< ਅੱਯੂਬ 27 >
1 ੧ ਅੱਯੂਬ ਨੇ ਤਰਕ ਦੇ ਕੇ ਆਖਿਆ,
2 ੨ “ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੇਰਾ ਨਿਆਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਨੇ ਮੇਰੀ ਜਾਨ ਨੂੰ ਕੌੜਾ ਕੀਤਾ!
3 ੩ ਜਿੰਨਾਂ ਚਿਰ ਮੇਰਾ ਪ੍ਰਾਣ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਸਾਹ ਮੇਰੀਆਂ ਨਾਸਾਂ ਵਿੱਚ ਹੈ,
4 ੪ ਮੇਰਾ ਮੂੰਹ ਬਦੀ ਦੀਆਂ ਗੱਲਾਂ ਨਾ ਕਰੇਗਾ, ਮੇਰੀ ਜੀਭ ਝੂਠ ਨਾ ਬੋਲੇਗੀ!
5 ੫ ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੱਕ ਆਪਣੀ ਖਰਿਆਈ ਨੂੰ ਨਾ ਛੱਡਾਂਗਾ।
6 ੬ ਮੈਂ ਆਪਣਾ ਧਰਮ ਤਕੜਾਈ ਨਾਲ ਫੜ੍ਹਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।
7 ੭ “ਮੇਰਾ ਵੈਰੀ ਦੁਸ਼ਟ ਵਾਂਗੂੰ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਗੂੰ ਹੋਵੇ।
8 ੮ ਜਦ ਪਰਮੇਸ਼ੁਰ ਭਗਤੀਹੀਣ ਦੀ ਜਾਨ ਲੈ ਲਵੇ ਤਦ ਉਸ ਨੂੰ ਕੀ ਆਸ ਹੈ ਅਤੇ ਉਸ ਦੇ ਕੁਧਰਮ ਨਾਲ ਇਕੱਠੇ ਕੀਤੇ ਮਾਲ ਨੂੰ ਵੀ ਲੈ ਲਵੇ?
9 ੯ ਜਦ ਦੁੱਖ ਉਹ ਦੇ ਉੱਤੇ ਆਵੇ ਤਾਂ ਕੀ ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ?
10 ੧੦ ਕੀ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ?
11 ੧੧ “ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਸ਼ਕਤੀ ਬਾਰੇ ਸਿਖਾਵਾਂਗਾ, ਜੋ ਕੁਝ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਵਿਖੇ ਹੈ, ਮੈਂ ਨਾ ਲੁਕਾਵਾਂਗਾ।
12 ੧੨ ਵੇਖੋ, ਤੁਸੀਂ ਸਾਰਿਆਂ ਨੇ ਇਸ ਨੂੰ ਵੇਖਿਆ ਹੈ ਫਿਰ ਤੁਸੀਂ ਕਿਉਂ ਨਿਕੰਮੀਆਂ ਗੱਲਾਂ ਕਰਦੇ ਹੋ?
13 ੧੩ “ਇਹ ਪਰਮੇਸ਼ੁਰ ਵੱਲੋਂ ਦੁਸ਼ਟਾਂ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ, ਜੋ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਤੋਂ ਲੈਂਦੇ ਹਨ, ਉਹ ਇਹੋ ਹੀ ਹੈ।
14 ੧੪ ਜੇਕਰ ਉਹ ਦੇ ਪੁੱਤਰ ਬਹੁਤੇ ਹੋ ਜਾਣ ਤਾਂ ਵੀ ਤਲਵਾਰ ਉਹਨਾਂ ਦਾ ਹਿੱਸਾ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ।
15 ੧੫ ਉਹ ਦੇ ਬਚੇ ਹੋਏ ਲੋਕ ਮਰ ਕੇ ਦਫ਼ਨਾਏ ਜਾਣਗੇ, ਅਤੇ ਉਹਨਾਂ ਦੀਆਂ ਵਿਧਵਾਵਾਂ ਨਾ ਰੋਣਗੀਆਂ।
16 ੧੬ ਜੇ ਉਹ ਧੂੜ ਵਾਂਗੂੰ ਚਾਂਦੀ ਦੇ ਢੇਰ ਲਾ ਲਵੇ, ਅਤੇ ਮਿੱਟੀ ਦੇ ਢੇਰਾਂ ਵਾਂਗੂੰ ਬਸਤਰ ਤਿਆਰ ਕਰੇ,
17 ੧੭ ਉਹ ਤਿਆਰ ਤਾਂ ਕਰਾਵੇਗਾ ਪਰ ਧਰਮੀ ਉਸ ਨੂੰ ਪਾਉਣਗੇ, ਅਤੇ ਉਹ ਦੀ ਚਾਂਦੀ ਬੇਦੋਸ਼ੇ ਆਪਸ ਵਿੱਚ ਵੰਡ ਲੈਣਗੇ।
18 ੧੮ ਉਹ ਆਪਣਾ ਘਰ ਮੱਕੜੀ ਵਾਂਗੂੰ ਬਣਾਉਂਦਾ ਹੈ, ਅਤੇ ਇੱਕ ਝੌਂਪੜੀ ਵਾਂਗੂੰ ਜਿਸ ਨੂੰ ਕੋਈ ਰਾਖ਼ਾ ਬਣਾਉਂਦਾ ਹੈ।
19 ੧੯ ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਉਹ ਅਜਿਹਾ ਨਹੀਂ ਰਹੇਗਾ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਦਾ ਕੁਝ ਰਹਿੰਦਾ ਹੀ ਨਹੀਂ,
20 ੨੦ ਭੈਅ ਹੜ੍ਹ ਵਾਂਗੂੰ ਉਹ ਦੇ ਉੱਤੇ ਆ ਪੈਂਦਾ ਹੈ, ਅਤੇ ਤੂਫ਼ਾਨ ਰਾਤ ਦੇ ਵੇਲੇ ਉਸ ਨੂੰ ਉਡਾ ਕੇ ਲੈ ਜਾਂਦਾ ਹੈ।
21 ੨੧ ਪੂਰਬੀ ਹਵਾ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਉਹ ਚਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਕੇ ਲੈ ਜਾਂਦੀ ਹੈ।
22 ੨੨ ਕਿਉਂਕਿ ਪਰਮੇਸ਼ੁਰ ਬਿਨ੍ਹਾਂ ਤਰਸ ਖਾਧੇ ਉਸ ਉੱਤੇ ਬਿਪਤਾ ਪਵੇਗਾ, ਉਹ ਉਸ ਦੇ ਹੱਥੋਂ ਨੱਠੇਗਾ।
23 ੨੩ ਲੋਕ ਉਸ ਦੇ ਉੱਤੇ ਤਾੜੀਆਂ ਵਜਾਉਣਗੇ, ਅਤੇ ਉਸ ਉੱਤੇ ਫੁੰਕਾਰਨਗੇ ਕਿ ਉਹ ਆਪ ਸਥਾਨ ਤੇ ਨਾ ਰਹਿ ਸਕੇਗਾ।”