< ਯਿਰਮਿਯਾਹ 2 >
1 ੧ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ
2 ੨ ਕਿ ਜਾ ਅਤੇ ਯਰੂਸ਼ਲਮ ਦੇ ਵਿੱਚ ਪੁਕਾਰ ਕਿ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਜੋ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ।
3 ੩ ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਾਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ।
4 ੪ ਹੇ ਯਾਕੂਬ ਦੇ ਘਰਾਣੇ ਦੇ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ
5 ੫ ਯਹੋਵਾਹ ਐਉਂ ਆਖਦਾ ਹੈ, ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਅਨਿਆਈਂ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਨਿਕੰਮੀ ਮੂਰਤੀਆਂ ਦੇ ਪਿੱਛੇ ਲੱਗ ਕੇ ਨਿਕੰਮੇ ਬਣ ਗਏ?
6 ੬ ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ।
7 ੭ ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ।
8 ੮ ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜ਼ਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ।
9 ੯ ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।
10 ੧੦ ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਰ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ!
11 ੧੧ ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ।
12 ੧੨ ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ! ਯਹੋਵਾਹ ਦਾ ਵਾਕ ਹੈ।
13 ੧੩ ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, - ਉਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।
14 ੧੪ ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ? ਉਹ ਕਿਉਂ ਲੁੱਟ ਬਣਿਆ?
15 ੧੫ ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਅਵਾਜ਼ ਕੱਢੀ, ਉਹਨਾਂ ਨੇ ਉਸ ਦਾ ਦੇਸ ਖ਼ਰਾਬ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ।
16 ੧੬ ਨਾਲੇ ਨੋਫ਼ ਅਤੇ ਤਹਪਨਹੇਸ ਸ਼ਹਿਰ ਦੀ ਅੰਸ ਨੇ, ਤੇਰੇ ਸਿਰ ਦੀ ਖੋਪੜੀ ਭੰਨੀ।
17 ੧੭ ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ?
18 ੧੮ ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਨੀਲ ਦਾ ਪਾਣੀ ਪੀਵੇਂ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਦਰਿਆ ਦਾ ਪਾਣੀ ਪੀਵੇਂ?
19 ੧੯ ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈਅ ਨਹੀਂ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ।
20 ੨੦ ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ। ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਵਿਭਚਾਰ ਲਈ ਝੁੱਕ ਗਈ।
21 ੨੧ ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ। ਜੋ ਸਰਾਸਰ ਖਾਲ਼ਸ ਬੀ ਤੋਂ ਸੀ, ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?
22 ੨੨ ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
23 ੨੩ ਤੂੰ ਕਿਵੇਂ ਆਖ ਸਕਦੀ ਹੈ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੂੰ ਕੀ ਕੁਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ!
24 ੨੪ ਇੱਕ ਜੰਗਲੀ ਗਧੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਉਹ ਉਸ ਨੂੰ ਪਾ ਲੈਣਗੇ।
25 ੨੫ ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਖੁਸ਼ਕੀ ਤੋਂ ਬਚਾ। ਪਰ ਤੂੰ ਆਖਿਆ, ਕੁਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਉਹਨਾਂ ਦੇ ਪਿੱਛੇ ਜਾਂਵਾਂਗੀ।
26 ੨੬ ਜਿਵੇਂ ਚੋਰ ਜਦ ਫੜਿਆ ਗਿਆ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਉਹ, ਉਹਨਾਂ ਦੇ ਪਾਤਸ਼ਾਹ, ਉਹਨਾਂ ਦੇ ਸਰਦਾਰ, ਉਹਨਾਂ ਦੇ ਜਾਜਕ, ਅਤੇ ਉਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ।
27 ੨੭ ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ।
28 ੨੮ ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ। ਹੇ ਯਹੂਦਾਹ ਜਿੰਨੇ ਕੁ ਤੇਰੇ ਸ਼ਹਿਰ ਹਨ, ਓਨ੍ਹੇ ਤੇਰੇ ਦੇਵਤੇ ਹਨ!
29 ੨੯ ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ।
30 ੩੦ ਮੈਂ ਐਂਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹਨਾਂ ਨਾ ਮੰਨਿਆ, ਤੁਸੀਂ ਆਪਣੀ ਤਲਵਾਰ ਨਬੀਆਂ ਨੂੰ ਮਾਰਿਆ ਜਿਵੇਂ ਹੜੱਪ ਕਰਨ ਵਾਲਾ ਬੱਬਰ ਸ਼ੇਰ।
31 ੩੧ ਓਏ ਤੁਸੀਂ ਜਿਹੜੇ ਇਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ। ਕੀ ਮੈਂ ਇਸਰਾਏਲ ਲਈ ਉਜਾੜ, ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫਿਰ ਤੇਰੇ ਕੋਲ ਨਾ ਆਵਾਂਗੇ?
32 ੩੨ ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।
33 ੩੩ ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ! ਭਈ ਤੂੰ ਬੁਰੀਆਂ ਔਰਤਾਂ ਨੂੰ ਆਪਣੇ ਰਾਹ ਸਿਖਾਏ ਹਨ!
34 ੩੪ ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੂੰ ਉਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਦੇਖਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ,
35 ੩੫ ਤੂੰ ਆਖਦੀ ਹੈ, ਮੈਂ ਬੇਦੋਸ਼ ਹਾਂ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ
36 ੩੬ ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੀ।
37 ੩੭ ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿੱਕਲੇਗੀ, ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ, ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।