< ਅੱਯੂਬ 30 >
1 ੧ ਪਰ ਹੁਣ ਉਹ ਜਿਹੜੇ ਮੈਥੋਂ ਛੋਟੇ ਹਨ ਉਹ ਮੇਰੇ ਉੱਤੇ ਹੱਸਦੇ ਹਨ, ਜਿਹਨਾਂ ਦੇ ਪੁਰਖਿਆਂ ਨੂੰ ਮੈਂ ਆਪਣੇ ਇੱਜੜ ਦੇ ਕੁੱਤਿਆਂ ਨਾਲ ਵੀ ਕੰਮ ਕਰਨ ਦੇ ਯੋਗ ਨਹੀਂ ਸਮਝਦਾ ਸੀ!
2 ੨ ਭਲਾ, ਉਹਨਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਹਨਾਂ ਦਾ ਪੁਰਸ਼ਾਰਥ ਵੀ ਨਾਸ ਹੋ ਗਿਆ ਹੈ?
3 ੩ ਥੁੜ ਅਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਉਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ।
4 ੪ ਉਹ ਝਾੜੀਆਂ ਉੱਤੋਂ ਨਮਕੀਨ ਸਾਗ ਤੋੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਹਨਾਂ ਦੀ ਰੋਟੀ ਹੈ।
5 ੫ ਉਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਿੱਲਾਉਂਦੇ ਜਿਵੇਂ ਚੋਰ ਉੱਤੇ!
6 ੬ ਭਿਆਨਕ ਘਾਟੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਖੁੱਡਾਂ ਵਿੱਚ ਉਹ ਰਹਿੰਦੇ ਹਨ।
7 ੭ ਝਾੜੀਆਂ ਦੇ ਵਿੱਚ ਉਹ ਹੀਂਗਦੇ ਹਨ, ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ।
8 ੮ ਉਹ ਮੂਰਖ ਦੀ ਅੰਸ, ਸਗੋਂ ਬੇਨਾਮਾਂ ਦੀ ਅੰਸ ਹਨ, ਜੋ ਦੇਸ ਤੋਂ ਕੁੱਟ-ਕੁੱਟ ਕੇ ਕੱਢੇ ਗਏ ਹਨ।
9 ੯ ਅਤੇ ਹੁਣ ਮੈਂ ਉਹਨਾਂ ਦਾ ਗੀਤ ਹੋਇਆ ਹਾਂ, ਅਤੇ ਉਹ ਮੇਰੇ ਉੱਤੇ ਮਿਹਣੇ ਮਾਰਦੇ ਹਨ!
10 ੧੦ ਉਹ ਮੈਥੋਂ ਘਿਣ ਖਾਂਦੇ, ਉਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ,
11 ੧੧ ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਬਲਹੀਣ ਅਤੇ ਤੁੱਛ ਬਣਾਇਆ ਹੈ, ਇਸ ਲਈ ਉਹ ਮੇਰੇ ਅੱਗੇ ਬੇ-ਲਗ਼ਾਮ ਹੋ ਗਏ ਹਨ!
12 ੧੨ ਮੇਰੇ ਸੱਜੇ ਪਾਸੇ ਬਜ਼ਾਰੂ ਲੋਕ ਉੱਠਦੇ ਹਨ, ਉਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੈਨੂੰ ਨਾਸ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ।
13 ੧੩ ਜਿਹਨਾਂ ਦਾ ਕੋਈ ਸਹਾਇਕ ਨਹੀਂ ਉਹ ਮੇਰੇ ਰਾਹਾਂ ਨੂੰ ਵਿਗਾੜਦੇ ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ!
14 ੧੪ ਉਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਉਜਾੜ ਦੇ ਵਿੱਚੋਂ ਉਹ ਮੇਰੇ ਉੱਤੇ ਹਮਲਾ ਕਰਦੇ ਹਨ।
15 ੧੫ ਭੈਅ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਗੂੰ ਜਾਂਦੀ ਰਹੀ।
16 ੧੬ ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲ੍ਹਦੀ ਹੈ, ਦੁੱਖ ਦੇ ਦਿਨ ਮੈਨੂੰ ਫੜ੍ਹਦੇ ਹਨ।
17 ੧੭ ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।
18 ੧੮ ਵੱਡੇ ਜ਼ੋਰ ਨਾਲ ਉਹ ਮੇਰਾ ਰੂਪ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਗੂੰ ਉਹ ਮੈਨੂੰ ਜਕੜਦੀ ਹੈ।
19 ੧੯ ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ਼ ਵਰਗਾ ਹੋ ਗਿਆ ਹਾਂ!
20 ੨੦ ਮੈਂ ਤੇਰੇ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖੜ੍ਹਾ ਹੁੰਦਾ ਹਾਂ ਪਰ ਤੂੰ ਸਿਰਫ਼ ਮੇਰੇ ਵੱਲ ਝਾਕਦਾ ਹੈਂ।
21 ੨੧ ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ!
22 ੨੨ ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈਂ, ਅਤੇ ਮੈਨੂੰ ਤੂਫ਼ਾਨਾ ਵਿੱਚ ਘੋਲ ਦਿੰਦਾ ਹੈਂ,
23 ੨੩ ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੱਕ ਪਹੁੰਚਾਵੇਂਗਾ, ਅਤੇ ਉਸ ਵਾਸ ਤੱਕ ਜਿਹੜਾ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।
24 ੨੪ ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ?
25 ੨੫ ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸੀ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ?
26 ੨੬ ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਦ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਦ ਹਨ੍ਹੇਰਾ ਛਾ ਗਿਆ,
27 ੨੭ ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਾਏ ਹਨ!
28 ੨੮ ਮੇਰਾ ਸਰੀਰ ਕਾਲਾ ਪੈ ਗਿਆ ਪਰ ਧੁੱਪ ਦੇ ਕਾਰਨ ਨਹੀਂ, ਮੈਂ ਸਭਾ ਵਿੱਚ ਉੱਠ ਕੇ ਸਹਾਇਤਾ ਲਈ ਦੁਹਾਈ ਦਿੰਦਾ ਹਾਂ!
29 ੨੯ ਮੈਂ ਗਿੱਦੜਾਂ ਦਾ ਭਰਾ, ਅਤੇ ਸ਼ੁਤਰਮੁਰਗ ਦਾ ਸਾਥੀ ਹੋ ਗਿਆ ਹਾਂ,
30 ੩੦ ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ!
31 ੩੧ ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ।