< ਯਿਰਮਿਯਾਹ 46 >
1 ੧ ਯਹੋਵਾਹ ਦਾ ਬਚਨ ਜਿਹੜਾ ਕੌਮਾਂ ਦੇ ਬਾਰੇ ਯਿਰਮਿਯਾਹ ਨਬੀ ਨੂੰ ਆਇਆ।
2 ੨ ਮਿਸਰ ਲਈ। ਮਿਸਰ ਦੇ ਰਾਜੇ ਫ਼ਿਰਊਨ ਨਕੋਹ ਦੀ ਫੌਜ ਦੇ ਬਾਰੇ ਜਿਹੜੀ ਕਰਕਮੀਸ਼ ਵਿੱਚ ਦਰਿਆ ਫ਼ਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਫਤਹ ਕਰ ਲਿਆ ਸੀ, -
3 ੩ ਸਿਪਰ ਅਤੇ ਢਾਲ਼ ਤਿਆਰ ਕਰੋ, ਲੜਾਈ ਲਈ ਨੇੜੇ ਆਓ!
4 ੪ ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋ!
5 ੫ ਮੈਂ ਇਹ ਕਿਉਂ ਵੇਖਿਆ? ਉਹ ਘਬਰਾਏ ਹੋਏ ਹਨ, ਅਤੇ ਪਿਛਾਹਾਂ ਨੂੰ ਮੁੜੇ ਹਨ। ਉਹਨਾਂ ਦੇ ਸੂਰਮੇ ਮਾਰੇ ਗਏ ਹਨ, ਉਹ ਛੇਤੀ ਨਾਲ ਨੱਠ ਗਏ, ਉਹ ਪਿੱਛੇ ਨਹੀਂ ਵੇਖਦੇ, - ਆਲੇ-ਦੁਆਲੇ ਭੈਅ ਹੈ! ਯਹੋਵਾਹ ਦਾ ਵਾਕ ਹੈ।
6 ੬ ਛੋਹਲਾ ਨਾ ਨੱਠੇ, ਨਾ ਸੂਰਮਾ ਬਚੇ, - ਉੱਤਰ ਵਲ ਦਰਿਆ ਫ਼ਰਾਤ ਦੇ ਕੰਢੇ ਉੱਤੇ ਉਹਨਾਂ ਨੇ ਠੋਕਰ ਖਾਧੀ ਅਤੇ ਡਿੱਗ ਪਏ।
7 ੭ ਉਹ ਕੌਣ ਹੈ ਜਿਹੜਾ ਨੀਲ ਨਦੀ ਵਾਂਗੂੰ ਉੱਛਲਦਾ ਹੈ, ਨਦੀਆਂ ਵਾਂਗੂੰ ਜਿਹਨਾਂ ਦੇ ਪਾਣੀ ਠਾਠਾਂ ਮਾਰਦੇ ਹਨ?
8 ੮ ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਨਦੀਆਂ ਵਾਂਗੂੰ ਉਹ ਦੇ ਪਾਣੀ ਉੱਛਲਦੇ ਹਨ। ਉਸ ਆਖਿਆ, ਮੈਂ ਉੱਛਲਾਂਗਾ, ਮੈਂ ਧਰਤੀ ਨੂੰ ਢੱਕ ਲਵਾਂਗਾ, ਮੈਂ ਸ਼ਹਿਰ ਨੂੰ, ਉਹਨਾਂ ਦੇ ਵਾਸੀਆਂ ਨੂੰ ਨਾਸ ਕਰਾਂਗਾ!
9 ੯ ਹੇ ਘੋੜਿਓ, ਉਤਾਹਾਂ ਜਾਓ, ਹੇ ਰਥੋ, ਢਿਲਕਦੇ ਫਿਰੋ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਪੂਟੀ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ।
10 ੧੦ ਉਹ ਸੈਨਾਂ ਦੇ ਪ੍ਰਭੂ ਯਹੋਵਾਹ ਦਾ ਦਿਨ ਹੈ, ਇੱਕ ਬਦਲਾ ਲੈਣ ਦਾ ਦਿਨ, ਭਈ ਉਹ ਆਪਣੇ ਵਿਰੋਧੀਆਂ ਤੋਂ ਬਦਲਾ ਲਵੇ। ਤਲਵਾਰ ਖਾ ਕੇ ਰੱਜੇਗੀ, ਅਤੇ ਉਹਨਾਂ ਦੇ ਲਹੂ ਨਾਲ ਮਸਤ ਹੋਵੇਗੀ, ਕਿਉਂ ਜੋ ਸੈਨਾਂ ਦੇ ਪ੍ਰਭੂ ਯਹੋਵਾਹ ਲਈ ਇੱਕ ਬਲੀ ਹੈ, ਉੱਤਰ ਦੇਸ ਵਿੱਚ ਫ਼ਰਾਤ ਦਰਿਆ ਕੋਲ।
11 ੧੧ ਗਿਲਆਦ ਨੂੰ ਚੜ੍ਹ ਜਾ ਅਤੇ ਬਲਸਾਨ ਲੈ, ਹੇ ਮਿਸਰ ਦੀਏ ਕੁਆਰੀਏ ਧੀਏ! ਤੂੰ ਏਵੇਂ ਬਹੁਤੀਆਂ ਦਵਾਈਆਂ ਵਰਤਦੀ ਹੈਂ, ਤੂੰ ਚੰਗੀ ਨਾ ਹੋਵੇਂਗੀ।
12 ੧੨ ਕੌਮਾਂ ਨੇ ਤੇਰੀ ਸ਼ਰਮ ਨੂੰ ਸੁਣਿਆ, ਧਰਤੀ ਤੇਰੀ ਦੁਹਾਈ ਨਾਲ ਭਰ ਗਈ। ਸੂਰਮੇ ਨੇ ਸੂਰਮੇ ਨਾਲ ਠੋਕਰ ਖਾਧੀ, ਉਹ ਦੋਵੇਂ ਇਕੱਠੇ ਡਿੱਗ ਪਏ।
13 ੧੩ ਉਹ ਬਚਨ ਜਿਹੜਾ ਯਹੋਵਾਹ ਯਿਰਮਿਯਾਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਬਾਰੇ ਬੋਲਿਆ ਕਿ ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ, -
14 ੧੪ ਮਿਸਰ ਵਿੱਚ ਦੱਸੋ, ਮਿਗਦੋਲ ਵਿੱਚ ਸੁਣਾਓ, ਨੋਫ਼ ਵਿੱਚ ਅਤੇ ਤਹਪਨਹੇਸ ਵਿੱਚ ਵੀ ਸੁਣਾਓ, ਆਖੋ, ਖਲੋ ਜਾਓ ਅਤੇ ਤਿਆਰ ਰਹੋ, ਕਿਉਂ ਜੋ ਤਲਵਾਰ ਤੇਰੇ ਆਲਿਓਂ-ਦੁਆਲਿਓਂ ਖਾ ਲਵੇਗੀ!
15 ੧੫ ਤੇਰੇ ਜ਼ੋਰਾਵਰ ਕਿਉਂ ਹੂੰਝੇ ਗਏ? ਉਹ ਖੜੇ ਨਾ ਰਹੇ, ਯਹੋਵਾਹ ਨੇ ਉਹਨਾਂ ਨੂੰ ਦਫ਼ਾ ਜੋ ਕਰ ਦਿੱਤਾ।
16 ੧੬ ਉਸ ਨੇ ਬਹੁਤਿਆਂ ਨੂੰ ਠੋਕਰ ਖੁਆਈ, ਹਰ ਮਨੁੱਖ ਆਪਣੇ ਸਾਥੀ ਉੱਤੇ ਡਿੱਗਿਆ, ਉਹਨਾਂ ਨੇ ਆਖਿਆ, ਉੱਠੀਏ, ਅਸੀਂ ਆਪਣੇ ਲੋਕਾਂ ਕੋਲ ਅਤੇ ਆਪਣੀ ਜਨਮ ਭੂਮੀ ਨੂੰ ਸਤਾਉਣ ਵਾਲੀ ਤਲਵਾਰ ਦੇ ਕਾਰਨ ਮੁੜ ਚੱਲੀਏ।
17 ੧੭ ਉਹਨਾਂ ਨੇ ਉੱਥੇ ਪੁਕਾਰਿਆ ਕਿ ਮਿਸਰ ਦਾ ਰਾਜਾ ਫ਼ਿਰਊਨ ਸ਼ੋਰ ਹੀ ਹੈ! ਉਸ ਨੇ ਮਿਥੇ ਹੋਏ ਵੇਲੇ ਨੂੰ ਲੰਘਣ ਦਿੱਤਾ।
18 ੧੮ ਮੈਨੂੰ ਆਪਣੀ ਹਯਾਤੀ ਦੇ ਸਹੁੰ, ਰਾਜਾ ਦਾ ਵਾਕ ਹੈ, ਉਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਨਿਸੰਗ ਜਿਵੇਂ ਪਹਾੜਾਂ ਵਿੱਚ ਤਾਬੋਰ, ਅਤੇ ਜਿਵੇਂ ਸਮੁੰਦਰ ਕੋਲ ਕਰਮਲ, ਓਵੇਂ ਉਹ ਆਵੇਗਾ।
19 ੧੯ ਗ਼ੁਲਾਮੀ ਲਈ ਆਪਣਾ ਲਕਾ ਤੁਕਾ ਤਿਆਰ ਕਰ, ਹੇ ਮਿਸਰ ਦੀਏ ਵਸਨੀਕ ਧੀਏ! ਕਿਉਂ ਜੋ ਨੋਫ਼ ਵਿਰਾਨ ਹੋਵੇਗਾ, ਉਹ ਭਸਮ ਕੀਤਾ ਜਾਵੇਗਾ, ਜਿਹ ਦੇ ਵਿੱਚ ਕੋਈ ਨਾ ਵੱਸੇਗਾ।
20 ੨੦ ਮਿਸਰ ਇੱਕ ਬਹੁਤ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਮੱਖ ਉਸ ਉੱਤੇ ਲਗਾ ਆਉਂਦਾ ਹੈ।
21 ੨੧ ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵੱਛਿਆਂ ਵਾਂਗੂੰ ਹਨ। ਹਾਂ, ਉਹ ਮੁੜ ਕੇ ਇਕੱਠੇ ਨੱਠ ਗਏ, ਉਹ ਖਲੋ ਨਾ ਸਕੇ, ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਉਹਨਾਂ ਉੱਤੇ ਆਇਆ ਹੈ, ਉਹਨਾਂ ਦੀ ਸਜ਼ਾ ਦਾ ਸਮਾਂ।
22 ੨੨ ਉਹ ਦੀ ਅਵਾਜ਼ ਸੱਪ ਵਾਂਗੂੰ ਉੱਠੇਗੀ, ਉਹ ਫੌਜ ਨਾਲ ਆਉਣਗੇ, ਉਹ ਉਸ ਦੇ ਉੱਤੇ ਲੱਕੜਹਾਰਿਆਂ ਵਾਂਗੂੰ ਕੁਹਾੜਿਆਂ ਨਾਲ ਆਉਣਗੇ!
23 ੨੩ ਉਹ ਉਸ ਦੇ ਜੰਗਲ ਵੱਢ ਸੁੱਟਣਗੇ, ਯਹੋਵਾਹ ਦਾ ਵਾਕ ਹੈ, ਭਾਵੇਂ ਉਹ ਦੀ ਮਿਣਤੀ ਨਾ ਹੋ ਸਕੇ, ਕਿਉਂ ਜੋ ਉਹ ਸਲਾ ਨਾਲੋਂ ਬਹੁਤ ਵਧੀਕ ਹਨ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ।
24 ੨੪ ਮਿਸਰ ਦੀ ਧੀ ਲੱਜਿਆਵਾਨ ਹੋਵੇਗੀ, ਉਹ ਉੱਤਰ ਵੱਲ ਦੇ ਲੋਕਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ।
25 ੨੫ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਵੇਖੋ, ਮੈਂ ਨੋ ਦੇ ਆਮੋਨ ਦੀ, ਫ਼ਿਰਊਨ ਦੀ, ਮਿਸਰ ਦੀ, ਉਹ ਦੇ ਦੇਵਤਿਆਂ ਦੀ, ਉਹ ਦੇ ਰਾਜਿਆਂ ਦੀ, ਫ਼ਿਰਊਨ ਦੀ ਅਤੇ ਉਹਨਾਂ ਦੀ ਜਿਹੜੇ ਉਹ ਦਾ ਭਰੋਸਾ ਕਰਦੇ ਹਨ ਖ਼ਬਰ ਲੈਂਦਾ ਹਾਂ
26 ੨੬ ਮੈਂ ਉਹਨਾਂ ਨੂੰ ਉਹਨਾਂ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ, ਅਰਥਾਤ ਬਾਬਲ ਦੇ ਰਾਜਾ ਨਬੂਕਦਨੱਸਰ ਅਤੇ ਉਹ ਦੇ ਟਹਿਲੂਆਂ ਦੇ ਹੱਥ ਵਿੱਚ ਦਿਆਂਗਾ। ਇਸ ਦੇ ਪਿੱਛੋਂ ਉਹ ਅਜਿਹੀ ਅਬਾਦ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ, ਯਹੋਵਾਹ ਦਾ ਵਾਕ ਹੈ।
27 ੨੭ ਪਰ ਤੂੰ, ਹੇ ਯਾਕੂਬ ਮੇਰੇ ਦਾਸ, ਨਾ ਡਰ, ਹੇ ਇਸਰਾਏਲ, ਨਾ ਘਬਰਾ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ, ਅਤੇ ਤੇਰੀ ਨਸਲ ਨੂੰ ਗ਼ੁਲਾਮੀ ਦੇ ਦੇਸ ਤੋਂ ਬਚਾਵਾਂਗਾ। ਯਾਕੂਬ ਮੁੜੇਗਾ ਅਤੇ ਆਰਾਮ ਅਤੇ ਚੈਨ ਕਰੇਗਾ, ਉਹ ਨੂੰ ਕੋਈ ਨਾ ਡਰਾਵੇਗਾ।
28 ੨੮ ਹੇ ਯਾਕੂਬ ਮੇਰੇ ਦਾਸ, ਨਾ ਡਰ, ਯਹੋਵਾਹ ਦਾ ਵਾਕ ਹੈ, ਮੈਂ ਤੇਰੇ ਨਾਲ ਜੋ ਹਾਂ, ਮੈਂ ਸਾਰੀਆਂ ਕੌਮਾਂ ਦਾ ਅੰਤ ਕਰ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਹੱਕ ਦਿੱਤਾ, ਪਰ ਮੈਂ ਤੇਰਾ ਅੰਤ ਨਾ ਕਰਾਂਗਾ, ਮੈਂ ਨਰਮਾਈ ਨਾਲ ਤੇਰਾ ਸੁਧਾਰ ਕਰਾਂਗਾ, ਪਰ ਤੈਨੂੰ ਸਜ਼ਾ ਦਿੱਤੇ ਬਿਨ੍ਹਾਂ ਨਾ ਛੱਡਾਂਗਾ।