< ਯੂਹੰਨਾ 17 >
1 ੧ ਇਹ ਸਾਰੀਆਂ ਗੱਲਾਂ ਆਖ ਕੇ ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਵਡਿਆਈ ਦੇ ਤਾਂ ਜੋ ਪੁੱਤਰ ਤੈਨੂੰ ਵਡਿਆਈ ਦੇਵੇ।
2 ੨ ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ। (aiōnios )
3 ੩ ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ। (aiōnios )
4 ੪ ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ।
5 ੫ ਹੇ ਪਿਤਾ, ਹੁਣ ਤੂੰ ਆਪਣੀ ਮਜੂਦਗੀ ਵਿੱਚ ਮੇਰੀ ਵਡਿਆਈ ਕਰ। ਉਸ ਵਡਿਆਈ ਨਾਲ ਜਿਹੜੀ ਇਸ ਸੰਸਾਰ ਦੇ ਸ਼ੁਰੂ ਤੋਂ ਪਹਿਲਾਂ ਮੇਰੇ ਨਾਲ ਸੀ।”
6 ੬ ਤੂੰ ਮੈਨੂੰ ਸੰਸਾਰ ਵਿੱਚੋਂ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ।
7 ੭ ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਦਿੱਤਾ ਹੈ ਤੇਰੇ ਵਲੋਂ ਹੀ ਆਇਆ ਹੈ।
8 ੮ ਮੈਂ ਉਨ੍ਹਾਂ ਨੂੰ ਉਹ ਬਚਨ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲ ਕੀਤਾ। ਉਨ੍ਹਾਂ ਨੇ ਸੱਚ-ਮੁੱਚ ਇਹ ਵਿਸ਼ਵਾਸ ਕਰ ਲਿਆ ਕਿ ਤੂੰ ਹੀ ਮੈਨੂੰ ਭੇਜਿਆ ਹੈ।
9 ੯ ਮੈਂ ਸੰਸਾਰ ਦੇ ਲੋਕਾਂ ਲਈ ਬੇਨਤੀ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਬੇਨਤੀ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੇਰੇ ਹੀ ਹਨ।
10 ੧੦ ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ ਅਤੇ ਉਨ੍ਹਾਂ ਰਾਹੀਂ ਮੇਰੀ ਵਡਿਆਈ ਹੋਈ।
11 ੧੧ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਮ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ, ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਹੋਣ ਜਿਵੇਂ ਕਿ ਤੂੰ ਤੇ ਮੈਂ ਹਾਂ।
12 ੧੨ ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਦੀ ਸੁਰੱਖਿਆ ਕੀਤੀ, ਮੈਂ ਉਨ੍ਹਾਂ ਦੀ ਤੇਰੇ ਨਾਮ ਨਾਲ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਾਸ ਨਹੀਂ ਹੋਇਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ, ਉਹ ਨਾਸ ਹੋਇਆ, ਕਿਉਂਕਿ ਪਵਿੱਤਰ ਗ੍ਰੰਥ ਦੀ ਲਿਖਤ ਪੂਰੀ ਹੋਵੇ ।
13 ੧੩ ਹੁਣ ਮੈਂ ਤੇਰੇ ਕੋਲ ਆਉਂਦਾ ਹਾਂ, ਇਹ ਗੱਲਾਂ ਕਹਿੰਦਾ ਹਾਂ ਤਾਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਪੂਰੀ ਹੋਵੇ।
14 ੧੪ ਮੈਂ ਉਨ੍ਹਾਂ ਨੂੰ ਤੇਰਾ ਬਚਨ ਦਿੱਤਾ ਹੈ ਅਤੇ ਸੰਸਾਰ ਨੇ ਇਨ੍ਹਾਂ ਨਾਲ ਵੈਰ ਕੀਤਾ ਹੈ। ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ, ਉਹ ਵੀ ਇਸ ਸੰਸਾਰ ਦੇ ਨਹੀਂ ਹਨ।
15 ੧੫ ਮੈਂ ਤੇਰੇ ਕੋਲੋਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਸੰਸਾਰ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ।
16 ੧੬ ਉਹ ਵੀ ਇਸ ਸੰਸਾਰ ਦੇ ਨਹੀਂ ਹਨ ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ।
17 ੧੭ ਉਨ੍ਹਾਂ ਨੂੰ ਸੱਚ ਨਾਲ ਆਪਣੀ ਸੇਵਾ ਲਈ ਤਿਆਰ ਕਰ, ਤੇਰਾ ਬਚਨ ਸੱਚ ਹੈ।
18 ੧੮ ਜਿਵੇਂ ਕਿ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ ਹੈ।
19 ੧੯ ਮੈਂ ਉਹਨਾਂ ਲਈ ਆਪਣੇ ਆਪ ਨੂੰ ਪਵਿੱਤਰ ਕਰਦਾ ਹਾਂ, ਤਾਂ ਜੋ ਉਹ ਵੀ ਆਪਣੇ ਆਪ ਨੂੰ ਸੱਚਾਈ ਦੁਆਰਾ ਪਵਿੱਤਰ ਕਰ ਸਕਣ।
20 ੨੦ ਮੈਂ ਇਨ੍ਹਾਂ ਮਨੁੱਖਾਂ ਲਈ ਬੇਨਤੀ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਬੇਨਤੀ ਕਰਦਾ ਹਾਂ ਜੋ ਇਨ੍ਹਾਂ ਦੇ ਬਚਨ ਸੁਣ ਕੇ ਮੇਰੇ ਵਿੱਚ ਵਿਸ਼ਵਾਸ ਰੱਖਣਗੇ।
21 ੨੧ ਉਹ ਇੱਕ ਜੁੱਟ ਹੋ ਕੇ ਰਹਿਣ। ਜਿਵੇਂ ਹੇ ਪਿਤਾ ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ ਇਹ ਲੋਕ ਵੀ ਸਾਡੇ ਵਿੱਚ ਇੱਕ ਹੋ ਕੇ ਰਹਿਣ। ਇਸ ਤਰ੍ਹਾਂ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਮੈਨੂੰ ਭੇਜਿਆ ਹੈ।
22 ੨੨ ਮੈਂ ਉਨ੍ਹਾਂ ਨੂੰ ਉਹ ਵਡਿਆਈ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸਕਣ। ਜਿਵੇਂ ਕਿ ਅਸੀਂ ਇੱਕ ਹਾਂ।
23 ੨੩ ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ। ਇਸ ਤਰੀਕੇ ਨਾਲ ਇਹ ਸਭ ਸਿੱਧ ਹੋਣ ਅਤੇ ਸੰਸਾਰ ਜਾਣ ਜਾਵੇਗਾ ਕਿ ਤੂੰ ਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ। ਅਤੇ ਤੂੰ ਉਨ੍ਹਾਂ ਨਾਲ ਪਿਆਰ ਕੀਤਾ ਹੈ। ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।
24 ੨੪ “ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਵਡਿਆਈ ਵੇਖ ਸਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਸੰਸਾਰ ਦੇ ਸਿਰਜਣ ਤੋਂ ਵੀ ਪਹਿਲਾਂ ਪਿਆਰ ਕੀਤਾ।
25 ੨੫ ਹੇ ਧਰਮੀ ਪਿਤਾ, ਸੰਸਾਰ ਤੈਨੂੰ ਨਹੀਂ ਜਾਣਦਾ ਪਰ ਮੈਂ ਤੈਨੂੰ ਜਾਣਦਾ ਹਾਂ। ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਿਆ ਹੈਂ।
26 ੨੬ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਹੈਂ ਅਤੇ ਦੱਸਦਾ ਰਹਾਂਗਾ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਨਾਲ ਹੈ, ਉਹੀ ਪਿਆਰ ਉਨ੍ਹਾਂ ਵਿੱਚ ਹੋਵਾਂਗਾ।”