< ਅੱਯੂਬ 37 >
1 ੧ “ਹਾਂ, ਇਸ ਗੱਲ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੋਂ ਉੱਛਲਦਾ ਹੈ।
2 ੨ ਪਰਮੇਸ਼ੁਰ ਦੇ ਗੱਜਣ ਦੀ ਅਵਾਜ਼ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ, ਸੁਣੋ!
3 ੩ ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੱਕ ਭੇਜਦਾ ਹੈ।
4 ੪ ਉਹ ਦੇ ਪਿੱਛੇ ਇੱਕ ਗੱਜਣ ਦਾ ਸ਼ਬਦ ਹੁੰਦਾ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਜਦ ਉਹ ਦਾ ਸ਼ਬਦ ਸੁਣਾਈ ਦਿੰਦਾ ਹੈ ਤਾਂ ਬਿਜਲੀਆਂ ਲਗਾਤਾਰ ਚਮਕਦੀਆਂ ਹਨ!”
5 ੫ ਪਰਮੇਸ਼ੁਰ ਅਦਭੁੱਤ ਤਰੀਕੇ ਨਾਲ ਆਪਣਾ ਸ਼ਬਦ ਸੁਣਾਉਂਦਾ ਹੈ, ਉਹ ਵੱਡੇ-ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ।
6 ੬ ਉਹ ਤਾਂ ਬਰਫ਼ ਨੂੰ ਆਖਦਾ ਹੈ, “ਧਰਤੀ ਉੱਤੇ ਡਿੱਗ!” ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ।
7 ੭ ਉਹ ਸਭਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਰੋਕ ਦਿੰਦਾ ਹੈ ਤਾਂ ਜੋ ਉਸ ਦੇ ਬਣਾਏ ਹੋਏ ਸਾਰੇ ਮਨੁੱਖ ਉਹ ਦੇ ਕੰਮਾਂ ਨੂੰ ਜਾਣਨ।
8 ੮ ਤਦ ਜੰਗਲੀ ਜਾਨਵਰ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ।
9 ੯ ਤੂਫ਼ਾਨ ਆਪਣੀ ਕੋਠੜੀ ਤੋਂ ਬਾਹਰ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ।
10 ੧੦ ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਪੈਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ।
11 ੧੧ ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਦੂਰ ਤੱਕ ਫੈਲਾਉਂਦਾ ਹੈ।
12 ੧੨ ਉਹ ਉਸ ਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ, ਭਈ ਜੋ ਕੁਝ ਉਹ ਹੁਕਮ ਦੇਵੇ, ਉਹ ਉਸ ਦੀ ਵਸਾਈ ਹੋਈ ਧਰਤੀ ਉੱਤੇ ਪੂਰਾ ਕਰਨ।
13 ੧੩ ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਦੀ ਭਲਿਆਈ ਲਈ, ਭਾਵੇਂ ਮਨੁੱਖਾਂ ਉੱਤੇ ਦਯਾ ਕਰਨ ਲਈ ਉਸ ਨੂੰ ਭੇਜਦਾ ਹੈ।
14 ੧੪ “ਹੇ ਅੱਯੂਬ, ਇਸ ਗੱਲ ਵੱਲ ਕੰਨ ਲਾ ਅਤੇ ਸੁਣ ਲੈ, ਚੁੱਪ-ਚਾਪ ਖੜ੍ਹਾ ਰਹਿ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਰ ਨਾਲ ਸੋਚ!
15 ੧੫ ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?
16 ੧੬ ਕੀ ਤੂੰ ਬੱਦਲਾਂ ਦਾ ਤੋਲਣਾ ਅਤੇ ਉਹ ਦੇ ਅਚੰਭੇ ਕੰਮ ਜੋ ਗਿਆਨ ਵਿੱਚ ਸੰਪੂਰਨ ਹਨ, ਜਾਣਦਾ ਹੈਂ?
17 ੧੭ ਤੂੰ ਜਿਸ ਦੇ ਬਸਤਰ ਗਰਮ ਹਨ, ਜਦ ਕਿ ਦੱਖਣੀ ਹਵਾ ਤੋਂ ਧਰਤੀ ਸੁੰਨ ਹੋ ਜਾਂਦੀ ਹੈ?
18 ੧੮ ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸਕਦਾ ਹੈ, ਜਿਹੜਾ ਢਾਲ਼ੇ ਹੋਏ ਸ਼ੀਸ਼ੇ ਵਾਂਗੂੰ ਨਿੱਗਰ ਹੈ?
19 ੧੯ “ਸਾਨੂੰ ਸਮਝਾ ਭਈ ਅਸੀਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਹਨੇਰੇ ਦੇ ਕਾਰਨ ਸੁਧਾਰ ਨਹੀਂ ਸਕਦੇ।
20 ੨੦ ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਣਾ ਚਾਹੁੰਦਾ ਹਾਂ? ਕੋਈ ਮਨੁੱਖ ਕਦੀ ਚਾਹੇਗਾ ਕਿ ਮੈਂ ਨਿਗਲ ਲਿਆ ਜਾਂਵਾਂ?
21 ੨੧ ਹੁਣੇ ਤਾਂ ਕੋਈ ਸੂਰਜ ਵੱਲ ਵੀ ਨਹੀਂ ਵੇਖ ਸਕਦਾ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਜਦ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ।
22 ੨੨ ਉੱਤਰ ਵੱਲੋਂ ਸੁਨਿਹਰੀ ਝਲਕ ਆਉਂਦੀ ਹੈ, ਪਰਮੇਸ਼ੁਰ ਭੈਅ ਯੋਗ ਤੇਜ ਤੋਂ ਸ਼ੋਭਾਮਾਨ ਹੈ!
23 ੨੩ ਸਰਬ ਸ਼ਕਤੀਮਾਨ ਪਰਮੇਸ਼ੁਰ ਨੂੰ ਜੋ ਸ਼ਕਤੀ ਵਿੱਚ ਮਹਾਨ ਹੈ ਅਤੇ ਜਿਸ ਦਾ ਭੇਤ ਅਸੀਂ ਨਹੀਂ ਪਾ ਸਕਦੇ, ਉਹ ਨਿਆਂ ਅਤੇ ਧਰਮ ਦੀ ਬਹੁਤਾਇਤ ਨੂੰ ਨਿਰਬਲ ਨਹੀਂ ਕਰਦਾ!
24 ੨੪ ਇਸ ਲਈ ਮਨੁੱਖ ਉਸ ਤੋਂ ਡਰਦੇ ਹਨ, ਉਹ ਆਪਣੀ ਨਜ਼ਰ ਵਿੱਚ ਬੁੱਧਵਾਨ ਹਨ, ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ।”