< ਯਿਰਮਿਯਾਹ 4 >
1 ੧ ਹੇ ਇਸਰਾਏਲ, ਜੇ ਤੂੰ ਮੁੜੇਂ, ਯਹੋਵਾਹ ਦਾ ਵਾਕ ਹੈ, ਤਾਂ ਤੂੰ ਮੇਰੀ ਵੱਲ ਮੁੜੇਂਗਾ। ਜੇ ਤੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨੂੰ ਮੇਰੇ ਅੱਗੋਂ ਦੂਰ ਕਰੇਂ, ਜੇ ਤੂੰ ਅਵਾਰਾ ਨਾ ਫਿਰੇਂ,
2 ੨ ਜੇ ਤੂੰ ਜੀਉਂਦੇ ਯਹੋਵਾਹ ਦੀ ਸਹੁੰ ਖਾਵੇਂ, ਸਚਿਆਈ ਨਾਲ, ਨਿਆਂ ਨਾਲ ਅਤੇ ਧਰਮ ਨਾਲ, ਤਦ ਕੌਮਾਂ ਉਹ ਦੇ ਵਿੱਚ ਆਪ ਨੂੰ ਮੁਬਾਰਕ ਆਖਣਗੀਆਂ, ਅਤੇ ਉਹ ਨੂੰ ਉਸਤਤ ਦੇਣਗੀਆਂ।
3 ੩ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਲਈ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ, ਅਤੇ ਕੰਡਿਆਂ ਵਿੱਚ ਨਾ ਬੀਜੋ।
4 ੪ ਯਹੋਵਾਹ ਲਈ ਆਪਣੀ ਸੁੰਨਤ ਕਰਾਓ, ਆਪਣੇ ਦਿਲ ਦੀ ਖੱਲੜੀ ਲਹਾਓ, ਹੇ ਯਹੂਦਾਹ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ! ਮਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।
5 ੫ ਯਹੂਦਾਹ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ, ਅਤੇ ਆਖੋ ਭਈ ਦੇਸ ਵਿੱਚ ਤੁਰ੍ਹੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜੋ ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ!
6 ੬ ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹੈ!
7 ੭ ਇੱਕ ਬੱਬਰ ਸ਼ੇਰ ਆਪਣੇ ਝਾੜ ਵਿੱਚੋਂ ਨਿੱਕਲਿਆ ਹੈ, ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ, ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।
8 ੮ ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ, ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ।
9 ੯ ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ ਕਿ ਰਾਜਾ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ, ਅਤੇ ਜਾਜਕ ਡਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ
10 ੧੦ ਤਦ ਮੈਂ ਆਖਿਆ, ਹਾਏ, ਪ੍ਰਭੂ ਯਹੋਵਾਹ! ਤੂੰ ਸੱਚ-ਮੁੱਚ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੱਕ ਅੱਪੜ ਪਈ ਹੈ!।
11 ੧੧ ਉਸ ਵੇਲੇ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖਿਆ ਜਾਵੇਗਾ ਕਿ ਉੱਚਿਆਂ ਥਾਵਾਂ ਤੋਂ ਇੱਕ ਤੱਤੀ ਹਵਾ ਮੇਰੀ ਪਰਜਾ ਦੀ ਧੀ ਵੱਲ ਉਜਾੜ ਤੋਂ ਵੱਗੇਗੀ, ਉਡਾਉਣ ਜਾਂ ਸਾਫ਼ ਕਰਨ ਲਈ ਨਹੀਂ,
12 ੧੨ ਸਗੋਂ ਉੱਥੋਂ ਇੱਕ ਤੁੰਦ ਹਵਾ ਮੇਰੇ ਲਈ ਵੱਗੇਗੀ, ਨਾਲੇ ਹੁਣ ਮੈਂ ਉਹਨਾਂ ਉੱਤੇ ਨਿਆਂ ਕਰਾਂਗਾ।
13 ੧੩ ਵੇਖ ਉਹ ਬੱਦਲਾਂ ਵਾਂਗੂੰ ਆ ਰਿਹਾ ਹੈ, ਉਹ ਦੇ ਰਥ ਵਾਵਰੋਲੇ ਵਾਂਗੂੰ ਹਨ, ਉਹ ਦੇ ਘੋੜੇ ਉਕਾਬਾਂ ਨਾਲੋਂ ਤੇਜ ਹਨ, ਹਾਏ ਸਾਨੂੰ! ਅਸੀਂ ਬਰਬਾਦ ਹੋ ਗਏ!
14 ੧੪ ਹੇ ਯਰੂਸ਼ਲਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ। ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ?
15 ੧੫ ਦਾਨ ਤੋਂ ਤਾਂ ਇੱਕ ਅਵਾਜ਼ ਦੱਸਦੀ, ਅਤੇ ਇਫ਼ਰਾਈਮ ਦੇ ਪਰਬਤ ਤੋਂ ਬਦੀ ਦੀ ਖ਼ਬਰ ਸੁਣਾਉਂਦੀ,
16 ੧੬ ਤੁਸੀਂ ਕੌਮਾਂ ਨੂੰ ਚੇਤੇ ਕਰਾਓ, - ਵੇਖੋ, ਯਰੂਸ਼ਲਮ ਨੂੰ ਖ਼ਬਰ ਦਿਓ, ਕਿ ਘੇਰਾ ਪਾਉਣ ਵਾਲੇ ਦੂਰ ਦੇਸ ਤੋਂ ਲੱਗੇ ਆਉਂਦੇ ਹਨ!
17 ੧੭ ਉਹ ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲਲਕਾਰਦੇ ਹਨ! ਪੈਲੀ ਦੇ ਰਾਖਿਆਂ ਵਾਂਗੂੰ ਉਹ ਉਸ ਨੂੰ ਚੌਂਹ ਪਾਸਿਓਂ ਘੇਰਨਗੇ, ਉਹ ਮੈਥੋਂ ਆਕੀ ਜੋ ਹੋ ਗਈ ਹੈ, ਯਹੋਵਾਹ ਦਾ ਵਾਕ ਹੈ।
18 ੧੮ ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੇਰੀ ਬਿਪਤਾ ਹੈ ਅਤੇ ਇਹ ਕੌੜੀ ਹੈ, ਇਹ ਤੇਰੇ ਦਿਲ ਤੱਕ ਅੱਪੜ ਗਈ ਹੈ!
19 ੧੯ ਹਾਏ ਮੈਨੂੰ! ਹਾਏ ਮੈਨੂੰ! ਮੇਰੇ ਦਿਲ ਦੇ ਪੜਦੇ ਵਿੱਚ ਪੀੜ ਹੈ, ਮੇਰਾ ਦਿਲ ਬੇਚੈਨ ਹੈ, ਮੈਂ ਚੁੱਪ ਨਹੀਂ ਰਹਿ ਸਕਦਾ! ਮੇਰੀ ਜਾਨ ਤੁਰ੍ਹੀ ਦੀ ਅਵਾਜ਼, ਅਤੇ ਲੜਾਈ ਦੀ ਲਲਕਾਰ ਸੁਣਦੀ ਹੈ।
20 ੨੦ ਰਾਹ ਉੱਤੇ ਹਾਰ ਦੀ ਖ਼ਬਰ ਆਉਂਦੀ ਹੈ, ਕਿ ਸਾਰਾ ਦੇਸ ਤਬਾਹ ਹੋ ਗਿਆ, ਅਚਾਨਕ ਤੇਰੇ ਤੰਬੂ ਨਾਸ ਗਏ, ਅਤੇ ਮੇਰੇ ਪੜਦੇ ਇੱਕ ਦਮ ਵਿੱਚ।
21 ੨੧ ਮੈਂ ਕਦ ਤੱਕ ਇਹ ਝੰਡਾ ਵੇਖਾਂਗਾ, ਅਤੇ ਤੁਰ੍ਹੀ ਦੀ ਅਵਾਜ਼ ਸੁਣਾਂਗਾ?
22 ੨੨ ਮੇਰੀ ਪਰਜਾ ਤਾਂ ਮੂਰਖ ਹੈ, ਉਹ ਮੈਨੂੰ ਨਹੀਂ ਜਾਣਦੀ। ਉਹ ਮੂਰਖ ਬੱਚੇ ਹਨ, ਉਹਨਾਂ ਨੂੰ ਕੋਈ ਸਮਝ ਨਹੀਂ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।
23 ੨੩ ਮੈਂ ਧਰਤੀ ਨੂੰ ਦੇਖਿਆ ਅਤੇ ਵੇਖੋ, ਉਹ ਬੇਡੌਲ ਅਤੇ ਸੁੰਨੀ ਸੀ, ਅਤੇ ਅਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ।
24 ੨੪ ਮੈਂ ਪਹਾੜਾਂ ਨੂੰ ਦੇਖਿਆ ਅਤੇ ਵੇਖੋ, ਉਹ ਕੰਬ ਰਹੇ ਸਨ, ਅਤੇ ਸਾਰੇ ਟਿੱਲੇ ਅੱਗੇ ਪਿੱਛੇ ਹੋ ਜਾਂਦੇ ਸਨ!
25 ੨੫ ਮੈਂ ਦੇਖਿਆ ਅਤੇ ਵੇਖੋ, ਕੋਈ ਆਦਮੀ ਨਹੀਂ ਸੀ, ਅਤੇ ਅਕਾਸ਼ ਦੇ ਸਾਰੇ ਪੰਛੀ ਉੱਡ ਗਏ।
26 ੨੬ ਮੈਂ ਦੇਖਿਆ ਅਤੇ ਵੇਖੋ, ਉਹ ਦਾ ਮੇਵੇਦਾਰ ਮੈਦਾਨ ਉਜਾੜ ਹੋ ਗਿਆ, ਉਹ ਦੇ ਸਾਰੇ ਸ਼ਹਿਰ ਯਹੋਵਾਹ ਅੱਗੇ, ਉਹ ਦੇ ਡਾਢੇ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ।
27 ੨੭ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਾਰੀ ਧਰਤੀ ਵਿਰਾਨ ਹੋ ਜਾਵੇਗੀ, ਤਾਂ ਵੀ ਮੈਂ ਉਹ ਨੂੰ ਉੱਕਾ ਹੀ ਨਹੀਂ ਮੁਕਾਵਾਂਗਾ!
28 ੨੮ ਇਸ ਉੱਤੇ ਧਰਤੀ ਸੋਗ ਕਰੇਗੀ ਅਤੇ ਅਕਾਸ਼ ਕਾਲੇ ਹੋ ਜਾਣਗੇ, ਕਿਉਂ ਜੋ ਮੈਂ ਇਸ ਉੱਤੇ ਬੋਲ ਚੁੱਕਿਆ ਹਾਂ, ਮੈਂ ਇਹ ਠਾਣਿਆ ਹੈ, ਮੈਂ ਨਾ ਹੀ ਗਰੰਜ ਹੋਵਾਂਗਾ ਨਾ ਹੀ ਇਸ ਤੋਂ ਮੁੜਾਂਗਾ।
29 ੨੯ ਘੋੜ ਚੜ੍ਹੇ ਅਤੇ ਤੀਰ-ਅੰਦਾਜ਼ ਦੀ ਅਵਾਜ਼ ਨਾਲ, ਹਰੇਕ ਸ਼ਹਿਰ ਨੱਠ ਜਾਂਦਾ ਹੈ। ਉਹ ਝੰਗੀ ਵਿੱਚ ਵੜਦੇ ਅਤੇ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ। ਹਰੇਕ ਸ਼ਹਿਰ ਛੱਡਿਆ ਜਾਂਦਾ ਹੈ, ਅਤੇ ਕੋਈ ਮਨੁੱਖ ਉਹਨਾਂ ਵਿੱਚ ਨਹੀਂ ਵੱਸਦਾ।
30 ੩੦ ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈਂ? ਭਾਵੇਂ ਤੂੰ ਲਾਲ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਸਜਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ, ਤੇਰੇ ਪ੍ਰੇਮੀ ਤੈਥੋਂ ਘਿਣ ਕਰਦੇ ਹਨ, ਉਹ ਤੇਰੀ ਜਾਨ ਨੂੰ ਭਾਲਦੇ ਹਨ।
31 ੩੧ ਮੈਂ ਤਾਂ ਉਸ ਔਰਤ ਵਰਗੀ ਇੱਕ ਅਵਾਜ਼ ਸੁਣੀ, ਜਿਹ ਨੂੰ ਜਣਨ ਦੀਆਂ ਪੀੜਾਂ ਹੋਣ, - ਉਹ ਦੇ ਵਰਗੀ ਡਾਢੀ ਪੀੜ ਦੀ ਅਵਾਜ਼, ਜਿਹੜੀ ਆਪਣਾ ਪਹਿਲੌਠਾ ਪੁੱਤਰ ਜਣਦੀ, ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ, ਜਿਹੜੀ ਆਪਣੇ ਹੱਥ ਵਧਾਉਂਦੀ ਹੈ, ਹਾਏ ਮੇਰੇ ਉੱਤੇ ਭਈ ਮੇਰੀ ਜਾਨ ਨੂੰ ਖ਼ੂਨੀਆਂ ਅੱਗੇ ਡੋਬ ਪੈ ਗਿਆ!।