ ਚੰਗਾ ਹੋ ਕੇ ਲੋਕਾਂ ਨੂੰ ਪਰਮੇਸ਼ੁਰ ਦੀ ਮਹਿਮਾ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ।
4 ੪ ਸਾਨੂੰ ਉਸ ਪਰਮੇਸ਼ੁਰ ਦਾ ਕੰਮ, ਦਿਨ ਰਹਿੰਦੇ ਕਰਨਾ ਚਾਹੀਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ। ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ।
5 ੫ ਜਦ ਤੱਕ ਮੈਂ ਸੰਸਾਰ ਵਿੱਚ ਹਾਂ ਮੈਂ ਸੰਸਾਰ ਦੇ ਲਈ ਚਾਨਣ ਹਾਂ।”
6 ੬ ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਨੇ ਧਰਤੀ ਤੇ ਥੁੱਕਿਆ ਅਤੇ ਉਸ ਨਾਲ ਥੋੜੀ ਮਿੱਟੀ ਗਿੱਲੀ ਕੀਤੀ ਅਤੇ ਉਹ ਮਿੱਟੀ ਅੰਨ੍ਹੇ ਮਨੁੱਖ ਦੀਆਂ ਅੱਖਾਂ ਤੇ ਲਾਈ।
7 ੭ ਯਿਸੂ ਨੇ ਉਸ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,” ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ।” ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਅਦ ਵਾਪਸ ਆਇਆ। ਹੁਣ ਉਸ ਨੂੰ ਸਭ ਦਿਸਦਾ ਸੀ।
8 ੮ ਜਿਨ੍ਹਾਂ ਲੋਕਾਂ ਨੇ ਉਸ ਨੂੰ ਭੀਖ ਮੰਗਦਿਆਂ ਵੇਖਿਆ ਸੀ ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਹੈ ਜਿਹੜਾ ਬੈਠ ਕੇ ਭੀਖ ਮੰਗਦਾ ਹੁੰਦਾ ਸੀ।”
9 ੯ ਕੁਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ।” ਪਰ ਕੁਝ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਮਨੁੱਖ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ।” ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ।”
10 ੧੦ ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ? ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?”
11 ੧੧ ਉਸ ਨੇ ਉੱਤਰ ਦਿੱਤਾ, “ਯਿਸੂ ਨਾਮੇ ਮਨੁੱਖ ਨੇ ਕੁਝ ਮਿੱਟੀ ਗੋਈ ਤੇ ਮੇਰੀਆਂ ਅੱਖਾਂ ਉੱਤੇ ਲਾ ਦਿੱਤੀ। ਉਸ ਨੇ ਮੈਨੂੰ ਸਿਲੋਆਮ ਕੁੰਡ ਤੇ ਜਾ ਕੇ ਧੋਣ ਲਈ ਕਿਹਾ। ਜਦ ਮੈਂ ਸਿਲੋਆਮ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਹੋ ਗਿਆ।”
12 ੧੨ ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ?” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ।”
13 ੧੩ ਜਦੋਂ ਲੋਕ ਉਸ ਮਨੁੱਖ ਨੂੰ, “ਫ਼ਰੀਸੀਆਂ ਕੋਲ ਲਿਆਏ, ਜੋ ਪਹਿਲਾਂ ਅੰਨ੍ਹਾ ਸੀ।
14 ੧੪ ਜਿਸ ਦਿਨ ਯਿਸੂ ਨੇ ਮਿੱਟੀ ਗਿਲੀ ਕੀਤੀ ਉਸ ਮਨੁੱਖ ਦੀਆਂ ਅੱਖਾਂ ਖੋਲੀਆਂ ਤੇ ਓਹ ਦਿਨ ਸਬਤ ਦਾ ਸੀ।”
15 ੧੫ ਤਾਂ ਇਸ ਵਾਰੀ ਫ਼ਰੀਸੀਆਂ ਨੇ ਉਸ ਮਨੁੱਖ ਨੂੰ ਪੁੱਛਿਆ, “ਤੈਨੂੰ ਆਪਣੀਆਂ ਅੱਖਾਂ ਕਿਵੇਂ ਮਿਲੀਆਂ?” ਮਨੁੱਖ ਨੇ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਤੇ, ਮੈਂ ਅੱਖਾਂ ਧੋਤੀਆਂ ਅਤੇ ਹੁਣ ਮੈਂ ਵੇਖ ਸਕਦਾ ਹਾਂ।”
16 ੧੬ ਕੁਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ੁਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਦੇ ਨੇਮ ਨੂੰ ਵੀ ਨਹੀਂ ਮੰਨਦਾ। ਇਸ ਲਈ ਉਹ ਪਰਮੇਸ਼ੁਰ ਵੱਲੋਂ ਨਹੀਂ ਹੈ।” ਕੁਝ ਹੋਰ ਲੋਕਾਂ ਨੇ ਆਖਿਆ, “ਕੀ ਇੱਕ ਪਾਪੀ ਆਦਮੀ ਅਜਿਹੇ ਚਮਤਕਾਰ ਕਰ ਸਕਦਾ ਹੈ।” ਯਹੂਦੀ ਇਸ ਗੱਲ ਉੱਪਰ ਆਪਸ ਵਿੱਚ ਸਹਿਮਤ ਨਾ ਹੋਏ।
17 ੧੭ ਯਹੂਦੀਆਂ ਦੇ ਆਗੂਆਂ ਨੇ ਉਸ ਮਨੁੱਖ ਨੂੰ ਫੇਰ ਪੁੱਛਿਆ, “ਉਹ ਮਨੁੱਖ ਜਿਸ ਨੇ ਤੈਨੂੰ ਚੰਗਾ ਕੀਤਾ, ਜਿਸ ਕਰਕੇ ਹੁਣ ਤੂੰ ਵੇਖ ਸਕਦਾ ਹੈ। ਤੂੰ ਉਸ ਮਨੁੱਖ ਬਾਰੇ ਕੀ ਆਖਦਾ ਹੈ?” ਉਸ ਮਨੁੱਖ ਨੇ ਕਿਹਾ, “ਉਹ ਇੱਕ ਨਬੀ ਹੈ।”
18 ੧੮ ਜਦੋਂ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਸੱਦਿਆ ਯਹੂਦੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਮਨੁੱਖ ਅੰਨ੍ਹਾ ਸੀ ਅਤੇ ਚੰਗਾ ਕੀਤਾ ਗਿਆ ਹੈ।
19 ੧੯ ਯਹੂਦੀਆਂ ਨੇ ਉਸ ਦੇ ਮਾਂ-ਬਾਪ ਤੋਂ ਪੁੱਛਿਆ, “ਕੀ ਇਹ ਮਨੁੱਖ ਤੁਹਾਡਾ ਪੁੱਤਰ ਹੈ? ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਜੰਮਿਆ ਸੀ ਤਾਂ ਇਹ ਹੁਣ ਕਿਵੇਂ ਵੇਖ ਸਕਦਾ ਹੈ?”
20 ੨੦ ਉਸ ਦੇ ਮਾਪਿਆਂ ਨੇ ਉੱਤਰ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਜਦੋਂ ਇਹ ਜੰਮਿਆ ਸੀ ਤਾਂ ਅੰਨ੍ਹਾ ਸੀ।
21 ੨੧ ਪਰ ਸਾਨੂੰ ਇਹ ਨਹੀਂ ਪਤਾ ਕਿ ਹੁਣ ਇਸ ਨੂੰ ਕਿਵੇਂ ਦਿਸਦਾ ਹੈ। ਅਸੀਂ ਨਹੀਂ ਜਾਣਦੇ ਕਿ ਉਸ ਦੀਆਂ ਅੱਖਾਂ ਕਿਸ ਨੇ ਚੰਗੀਆਂ ਕੀਤੀਆਂ ਹਨ। ਤੁਸੀਂ ਉਸ ਨੂੰ ਪੁੱਛੋ। ਉਹ ਬੱਚਾ ਨਹੀਂ ਹੈ ਵੱਡਾ ਹੈ ਅਤੇ ਉਹ ਆਪਣੇ ਬਾਰੇ ਤੁਹਾਡੇ ਸਵਾਲਾਂ ਦੇ ਉੱਤਰ ਦੇ ਸਕਦਾ ਹੈ।”
22 ੨੨ ਉਸ ਦੇ ਮਾਪਿਆਂ ਨੇ ਇਹ ਇਸ ਲਈ ਕਿਹਾ ਸੀ, ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ। ਯਹੂਦੀ ਆਗੂਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ।
23 ੨੩ ਇਸੇ ਲਈ ਉਸ ਦੇ ਮਾਪਿਆਂ ਨੇ ਕਿਹਾ, “ਉਹ ਬਹੁਤ ਸਿਆਣਾ ਹੈ, ਉਸ ਨੂੰ ਹੀ ਪੁੱਛ ਲਵੋ।”
24 ੨੪ ਯਹੂਦੀ ਆਗੂਆਂ ਨੇ ਉਸ ਮਨੁੱਖ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ।”
25 ੨੫ ਉਸ ਮਨੁੱਖ ਨੇ ਕਿਹਾ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ। ਮੈਂ ਸਿਰਫ਼ ਇੱਕ ਹੀ ਗੱਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖਦਾ ਹਾਂ।”
26 ੨੬ ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਕਿਵੇਂ ਤੇਰੀਆਂ ਅੱਖਾਂ ਠੀਕ ਕੀਤੀਆਂ?”
27 ੨੭ ਉਸ ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?”
28 ੨੮ ਯਹੂਦੀਆਂ ਦੇ ਆਗੂ ਬਹੁਤ ਗੁੱਸੇ ਵਿੱਚ ਆਏ ਅਤੇ ਫਿਰ ਉਸ ਮਨੁੱਖ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਮਨੁੱਖ ਦਾ ਚੇਲਾ ਹੈ ਤੇ ਅਸੀਂ ਮੂਸਾ ਦੇ ਚੇਲੇ ਹਾਂ।
29 ੨੯ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਮਨੁੱਖ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ।”
30 ੩੦ ਉਸ ਮਨੁੱਖ ਨੇ ਕਿਹਾ, “ਇਹ ਬਹੁਤ ਅਜ਼ੀਬ ਗੱਲ ਹੈ। ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ। ਪਰ ਇਸ ਨੇ ਮੇਰੀਆਂ ਅੱਖਾਂ ਠੀਕ ਕੀਤੀਆਂ ਹਨ।
31 ੩੧ ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਮਨੁੱਖ ਦੀ ਸੁਣਦਾ ਹੈ ਜੋ ਬੰਦਗੀ ਕਰਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ।
32 ੩੨ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਮਨੁੱਖ ਦੀਆਂ ਅੱਖਾਂ ਠੀਕ ਕੀਤੀਆਂ ਹਨ। (aiōn )
33 ੩੩ ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ। ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹਾ ਚਮਤਕਾਰ ਕਰਨ ਯੋਗ ਨਾ ਹੁੰਦਾ।”
34 ੩੪ ਯਹੂਦੀਆਂ ਦੇ ਆਗੂਆਂ ਨੇ ਉੱਤਰ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ। ਕੀ ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?” ਫਿਰ ਉਨ੍ਹਾਂ ਨੇ ਉਸ ਨੂੰ ਜਾਣ ਲਈ ਕਿਹਾ।
35 ੩੫ ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਮਨੁੱਖ ਨੂੰ ਇਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਮਨੁੱਖ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?”
36 ੩੬ ਉਸ ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ। ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ।”
37 ੩੭ ਮਨੁੱਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ, ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ।”
38 ੩੮ ਯਿਸੂ ਨੂੰ ਉਸ ਨੇ ਆਖਿਆ, “ਪ੍ਰਭੂ! ਮੈਂ ਵਿਸ਼ਵਾਸ ਕਰਦਾ ਹਾਂ। ਤਾਂ ਉਸ ਆਦਮੀ ਨੇ ਝੁੱਕ ਕੇ ਯਿਸੂ ਨੂੰ ਮੱਥਾ ਟੇਕਿਆ।”
39 ੩੯ ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਸੰਸਾਰ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖਦੇ ਹਨ ਅੰਨ੍ਹੇ ਹੋ ਜਾਣ।”
40 ੪੦ ਕੁਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆ ਅਤੇ ਕਿਹਾ, “ਕੀ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ?”
41 ੪੧ ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਤੁਸੀਂ ਆਖਦੇ ਹੋ, ਅਸੀਂ ਵੇਖ ਸਕਦੇ ਹਾਂ, ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”