< ਯਿਰਮਿਯਾਹ 41 >
1 ੧ ਤਾਂ ਸੱਤਵੇਂ ਮਹੀਨੇ ਇਸ ਤਰ੍ਹਾਂ ਹੋਇਆ ਕਿ ਨਥਨਯਾਹ ਦਾ ਪੁੱਤਰ, ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਅਤੇ ਰਾਜਾ ਦੇ ਪਰਧਾਨਾਂ ਵਿੱਚੋਂ ਸੀ ਦਸ ਮਨੁੱਖ ਆਪਣੇ ਨਾਲ ਲੈ ਕੇ ਮਿਸਪਾਹ ਵਿੱਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ ਅਤੇ ਉੱਥੇ ਉਹਨਾਂ ਨੇ ਮਿਸਪਾਹ ਵਿੱਚ ਇਕੱਠੇ ਰੋਟੀ ਖਾਧੀ
2 ੨ ਤਾਂ ਨਥਨਯਾਹ ਦਾ ਪੁੱਤਰ ਇਸਮਾਏਲ ਅਤੇ ਉਹ ਦਸ ਮਨੁੱਖ ਜਿਹੜੇ ਉਸ ਦੇ ਨਾਲ ਸਨ ਉੱਠੇ ਅਤੇ ਉਹਨਾਂ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਮਾਰੀ ਅਤੇ ਉਹ ਨੂੰ ਮਾਰ ਸੁੱਟਿਆ ਜਿਹ ਨੂੰ ਬਾਬਲ ਦੇ ਰਾਜਾ ਨੇ ਦੇਸ ਵਿੱਚ ਹਾਕਮ ਥਾਪਿਆ ਸੀ
3 ੩ ਨਾਲੇ ਇਸਮਾਏਲ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਕਸਦੀਆਂ ਨੂੰ ਜਿਹੜੇ ਉੱਥੇ ਲੱਭੇ ਅਤੇ ਯੋਧੇ ਸਨ ਮਾਰ ਸੁੱਟਿਆ।
4 ੪ ਤਾਂ ਗਦਲਯਾਹ ਦੀ ਮੌਤ ਦੇ ਦੂਜੇ ਦਿਨ ਜਿਹ ਦਾ ਕਿਸੇ ਮਨੁੱਖ ਨੂੰ ਪਤਾ ਨਾ ਲੱਗਾ ਇਸ ਤਰ੍ਹਾਂ ਹੋਇਆ
5 ੫ ਕਿ ਸ਼ਕਮ ਤੋਂ, ਸ਼ੀਲੋਹ ਤੋਂ, ਸਾਮਰਿਯਾ ਤੋਂ, ਅੱਸੀ ਮਨੁੱਖ ਦਾੜ੍ਹੀ ਮੁਨਾ ਕੇ ਬਸਤਰ ਪਾੜ ਕੇ ਅਤੇ ਆਪਣੇ ਆਪ ਨੂੰ ਕੱਟ ਵੱਢ ਕਰ ਕੇ ਆਏ ਕਿ ਮੈਦੇ ਦੀ ਭੇਟ ਅਤੇ ਲੁਬਾਨ ਆਪਣਿਆਂ ਹੱਥਾਂ ਵਿੱਚ ਲੈ ਕੇ ਯਹੋਵਾਹ ਦੇ ਭਵਨ ਵਿੱਚ ਚੜਾਉਣ
6 ੬ ਤਾਂ ਨਥਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਨਿੱਕਲਿਆ। ਉਹ ਤੁਰਿਆ ਜਾਂਦਾ ਰੋਂਦਾ ਸੀ। ਜਿਵੇਂ ਹੀ ਉਹ ਉਹਨਾਂ ਨੂੰ ਮਿਲਿਆ ਉਸ ਉਹਨਾਂ ਨੂੰ ਆਖਿਆ, ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ
7 ੭ ਅੱਗੋਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਸ਼ਹਿਰ ਦੇ ਵਿਚਕਾਰ ਪਹੁੰਚੇ ਤਾਂ ਨਥਨਯਾਹ ਦਾ ਪੁੱਤਰ ਇਸਮਾਏਲ ਨੇ ਉਹ ਦੇ ਸਾਥੀਆਂ ਨੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਭੋਰੇ ਦੇ ਵਿਚਕਾਰ ਸੁੱਟ ਦਿੱਤਾ
8 ੮ ਪਰ ਉਹਨਾਂ ਵਿੱਚ ਦਸ ਮਨੁੱਖ ਨਿੱਕਲੇ ਜਿਹਨਾਂ ਨੇ ਇਸਮਾਏਲ ਨੂੰ ਆਖਿਆ, ਸਾਨੂੰ ਨਾ ਮਾਰ ਕਿਉਂ ਜੋ ਸਾਡੇ ਕੋਲ ਖੇਤ ਵਿੱਚ ਕਣਕ, ਜੌਂ, ਤੇਲ ਅਤੇ ਸਹਿਤ ਦੇ ਗੋਦਾਮ ਲੁਕਾਏ ਹੋਏ ਹਨ। ਸੋ ਉਸ ਉਹਨਾਂ ਨੂੰ ਛੱਡ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਨਾ ਮਾਰਿਆ
9 ੯ ਇਹ ਭੋਹਰਾ ਉਹ ਸੀ ਜਿਹੜਾ ਆਸਾ ਰਾਜਾ ਨੇ ਇਸਰਾਏਲ ਦੇ ਰਾਜਾ ਬਆਸ਼ਾ ਦੇ ਕਾਰਨ ਬਣਾਇਆ ਸੀ ਜਿਹ ਦੇ ਵਿੱਚ ਇਸਮਾਏਲ ਨੇ ਉਨ੍ਹਾਂ ਮਨੁੱਖਾਂ ਦੀਆਂ ਸਾਰੀਆਂ ਲੋਥਾਂ ਜਿਨ੍ਹਾਂ ਨੂੰ ਗਦਲਯਾਹ ਦੇ ਨਾਲ ਮਾਰਿਆ ਸੀ ਪਾਈਆਂ ਸਨ। ਉਸ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਵੱਢਿਆਂ ਹੋਇਆਂ ਨਾਲ ਭਰ ਦਿੱਤਾ
10 ੧੦ ਤਾਂ ਇਸਮਾਏਲ ਨੇ ਸਾਰੇ ਰਹਿੰਦੇ-ਖੁੰਹਦੇ ਲੋਕ ਮਿਸਪਾਹ ਵਿੱਚ ਅਰਥਾਤ ਰਾਜਾ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚਲੇ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਹਨਾਂ ਨੂੰ ਜੱਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤਰ ਗਦਲਯਾਹ ਦੀ ਜ਼ਿੰਮੇਵਾਰੀ ਵਿੱਚ ਕਰ ਗਿਆ ਸੀ। ਨਥਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ
11 ੧੧ ਜਦ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਉਹ ਦੇ ਨਾਲ ਸਨ ਇਹ ਸਾਰੀ ਬੁਰਿਆਈ ਜਿਹੜੀ ਉਸ ਕੀਤੀ ਸੁਣੀ
12 ੧੨ ਤਾਂ ਉਹਨਾਂ ਨੇ ਸਾਰੇ ਮਨੁੱਖਾਂ ਨੂੰ ਲਿਆ ਅਤੇ ਨਥਨਯਾਹ ਦੇ ਪੁੱਤਰ ਇਸਮਾਏਲ ਨਾਲ ਲੜਨ ਲਈ ਗਏ ਅਤੇ ਓਹ ਨੂੰ ਵੱਡੇ ਪਾਣੀਆਂ ਕੋਲ ਜਿਹੜੇ ਗਿਬਓਨ ਵਿੱਚ ਸਨ ਜਾ ਲਿਆ
13 ੧੩ ਫੇਰ ਇਸ ਤਰ੍ਹਾਂ ਹੋਇਆ ਕਿ ਜਿਵੇਂ ਹੀ ਸਾਰੇ ਲੋਕਾਂ ਨੇ ਜਿਹੜੇ ਇਸਮਾਏਲ ਨਾਲ ਸਨ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਓਹ ਦੇ ਨਾਲ ਸਨ ਵੇਖਿਆ, ਤਾਂ ਅਨੰਦ ਹੋਏ
14 ੧੪ ਫੇਰ ਸਾਰੇ ਲੋਕ ਜਿਹਨਾਂ ਨੂੰ ਇਸਮਾਏਲ ਨੇ ਮਿਸਪਾਹ ਤੋਂ ਕੈਦ ਕੀਤਾ ਸੀ ਭੌਂ ਕੇ ਮੁੜੇ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ ਕੋਲ ਗਏ
15 ੧੫ ਪਰ ਨਥਨਯਾਹ ਦਾ ਪੁੱਤਰ ਇਸਮਾਏਲ ਅੱਠਾਂ ਮਨੁੱਖਾਂ ਸਣੇ ਯੋਹਾਨਾਨ ਦੇ ਅੱਗੋਂ ਨੱਠ ਗਿਆ ਅਤੇ ਅੰਮੋਨੀਆਂ ਕੋਲ ਚਲਾ ਗਿਆ
16 ੧੬ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਉਸ ਦੇ ਨਾਲ ਸਨ ਬਾਕੀ ਦੇ ਸਾਰੇ ਲੋਕਾਂ ਨੂੰ ਮੋੜ ਲਿਆਏ ਜਿਹਨਾਂ ਨੂੰ ਉਹ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਤੋਂ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਘਾਤ ਕਰਨ ਦੇ ਪਿੱਛੋਂ ਮਿਸਪਾਹ ਤੋਂ ਲੈ ਲਿਆ ਸੀ, ਅਰਥਾਤ ਸੂਰਮੇ ਯੋਧਿਆਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ ਅਤੇ ਖੁਸਰਿਆਂ ਨੂੰ ਜਿਹਨਾਂ ਨੂੰ ਉਹ ਗਿਬਓਨ ਤੋਂ ਮੋੜ ਲਿਆਇਆ ਸੀ
17 ੧੭ ਤਾਂ ਉਹ ਚੱਲੇ ਗਏ ਅਤੇ ਗੇਰੂਥ ਕਿਮਹਾਮ ਵਿੱਚ ਟਿਕੇ ਜਿਹੜਾ ਬੈਤਲਹਮ ਦੇ ਨੇੜੇ ਹੈ ਕਿ ਮਿਸਰ ਨੂੰ ਜਾਣ
18 ੧੮ ਇਹ ਕਸਦੀਆਂ ਦੇ ਕਾਰਨ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੋਂ ਡਰਦੇ ਸਨ ਇਸ ਲਈ ਕਿ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਾਰ ਸੁੱਟਿਆ ਸੀ ਜਿਹ ਨੂੰ ਬਾਬਲ ਦੇ ਰਾਜਾ ਨੇ ਦੇਸ ਵਿੱਚ ਹਾਕਮ ਬਣਾਇਆ ਸੀ।