< ਯਿਰਮਿਯਾਹ 51 >
1 ੧ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ, ਬਾਬਲ ਦੇ ਵਿਰੁੱਧ, ਲੇਬ-ਕਾਮਾਈ ਦੇ ਵਿਰੁੱਧ।
2 ੨ ਮੈਂ ਬਾਬਲ ਲਈ ਉਡਾਵੇ ਘੱਲਾਂਗਾ, ਉਹ ਉਸ ਨੂੰ ਉਡਾਉਣਗੇ, ਉਹ ਦੇਸ ਨੂੰ ਸੱਖਣਾ ਕਰਨਗੇ, ਜਦ ਉਹ ਆਲਿਓਂ-ਦੁਆਲਿਓਂ ਉਸ ਦੇ ਵਿਰੁੱਧ, ਉਸ ਦੀ ਬਿਪਤਾ ਦੇ ਦਿਨ ਹੋਣਗੇ।
3 ੩ ਤੀਰ-ਅੰਦਾਜ਼ ਆਪਣਾ ਧਣੁੱਖ ਤੀਰ-ਅੰਦਾਜ਼ ਦੇ ਵਿਰੁੱਧ ਚੜ੍ਹਾਵੇ, ਅਤੇ ਉਸ ਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਚੁੱਕਦਾ ਹੈ, ਤੁਸੀਂ ਉਸ ਦੇ ਜੁਆਨਾਂ ਦਾ ਸਰਫ਼ਾ ਨਾ ਕਰੋ, ਉਸ ਦੀ ਸਾਰੀ ਸੈਨਾਂ ਦਾ ਸੱਤਿਆ ਨਾਸ ਕਰ ਦਿਓ!
4 ੪ ਉਹ ਮਾਰੇ ਜਾ ਕੇ ਕਸਦੀਆਂ ਦੇ ਦੇਸ ਵਿੱਚ ਡਿੱਗਣਗੇ, ਵਿੰਨ੍ਹੇ ਹੋਏ ਉਸ ਦੀਆਂ ਗਲੀਆਂ ਵਿੱਚ।
5 ੫ ਕਿਉਂ ਜੋ ਇਸਰਾਏਲ ਅਤੇ ਯਹੂਦਾਹ, ਸੈਨਾਂ ਦੇ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਤਿਆਗੇ ਨਾ ਗਏ, ਭਾਵੇਂ ਉਹਨਾਂ ਦਾ ਦੇਸ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ।
6 ੬ ਬਾਬਲ ਦੇ ਵਿਚਕਾਰੋਂ ਨੱਠੋ, ਹਰੇਕ ਮਨੁੱਖ ਆਪਣੀ ਜਾਨ ਬਚਾਵੇ! ਉਸ ਦੀ ਬਦੀ ਵਿੱਚ ਮਾਰੇ ਨਾ ਜਾਓ, ਕਿਉਂ ਜੋ ਇਹ ਯਹੋਵਾਹ ਦੇ ਬਦਲੇ ਦਾ ਵੇਲਾ ਹੈ, ਉਹ ਉਸ ਨੂੰ ਵੱਟਾ ਦੇਵੇਗਾ।
7 ੭ ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ, ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ, ਕੌਮਾਂ ਨੇ ਉਸ ਦੀ ਮਧ ਪੀਤੀ ਇਸ ਲਈ ਕੌਮਾਂ ਖੀਵੀਆਂ ਹੋ ਗਈਆਂ।
8 ੮ ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ, ਉਸ ਦੇ ਉੱਤੇ ਰੋਵੋ! ਉਸ ਦੇ ਦੁੱਖ ਲਈ ਬਲਸਾਨ ਲਓ, ਸ਼ਾਇਦ ਉਹ ਚੰਗਾ ਹੋ ਜਾਵੇ।
9 ੯ ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸੀ, ਪਰ ਉਹ ਚੰਗਾ ਨਾ ਹੋਇਆ। ਤੁਸੀਂ ਉਸ ਨੂੰ ਛੱਡੋ, ਆਓ, ਅਸੀਂ ਹਰੇਕ ਆਪਣੇ ਦੇਸ ਨੂੰ ਤੁਰ ਚੱਲੀਏ, ਕਿਉਂ ਜੋ ਉਸ ਦਾ ਨਿਆਂ ਅਕਾਸ਼ ਦੇ ਨੇੜੇ ਪਹੁੰਚਿਆ, ਅਤੇ ਬੱਦਲਾਂ ਤੱਕ ਉੱਠ ਗਿਆ ਹੈ।
10 ੧੦ ਯਹੋਵਾਹ ਨੇ ਸਾਡੇ ਧਰਮ ਨੂੰ ਪਰਗਟ ਕੀਤਾ ਹੈ, ਆਓ, ਸੀਯੋਨ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੰਮ ਦਾ ਵਰਣਨ ਕਰੀਏ।
11 ੧੧ ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ! ਯਹੋਵਾਹ ਨੇ ਮਾਦੀ ਰਾਜਿਆਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਇਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ!
12 ੧੨ ਬਾਬਲ ਦੀ ਸ਼ਹਿਰਪਨਾਹ ਦੇ ਵਿਰੁੱਧ ਝੰਡਾ ਖੜਾ ਕਰੋ, ਪਹਿਰੇ ਨੂੰ ਤਕੜਾ ਕਰੋ, ਪਹਿਰੇਦਾਰ ਨੂੰ ਕਾਇਮ ਕਰੋ, ਘਾਤ ਦੇ ਥਾਂ ਤਿਆਰ ਕਰੋ, ਕਿਉਂ ਜੋ ਯਹੋਵਾਹ ਨੇ ਮਤਾ ਪਕਾਇਆ ਸੋ ਕੀਤਾ ਵੀ, ਜਿਹੜਾ ਉਹ ਬਾਬਲ ਦੇ ਵਾਸੀਆਂ ਦੇ ਬਾਰੇ ਬੋਲਿਆ ਸੀ।
13 ੧੩ ਬਹੁਤਿਆਂ ਖ਼ਜ਼ਾਨਿਆਂ ਵਾਲੀਏ, ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵੱਸਦੀ ਹੈਂ, ਤੇਰਾ ਅੰਤ ਆ ਗਿਆ, ਤੇਰੀ ਮਾਰ-ਧਾੜ ਦਾ ਹਾੜਾ ਭਰ ਗਿਆ।
14 ੧੪ ਸੈਨਾਂ ਦੇ ਯਹੋਵਾਹ ਨੇ ਆਪਣੀ ਜਾਨ ਦੀ ਸਹੁੰ ਖਾਧੀ ਹੈ, ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾ ਵਾਂਗੂੰ ਭਰ ਦਿਆਂਗਾ, ਉਹ ਤੇਰੇ ਉੱਤੇ ਫਤਹ ਦਾ ਨਾਰਾ ਮਾਰਨਗੇ!
15 ੧੫ ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ।
16 ੧੬ ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਬਣਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।
17 ੧੭ ਹਰੇਕ ਆਦਮੀ ਪਸ਼ੂ ਜਿਹਾ ਵਹਿਸ਼ੀ ਅਤੇ ਗਿਆਨਹੀਣ ਹੋ ਗਿਆ ਹੈ, ਹਰੇਕ ਸਰਾਫ਼ ਆਪਣੀ ਮੂਰਤ ਤੋਂ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਉਸ ਦੇ ਵਿੱਚ ਸਾਹ ਨਹੀਂ।
18 ੧੮ ਉਹ ਫੋਕੇ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ।
19 ੧੯ ਯਾਕੂਬ ਦਾ ਹਿੱਸਾ ਉਹਨਾਂ ਵਰਗਾ ਨਹੀਂ, ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਣਹਾਰ ਹੈ, ਉਹ ਉਸ ਦੀ ਮਿਲਖ਼ ਦਾ ਗੋਤ ਹੈ, - ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ।
20 ੨੦ ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈਂ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ।
21 ੨੧ ਮੈਂ ਤੇਰੇ ਨਾਲ ਘੋੜੇ ਅਤੇ ਉਸ ਦੇ ਸਵਾਰ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਰਥ ਅਤੇ ਸਾਰਥੀ ਨੂੰ ਭੰਨ ਸੁੱਟਾਂਗਾ।
22 ੨੨ ਮੈਂ ਤੇਰੇ ਨਾਲ ਮਨੁੱਖ ਅਤੇ ਔਰਤ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਬੁੱਢੇ ਅਤੇ ਜੁਆਨ ਨੂੰ ਭੰਨ ਸੁੱਟਾਂਗਾ ਮੈਂ ਤੇਰੇ ਨਾਲ ਗੱਭਰੂ ਅਤੇ ਕੁਆਰੀ ਨੂੰ ਭੰਨ ਸੁੱਟਾਂਗਾ।
23 ੨੩ ਮੈਂ ਤੇਰੇ ਨਾਲ ਅਯਾਲੀ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਹਾਲ੍ਹੀ ਅਤੇ ਉਸ ਦੀ ਜੋਗ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਸੂਬੇਦਾਰ ਅਤੇ ਰਈਸਾਂ ਨੂੰ ਭੰਨ ਸੁੱਟਾਂਗਾ।
24 ੨੪ ਮੈਂ ਬਾਬਲ ਅਤੇ ਕਸਦੀਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰਿਆਈ ਦਾ ਜਿਹੜੀ ਉਹਨਾਂ ਸੀਯੋਨ ਵਿੱਚ ਤੁਹਾਡੇ ਵੇਖਦਿਆਂ ਕੀਤੀ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ।
25 ੨੫ ਵੇਖ, ਹੇ ਨਾਸ ਕਰਨ ਵਾਲੇ ਪਰਬਤ, ਮੈਂ ਤੇਰੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ, ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ੍ਹ ਦਿਆਂਗਾ, ਤੈਨੂੰ ਬਲਿਆ ਹੋਇਆ ਪਰਬਤ ਬਣਾ ਦਿਆਂਗਾ।
26 ੨੬ ਉਹ ਤੇਰੇ ਵਿੱਚੋਂ ਨਾ ਕੋਈ ਪੱਥਰ ਖੂੰਜੇ ਲਈ, ਨਾ ਕੋਈ ਪੱਥਰ ਨੀਹਾਂ ਲਈ ਲੈਣਗੇ, ਪਰ ਤੂੰ ਸਦਾ ਲਈ ਵਿਰਾਨ ਰਹੇਂਗਾ, ਯਹੋਵਾਹ ਦਾ ਵਾਕ ਹੈ।
27 ੨੭ ਤੁਸੀਂ ਦੇਸ ਵਿੱਚ ਝੰਡਾ ਖੜਾ ਕਰੋ, ਕੌਮਾਂ ਵਿੱਚ ਤੁਰ੍ਹੀ ਫੂਕੋ, ਕੌਮਾਂ ਨੂੰ ਉਸ ਦੇ ਵਿਰੁੱਧ ਤਿਆਰ ਕਰੋ, ਪਾਤਸ਼ਾਹੀਆਂ ਨੂੰ ਉਸ ਦੇ ਵਿਰੁੱਧ ਬੁਲਾਓ, ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਜ਼ ਨੂੰ, ਉਸ ਦੇ ਵਿਰੁੱਧ ਸੈਨਾਪਤੀ ਠਹਿਰਾਓ, ਵਾਲਾਂ ਵਾਲੀਆਂ ਸਲਾ ਵਾਂਗੂੰ ਘੋੜਿਆਂ ਨੂੰ ਚੜ੍ਹਾ ਲਿਆਓ!
28 ੨੮ ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ ਨੂੰ!
29 ੨੯ ਉਹ ਦੇਸ ਕੰਬਦਾ ਹੈ ਅਤੇ ਪੀੜਾਂ ਲੱਗੀਆਂ ਹੋਈਆਂ ਹਨ, ਕਿਉਂ ਜੋ ਯਹੋਵਾਹ ਦੇ ਪਰੋਜਨ ਬਾਬਲ ਦੇ ਵਿਰੁੱਧ ਕਾਇਮ ਹਨ, ਭਈ ਬਾਬਲ ਦੇ ਦੇਸ ਨੂੰ ਵਿਰਾਨ ਕਰੇ, ਜਿਸ ਦੇ ਵਿੱਚ ਕੋਈ ਨਾ ਵੱਸੇ।
30 ੩੦ ਬਾਬਲ ਦੇ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਹੈ, ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ, ਉਹਨਾਂ ਦੀ ਸੂਰਮਤਾਈ ਘੱਟ ਗਈ ਹੈ, ਉਹ ਔਰਤਾਂ ਵਾਂਗੂੰ ਹੋ ਗਏ, ਉਸ ਦੇ ਵਾਸ ਸੜ ਗਏ, ਉਸ ਦੇ ਅਰਲ ਤੋੜੇ ਗਏ।
31 ੩੧ ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ, ਅਤੇ ਇੱਕ ਦੱਸਣ ਵਾਲਾ ਦੂਜੇ ਦੱਸਣ ਵਾਲੇ ਨੂੰ ਮਿਲਣ ਲਈ ਨੱਠੇਗਾ, ਬਾਬਲ ਦੇ ਰਾਜਾ ਨੂੰ ਦੱਸਣ ਲਈ, ਭਈ ਉਹ ਦਾ ਸ਼ਹਿਰ ਹਰ ਪਾਸਿਓਂ ਲੈ ਲਿਆ ਗਿਆ।
32 ੩੨ ਪੱਤਣ ਵੀ ਖੋਹ ਲਏ ਗਏ, ਕਾਨੇ ਅੱਗ ਨਾਲ ਸਾੜੇ ਗਏ, ਅਤੇ ਯੋਧੇ ਘਬਰਾ ਗਏ!
33 ੩੩ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਕਹਿੰਦਾ ਹੈ, ਕਿ ਬਾਬਲ ਦੀ ਧੀ ਪਿੜ ਵਾਂਗੂੰ ਹੈ, ਉਸ ਵੇਲੇ ਜਦ ਗਾਹੁੰਦੇ ਹਨ, ਥੋੜਾ ਚਿਰ ਬਾਕੀ ਹੈ, ਕਿ ਉਸ ਦੀ ਫਸਲ ਦਾ ਵੇਲਾ ਆ ਜਾਵੇਗਾ।
34 ੩੪ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਮੈਨੂੰ ਭੱਖ ਲਿਆ, ਉਸ ਨੇ ਮੈਨੂੰ ਭੰਨ ਸੁੱਟਿਆ ਹੈ, ਉਸ ਨੇ ਮੈਨੂੰ ਇੱਕ ਸੱਖਣਾ ਭਾਂਡਾ ਕਰ ਦਿੱਤਾ ਹੈ, ਉਸ ਨੇ ਸਰਾਲ ਵਾਂਗੂੰ ਮੈਨੂੰ ਹੜੱਪ ਲਿਆ, ਉਸ ਨੇ ਆਪਣੇ ਢਿੱਡ ਨੂੰ ਮੇਰਿਆਂ ਪਦਾਰਥਾਂ ਨਾਲ ਭਰ ਲਿਆ, ਉਸ ਨੇ ਮੈਨੂੰ ਕੱਢ ਦਿੱਤਾ!
35 ੩੫ ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ! ਯਰੂਸ਼ਲਮ ਆਖੇਗੀ, ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ!
36 ੩੬ ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੇਰਾ ਮੁਕੱਦਮਾ ਆਪ ਲੜਾਂਗਾ, ਤੇਰਾ ਬਦਲਾ ਮੈਂ ਲਵਾਂਗਾ, ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦਿਆਂਗਾ, ਉਸ ਦੇ ਸੋਤੇ ਨੂੰ ਮੈਂ ਸੁਕਾ ਦਿਆਂਗਾ।
37 ੩੭ ਬਾਬਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਉਹ ਹੈਰਾਨੀ ਅਤੇ ਸੂੰ-ਸੂੰ ਦਾ ਕਾਰਨ ਹੋਵੇਗਾ, ਉੱਥੇ ਕੋਈ ਨਾ ਵੱਸੇਗਾ।
38 ੩੮ ਉਹ ਇਕੱਠੇ ਜੁਆਨ ਬੱਬਰ ਸ਼ੇਰਾਂ ਵਾਂਗੂੰ ਬੁੱਕਣਗੇ, ਉਹ ਸ਼ੇਰਨੀ ਦੇ ਬੱਚਿਆਂ ਵਾਂਗੂੰ ਗੁਰ ਗੁਰ ਕਰਨਗੇ।
39 ੩੯ ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਵਤ ਕਰਾਂਗਾ, ਭਈ ਉਹ ਖੀਵੇ ਹੋ ਜਾਣ ਅਤੇ ਖੁਸ਼ ਹੋਣ, ਸਦਾ ਦੀ ਨੀਂਦ ਸੌਂ ਜਾਣ, ਅਤੇ ਨਾ ਜਾਗਣ, ਯਹੋਵਾਹ ਦਾ ਵਾਕ ਹੈ।
40 ੪੦ ਮੈਂ ਉਹਨਾਂ ਨੂੰ ਲੇਲਿਆਂ ਵਾਂਗੂੰ ਮੇਂਢਿਆਂ ਅਤੇ ਬੱਕਰਿਆਂ ਵਾਂਗੂੰ ਘਾਤ ਹੋਣ ਲਈ ਹੇਠਾਂ ਲਾਹ ਲਿਆਵਾਂਗਾ।
41 ੪੧ ਸ਼ੇਸ਼ਕ ਕਿਵੇਂ ਲੈ ਲਿਆ ਗਿਆ, ਸਾਰੀ ਧਰਤੀ ਦੀ ਵਡਿਆਈ ਫੜੀ ਗਈ! ਬਾਬਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ।
42 ੪੨ ਬਾਬਲ ਉੱਤੇ ਸਮੁੰਦਰ ਚੜ੍ਹ ਗਿਆ, ਉਹ ਉਸ ਦੀਆਂ ਠਾਠਾਂ ਦੀ ਵਾਫ਼ਰੀ ਨਾਲ ਕੱਜਿਆ ਗਿਆ।
43 ੪੩ ਉਸ ਦੇ ਸ਼ਹਿਰ ਵਿਰਾਨ ਹੋ ਗਏ, ਉਹ ਧਰਤੀ ਸੁੱਕੀ ਅਤੇ ਥਲ ਹੋ ਗਈ, ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵੱਸਦਾ, ਜਿਹ ਦੇ ਵਿੱਚੋਂ ਦੀ ਆਦਮ ਵੰਸ਼ ਨਹੀਂ ਲੰਘਦਾ।
44 ੪੪ ਮੈਂ ਬਾਬਲ ਵਿੱਚ ਬੇਲ ਉੱਤੇ ਸਜ਼ਾ ਲਾਵਾਂਗਾ, ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹੋਂ ਕੱਢਾਂਗਾ, ਕੌਮਾਂ ਫਿਰ ਉਸ ਦੀ ਵੱਲ ਨਾ ਵੱਗਣਗੀਆਂ, ਹਾਂ, ਬਾਬਲ ਦੀ ਕੰਧ ਢਾਹੀ ਜਾਵੇਗੀ!
45 ੪੫ ਹੇ ਮੇਰੀ ਪਰਜਾ, ਉਸ ਦੇ ਵਿਚਕਾਰੋਂ ਨਿੱਕਲ ਜਾ, ਹਰ ਮਨੁੱਖ ਯਹੋਵਾਹ ਦੇ ਤੇਜ ਕ੍ਰੋਧ ਤੋਂ ਆਪਣੀ ਜਾਨ ਬਚਾਵੇ!
46 ੪੬ ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ ਦੇ ਅਵਾਈਆਂ ਦੇ ਸੁਣਨ ਕਰਕੇ, - ਇੱਕ ਸਾਲ ਇੱਕ ਅਫ਼ਵਾਹ ਆਉਂਦੀ ਹੈ, ਉਹ ਦੇ ਪਿੱਛੋਂ ਦੂਜੇ ਸਾਲ ਹੋਰ ਅਫ਼ਵਾਹ, ਦੇਸ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ।
47 ੪੭ ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਜਦ ਮੈਂ ਬਾਬਲ ਦੀਆਂ ਘੜ੍ਹੀਆਂ ਹੋਈਆਂ ਮੂਰਤਾਂ ਉੱਤੇ ਸਜ਼ਾ ਲਿਆਵਾਂਗਾ, ਉਹ ਦਾ ਸਾਰਾ ਦੇਸ ਸ਼ਰਮਿੰਦਾ ਹੋ ਜਾਵੇਗਾ, ਉਸ ਦੇ ਸਾਰੇ ਵੱਢੇ ਹੋਏ ਉਸ ਦੇ ਵਿਚਕਾਰ ਡਿੱਗ ਪੈਣਗੇ।
48 ੪੮ ਤਦ ਅਕਾਸ਼ ਅਤੇ ਧਰਤੀ, ਅਤੇ ਸਭ ਜੋ ਉਹ ਦੇ ਵਿੱਚ ਹੈ, ਬਾਬਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਲੁੱਟਣ ਵਾਲਾ ਉੱਤਰ ਵੱਲੋਂ ਉਸ ਦੇ ਵਿਰੁੱਧ ਆਵੇਗਾ, ਯਹੋਵਾਹ ਦਾ ਵਾਕ ਹੈ।
49 ੪੯ ਜਿਵੇਂ ਬਾਬਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਤਿਵੇਂ ਸਾਰੇ ਦੇਸ ਦੇ ਵੱਢੇ ਹੋਏ ਬਾਬਲ ਲਈ ਡਿੱਗਣਗੇ!
50 ੫੦ ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਸੀਂ ਜਾਓ ਅਤੇ ਨਾ ਖਲੋਵੋ! ਯਹੋਵਾਹ ਨੂੰ ਦੂਰੋਂ ਯਾਦ ਕਰੋ, ਯਰੂਸ਼ਲਮ ਤੁਹਾਡੇ ਦਿਲਾਂ ਉੱਤੇ ਆਵੇ।
51 ੫੧ ਅਸੀਂ ਸ਼ਰਮਿੰਦੇ ਹਾਂ ਕਿਉਂ ਜੋ ਅਸੀਂ ਤਾਹਨੇ ਸੁਣੇ ਹਨ, ਨਮੋਸ਼ੀ ਨੇ ਸਾਡੇ ਮੂੰਹਾਂ ਨੂੰ ਕੱਜ ਦਿੱਤਾ ਹੈ, ਕਿਉਂ ਜੋ ਯਹੋਵਾਹ ਦੇ ਭਵਨ ਦੇ ਪਵਿੱਤਰ ਸਥਾਨਾਂ ਉੱਤੇ ਪਰਾਏ ਆ ਗਏ ਹਨ!
52 ੫੨ ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਜਦ ਮੈਂ ਉਸ ਦੀਆਂ ਘੜ੍ਹੀਆਂ ਹੋਈਆਂ ਮੂਰਤਾਂ ਦੀ ਖ਼ਬਰ ਲਵਾਂਗਾ, ਉਸ ਦੇ ਸਾਰੇ ਦੇਸ ਵਿੱਚ ਵੱਢੇ ਹੋਏ ਹੂੰਗਣਗੇ!
53 ੫੩ ਭਾਵੇਂ ਬਾਬਲ ਅਕਾਸ਼ ਉੱਤੇ ਚੜ੍ਹ ਜਾਵੇ, ਭਾਵੇਂ ਉਹ ਆਪਣੇ ਬਲਵੰਤ ਉਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ, ਯਹੋਵਾਹ ਦਾ ਵਾਕ ਹੈ।
54 ੫੪ ਬਾਬਲ ਵਿੱਚ ਚਿੱਲਾਉਣ ਦੀ, ਕਸਦੀਆਂ ਦੇ ਦੇਸ ਵਿੱਚੋਂ ਵੱਡੇ ਭੰਨ ਤੋੜ ਦੀ ਅਵਾਜ਼ ਆਉਂਦੀ ਹੈ!
55 ੫੫ ਯਹੋਵਾਹ ਤਾਂ ਬਾਬਲ ਨੂੰ ਵਿਰਾਨ ਕਰ ਰਿਹਾ ਹੈ, ਉਸ ਦੇ ਵਿੱਚੋਂ ਵੱਡੀ ਆਵਾਜ਼ ਨੂੰ ਮਿਟਾਉਂਦਾ ਹੈ, ਉਸ ਦੀਆਂ ਠਿੱਲਾਂ ਬਹੁਤਿਆਂ ਪਾਣੀਆਂ ਵਾਂਗੂੰ ਗੱਜਦੀਆਂ ਹਨ, ਉਹਨਾਂ ਦੀ ਅਵਾਜ਼ ਦਾ ਸ਼ੋਰ ਉਠਾਇਆ ਗਿਆ ਹੈ।
56 ੫੬ ਬਰਬਾਦ ਕਰਨ ਵਾਲਾ ਉਸ ਦੇ ਉੱਤੇ, ਬਾਬਲ ਦੇ ਉੱਤੇ, ਆ ਗਿਆ ਹੈ, ਉਸ ਦੇ ਸੂਰਮੇ ਫੜੇ ਗਏ, ਉਹਨਾਂ ਦੇ ਧਣੁੱਖ ਤੋੜੇ ਜਾਂਦੇ ਹਨ, ਯਹੋਵਾਹ ਤਾਂ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਉਹ ਜ਼ਰੂਰ ਬਦਲਾ ਲਵੇਗਾ!
57 ੫੭ ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ, ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ।
58 ੫੮ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬਾਬਲ ਦੀ ਚੌੜੀ ਸ਼ਹਿਰਪਨਾਹ ਮੁੱਢੋਂ ਢਾਹੀ ਜਾਵੇਗੀ, ਉਸ ਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ, ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ, ਅਤੇ ਉੱਮਤਾਂ ਕੇਵਲ ਅੱਗ ਲਈ ਥੱਕ ਜਾਣਗੀਆਂ।
59 ੫੯ ਇਹ ਉਹ ਬਚਨ ਹੈ ਜਿਹ ਦਾ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੋਤੇ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਹੁਕਮ ਦਿੱਤਾ ਜਦ ਉਹ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਉਹ ਦੀ ਪਾਤਸ਼ਾਹੀ ਦੇ ਚੌਥੇ ਸਾਲ ਬਾਬਲ ਨੂੰ ਗਿਆ। ਸਰਾਯਾਹ ਵੱਡਾ ਮੋਦੀ ਸੀ
60 ੬੦ ਯਿਰਮਿਯਾਹ ਨੇ ਉਹ ਸਾਰੀ ਬੁਰਿਆਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ ਅਰਥਾਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਬਾਰੇ ਲਿਖੀਆਂ ਗਈਆਂ ਸਨ
61 ੬੧ ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, ਜਦ ਤੂੰ ਬਾਬਲ ਵਿੱਚ ਆਵੇਂਗਾ ਤਾਂ ਵੇਖੀਂ ਕਿ ਤੂੰ ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹੇਂ
62 ੬੨ ਤਾਂ ਤੂੰ ਆਖੀਂ, ਹੇ ਯਹੋਵਾਹ, ਤੂੰ ਇਸ ਸਥਾਨ ਦੀ ਬਰਬਾਦੀ ਲਈ ਗੱਲ ਕੀਤੀ ਸੀ ਭਈ ਇਹ ਦੇ ਵਿੱਚ ਕੋਈ ਨਾ ਵੱਸੇਗਾ ਆਦਮੀ ਤੋਂ ਡੰਗਰ ਤੱਕ, ਕਿਉਂ ਜੋ ਇਹ ਸਦਾ ਲਈ ਵਿਰਾਨ ਹੋਵੇਗਾ
63 ੬੩ ਜਦ ਤੂੰ ਇਸ ਪੋਥੀ ਨੂੰ ਪੜ੍ਹ ਲਵੇਂ ਤਾਂ ਤੂੰ ਇਹ ਦੇ ਨਾਲ ਇੱਕ ਪੱਥਰ ਬੰਨ੍ਹੀਂ ਅਤੇ ਫ਼ਰਾਤ ਵਿੱਚ ਸੁੱਟ ਦੇਵੀਂ
64 ੬੪ ਤਾਂ ਤੂੰ ਆਖੀਂ, ਬਾਬਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇਥੋਂ ਤੱਕ ਹਨ।