< ਯਿਰਮਿਯਾਹ 40 >
1 ੧ ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਇਹ ਦੇ ਪਿੱਛੋਂ ਕਿ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਉਹ ਨੂੰ ਰਾਮਾਹ ਤੋਂ ਘੱਲ ਦਿੱਤਾ ਜਦ ਉਸ ਨੂੰ ਸਾਰੇ ਗ਼ੁਲਾਮਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯਰੂਸ਼ਲਮ ਅਤੇ ਯਹੂਦਾਹ ਤੋਂ ਗ਼ੁਲਾਮ ਹੋ ਕੇ ਬਾਬਲ ਨੂੰ ਲਿਆਏ ਜਾਂਦੇ ਸਨ
2 ੨ ਜੱਲਾਦਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੈ ਕੇ ਆਖਿਆ ਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਸ ਬੁਰਿਆਈ ਨੂੰ ਇਸ ਸਥਾਨ ਉੱਤੇ ਕਿਹਾ ਹੈ
3 ੩ ਯਹੋਵਾਹ ਇਹ ਨੂੰ ਲਿਆਇਆ ਅਤੇ ਜਿਵੇਂ ਉਸ ਨੇ ਗੱਲ ਕੀਤੀ ਤਿਵੇਂ ਉਸ ਨੇ ਪੂਰਾ ਕੀਤਾ ਕਿਉਂ ਜੋ ਤੁਸੀਂ ਯਹੋਵਾਹ ਦਾ ਪਾਪ ਕੀਤਾ ਅਤੇ ਉਸ ਦੀ ਅਵਾਜ਼ ਨਹੀਂ ਸੁਣੀ ਤਾਹੀਏਂ ਤੁਹਾਡੇ ਲਈ ਇਹ ਗੱਲ ਹੋਈ ਹੈ
4 ੪ ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬਲ ਨੂੰ ਚਲਾ ਚੱਲ। ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ। ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ
5 ੫ ਜਦੋਂ ਉਹ ਅਜੇ ਮੁੜਿਆ ਨਹੀਂ ਸੀ - ਤਾਂ ਤੂੰ ਸ਼ਾਫਾਨ ਦੇ ਪੋਤੇ ਅਤੇ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮੁੜ ਜਾ ਜਿਹ ਨੂੰ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸ਼ਹਿਰਾਂ ਉੱਤੇ ਹਾਕਮ ਬਣਾਇਆ ਹੈ ਅਤੇ ਲੋਕਾਂ ਦੇ ਵਿਚਕਾਰ ਉਹ ਦੇ ਨਾਲ ਰਹਿ, ਨਹੀਂ ਤਾਂ ਜਿੱਥੇ ਤੇਰੀ ਨਿਗਾਹ ਵਿੱਚ ਠੀਕ ਹੈ ਉੱਥੇ ਚੱਲਿਆ ਜਾ। ਫਿਰ ਜੱਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ
6 ੬ ਤਾਂ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਵਿੱਚ ਗਿਆ ਅਤੇ ਲੋਕਾਂ ਦੇ ਵਿੱਚ ਉਹ ਦੇ ਨਾਲ ਅਤੇ ਦੇਸ ਦੇ ਬਾਕੀ ਰਹੇ ਹੋਇਆਂ ਨਾਲ ਟਿਕਿਆ ਰਿਹਾ।
7 ੭ ਜਦ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਰਣ ਵਿੱਚ ਸਨ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ ਉੱਤੇ ਹਾਕਮ ਬਣਾ ਦਿੱਤਾ ਹੈ, ਨਾਲੇ ਉਸ ਦੇ ਮਨੁੱਖ ਅਤੇ ਔਰਤਾਂ, ਬੱਚੇ ਅਤੇ ਦੇਸ ਦੇ ਗਰੀਬ ਜਿਹੜੇ ਗ਼ੁਲਾਮ ਹੋ ਕੇ ਬਾਬਲ ਨੂੰ ਨਹੀਂ ਗਏ ਸਨ ਉਸ ਦੀ ਜ਼ਿੰਮੇਵਾਰੀ ਵਿੱਚ ਕਰ ਦਿੱਤੇ ਹਨ
8 ੮ ਤਾਂ ਨਥਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਯੋਨਾਥਾਨ, ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਏਫਈ ਨਟੋਫਾਥੀ ਦੇ ਪੁੱਤਰ ਅਤੇ ਮਆਕਾਥੀ ਦਾ ਪੁੱਤਰ ਯਜ਼ਨਯਾਹ, ਉਹ ਅਤੇ ਉਹਨਾਂ ਦੇ ਮਨੁੱਖ ਮਿਸਪਾਹ ਵਿੱਚ ਗਦਲਯਾਹ ਕੋਲ ਆਏ
9 ੯ ਤਾਂ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਮਨੁੱਖਾਂ ਨਾਲ ਸਹੁੰ ਖਾਧੀ ਕਿ ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ, ਦੇਸ ਵਿੱਚ ਵੱਸੋ ਅਤੇ ਬਾਬਲ ਦੇ ਰਾਜਾ ਦੀ ਸੇਵਾ ਕਰੋ, ਤਾਂ ਤੁਹਾਡਾ ਭਲਾ ਹੋਵੇਗਾ
10 ੧੦ ਮੈਂ, ਵੇਖ ਮੈਂ, ਮਿਸਪਾਹ ਵਿੱਚ ਵੱਸਦਾ ਹਾਂ ਭਈ ਉਹਨਾਂ ਕਸਦੀਆਂ ਦੇ ਅੱਗੇ ਖਲੋਵਾਂ ਜਿਹੜੇ ਸਾਡੇ ਕੋਲ ਆਉਣਗੇ ਪਰ ਤੁਸੀਂ ਮੈ, ਗਰਮੀ ਦੀ ਰੁੱਤ ਦੇ ਮੇਵੇ ਅਤੇ ਤੇਲ ਇਕੱਠਾ ਕਰੋ, ਆਪਣਿਆਂ ਭਾਂਡਿਆਂ ਵਿੱਚ ਰੱਖੋ ਅਤੇ ਆਪਣੇ ਸ਼ਹਿਰਾਂ ਵਿੱਚ ਵੱਸੋ ਜਿਹੜੇ ਤੁਸੀਂ ਆਪਣੇ ਕਬਜ਼ੇ ਵਿੱਚ ਕਰ ਲਏ ਹਨ
11 ੧੧ ਜਦ ਸਾਰੇ ਯਹੂਦੀਆਂ ਨੇ ਵੀ ਜਿਹੜੇ ਮੋਆਬ ਵਿੱਚ ਅਤੇ ਅੰਮੋਨੀਆਂ ਦੇ ਵਿੱਚ ਅਤੇ ਅਦੋਮ ਵਿੱਚ ਸਨ ਅਤੇ ਜਿਹੜੇ ਸਾਰੇ ਦੇਸਾਂ ਵਿੱਚ ਸਨ ਸੁਣਿਆ ਕਿ ਬਾਬਲ ਦੇ ਰਾਜਾ ਨੇ ਯਹੂਦਾਹ ਵਿੱਚ ਕੁਝ ਬਕੀਆ ਛੱਡ ਦਿੱਤਾ ਹੈ ਅਤੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਉੱਤੇ ਹਾਕਮ ਥਾਪਿਆ ਹੈ
12 ੧੨ ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ-ਜਿੱਥੇ ਉਹ ਧੱਕੇ ਗਏ ਸਨ ਮੁੜੇ ਅਤੇ ਉਹ ਗਦਲਯਾਹ ਕੋਲ ਮਿਸਪਾਹ ਵਿੱਚ ਯਹੂਦਾਹ ਦੇ ਦੇਸ ਨੂੰ ਆਏ ਅਤੇ ਉਹਨਾਂ ਨੇ ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ।
13 ੧੩ ਤਾਂ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਰਣ ਵਿੱਚ ਸਨ ਮਿਸਪਾਹ ਵਿੱਚ ਗਦਲਯਾਹ ਕੋਲ ਆਏ
14 ੧੪ ਅਤੇ ਉਹ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਜਾਣ ਲਿਆ ਹੈ ਕਿ ਅੰਮੋਨੀਆਂ ਦੇ ਰਾਜੇ ਬਅਲੀਸ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਭੇਜਿਆ ਹੈ ਭਈ ਤੈਨੂੰ ਜਾਨੋਂ ਮਾਰ ਦੇਵੇ? ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਹਨਾਂ ਦਾ ਯਕੀਨ ਨਾ ਕੀਤਾ
15 ੧੫ ਤਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਮਾਰ ਦੇ। ਇਸ ਨੂੰ ਕੋਈ ਨਾ ਜਾਣੇਗਾ। ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ-ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ?
16 ੧੬ ਤਾਂ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ ਕਿ ਤੂੰ ਇਹ ਕੰਮ ਨਾ ਕਰ ਕਿਉਂ ਜੋ ਤੂੰ ਇਸਮਾਏਲ ਦੇ ਬਾਰੇ ਝੂਠ ਬੋਲਦਾ ਹੈ।