< ਅੱਯੂਬ 15 >
1 ੧ ਤਦ ਅਲੀਫਾਜ਼ ਤੇਮਾਨੀ ਨੇ ਆਖਿਆ,
2 ੨ “ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ?
3 ੩ ਕੀ ਉਹ ਵਿਅਰਥ ਗੱਲਾਂ ਨਾਲ ਬਹਿਸ ਕਰੇ, ਜਾਂ ਅਵਿਰਥਾ ਬੋਲੇ?
4 ੪ ਪਰ ਤੂੰ ਪਰਮੇਸ਼ੁਰ ਦਾ ਭੈਅ ਮੰਨਣਾ ਛੱਡ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈਂ।
5 ੫ ਤੇਰਾ ਮੂੰਹ ਤੇਰੀ ਬਦੀ ਨੂੰ ਪ੍ਰਗਟ ਕਰਦਾ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਬੋਲਦਾ ਹੈਂ।
6 ੬ ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
7 ੭ “ਕੀ ਪਹਿਲਾ ਮਨੁੱਖ ਤੂੰ ਹੀ ਜੰਮਿਆ ਹੈਂ ਜਾਂ ਪਹਾੜਾਂ ਤੋਂ ਪਹਿਲਾਂ ਤੂੰ ਪੈਦਾ ਹੋਇਆ?
8 ੮ ਕੀ ਤੂੰ ਪਰਮੇਸ਼ੁਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈਂ, ਜਾਂ ਬੁੱਧ ਦਾ ਠੇਕਾ ਤੂੰ ਹੀ ਲੈ ਰੱਖਿਆ ਹੈ?
9 ੯ ਤੂੰ ਅਜਿਹਾ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਅਜਿਹੀ ਕਿਹੜੀ ਸਮਝ ਹੈ ਜੋ ਸਾਡੇ ਕੋਲ ਨਹੀਂ ਹੈ?
10 ੧੦ ਸਾਡੇ ਵਿੱਚ ਧੌਲਿਆਂ ਵਾਲੇ ਸਗੋਂ ਬਜ਼ੁਰਗ ਵੀ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।
11 ੧੧ ਕੀ ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਕੀਤੇ ਨਰਮੀ ਦੇ ਬਚਨ ਤੇਰੇ ਲਈ ਹਲਕੇ ਹਨ?
12 ੧੨ ਤੇਰਾ ਮਨ ਤੈਨੂੰ ਕਿਉਂ ਖਿੱਚੀ ਜਾਂਦਾ ਹੈ। ਤੂੰ ਅੱਖਾਂ ਨਾਲ ਇਸ਼ਾਰੇ ਕਿਉਂ ਕਰਦਾ ਹੈਂ?
13 ੧੩ ਕੀ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ, ਅਤੇ ਆਪਣੇ ਮੂੰਹ ਤੋਂ ਵਿਅਰਥ ਗੱਲਾਂ ਬਕਦਾ ਹੈਂ?
14 ੧੪ “ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ?
15 ੧੫ ਵੇਖੋ, ਉਹ ਆਪਣੇ ਪਵਿੱਤਰ ਜਨਾਂ ਉੱਤੇ ਵਿਸ਼ਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ,
16 ੧੬ ਭਲਾ, ਫੇਰ ਮਨੁੱਖ ਕੀ ਜੋ ਘਿਣਾਉਣਾ ਅਤੇ ਭਰਿਸ਼ਟ ਹੈ, ਜੋ ਬੁਰਿਆਈ ਨੂੰ ਪਾਣੀ ਵਾਂਗੂੰ ਪੀਂਦਾ ਹੈ?
17 ੧੭ “ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਸ ਨੂੰ ਮੈਂ ਵੇਖਿਆ ਉਹ ਦਾ ਵਰਨਣ ਮੈਂ ਕਰਦਾ ਹਾਂ,
18 ੧੮ ਆਪਣੇ ਪੁਰਖਿਆਂ ਤੋਂ ਸੁਣ ਕੇ, ਜੋ ਕੁਝ ਬੁੱਧਵਾਨਾਂ ਨੇ ਦੱਸਿਆ ਅਤੇ ਨਾ ਛੁਪਾਇਆ,
19 ੧੯ ਉਹਨਾਂ ਇੱਕਲਿਆਂ ਨੂੰ ਹੀ ਦੇਸ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ,
20 ੨੦ ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਸਾਲ ਗਿਣ ਕੇ ਰੱਖੇ ਹੋਏ ਹਨ।
21 ੨੧ ਭੈਅ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ, ਸ਼ਾਂਤੀ ਦੇ ਸਮੇਂ ਵੀ ਲੁਟੇਰਾ ਉਹਨਾਂ ਉੱਤੇ ਆ ਪੈਂਦਾ ਹੈ,
22 ੨੨ ਉਹ ਨੂੰ ਵਿਸ਼ਵਾਸ ਨਹੀਂ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ, ਅਤੇ ਤਲਵਾਰ ਉਹ ਨੂੰ ਉਡੀਕਦੀ ਹੈ।
23 ੨੩ ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਉਸ ਨੂੰ ਕਿੱਥੇ ਮਿਲੇਗੀ? ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੀ ਹੈ।
24 ੨੪ ਪੀੜ ਅਤੇ ਦੁੱਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਗੂੰ ਜੋ ਯੁੱਧ ਲਈ ਤਿਆਰ ਹੈ, ਉਹ ਉਸ ਉੱਤੇ ਪਰਬਲ ਹੁੰਦੇ ਹਨ,
25 ੨੫ ਕਿਉਂ ਜੋ ਉਸ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,
26 ੨੬ ਉਹ ਟੇਢੀ ਧੌਣ ਨਾਲ ਆਪਣੀ ਮੋਟੀਆਂ-ਮੋਟੀਆਂ ਨੋਕਦਾਰ ਢਾਲਾਂ ਵਿਖਾਉਂਦਾ ਹੋਇਆ ਘਮੰਡ ਨਾਲ ਉਸ ਉੱਤੇ ਦੌੜਦਾ ਹੈ।
27 ੨੭ “ਉਸ ਨੇ ਆਪਣਾ ਚਿਹਰਾ ਚਰਬੀ ਨਾਲ ਢੱਕ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤੈਹਾਂ ਜਮਾਈਆਂ ਹਨ,
28 ੨੮ ਉਹ ਉੱਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਵੱਸਦਾ, ਜਿਹੜੇ ਖੰਡਰ ਹੋਣ ਲਈ ਛੱਡ ਦਿੱਤੇ ਗਏ ਹਨ।
29 ੨੯ ਉਹ ਧਨੀ ਨਾ ਹੋਵੇਗਾ ਨਾ ਉਹ ਦਾ ਮਾਲ ਬਣਿਆ ਰਹੇਗਾ, ਨਾ ਉਸ ਦੀ ਉਪਜ ਧਰਤੀ ਵੱਲ ਝੁਕੇਗੀ।
30 ੩੦ ਉਹ ਹਨੇਰੇ ਤੋਂ ਨਾ ਨਿੱਕਲੇਗਾ, ਲਾਟਾਂ ਉਸ ਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ, ਅਤੇ ਪਰਮੇਸ਼ੁਰ ਦੇ ਮੂੰਹ ਦੇ ਸਾਹ ਨਾਲ ਉਹ ਜਾਂਦਾ ਰਹੇਗਾ।
31 ੩੧ ਉਹ ਵਿਅਰਥ ਗੱਲਾਂ ਉੱਤੇ ਭਰੋਸਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ ਕਿਉਂ ਜੋ ਉਸ ਦਾ ਬਦਲਾ ਵਿਅਰਥ ਹੀ ਹੋਵੇਗਾ।
32 ੩੨ ਉਹ ਆਪਣੇ ਦਿਨ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੇਗੀ।
33 ੩੩ ਦਾਖ ਦੀ ਕੱਚੀ ਵੇਲ ਵਾਂਗੂੰ ਉਸ ਦੇ ਫਲ ਝੜ ਜਾਣਗੇ ਅਤੇ ਜ਼ੈਤੂਨ ਦੇ ਫੁੱਲ ਵਾਂਗੂੰ ਉਸ ਦੇ ਫੁੱਲ ਡਿੱਗ ਪੈਣਗੇ।
34 ੩੪ ਅਧਰਮੀਆਂ ਦੀ ਮੰਡਲੀ ਬਾਂਝ ਹੁੰਦੀ ਹੈ, ਅਤੇ ਅੱਗ ਰਿਸ਼ਵਤ ਲੈਣ ਵਾਲਿਆਂ ਦੇ ਡੇਰਿਆਂ ਨੂੰ ਭਸਮ ਕਰ ਦਿੰਦੀ ਹੈ।
35 ੩੫ ਉਨ੍ਹਾਂ ਦੇ ਗਰਭ ਵਿੱਚ ਮੁਸੀਬਤ ਪੈਂਦੀ ਹੈ ਅਤੇ ਉਹ ਬਦੀ ਨੂੰ ਜਨਮ ਦਿੰਦੇ ਹਨ, ਉਨ੍ਹਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ।”