< ਯਿਰਮਿਯਾਹ 19 >
1 ੧ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਾ ਅਤੇ ਘੁਮਿਆਰ ਕੋਲੋਂ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ
2 ੨ ਅਤੇ ਬਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਉਹਨਾਂ ਗੱਲਾਂ ਦਾ ਹੋਕਾ ਦੇ ਜਿਹੜੀਆਂ ਮੈਂ ਤੈਨੂੰ ਬੋਲਾਂਗਾ
3 ੩ ਤੂੰ ਆਖੀਂ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸਥਾਨ ਉੱਤੇ ਬਦੀ ਲਿਆਵਾਂਗਾ। ਹਰੇਕ ਜਿਹੜਾ ਸੁਣੇਗਾ ਉਹ ਦੇ ਕੰਨ ਝੁਣਝੁਣਾ ਜਾਣਗੇ
4 ੪ ਇਸ ਲਈ ਜੋ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਇਸ ਸਥਾਨ ਨੂੰ ਓਪਰੇ ਦੇਵਤਿਆਂ ਅੱਗੇ ਧੂਪ ਧੁਖਾ ਕੇ ਭਰਿਸ਼ਟ ਕੀਤਾ ਜਿਹਨਾਂ ਨੂੰ ਨਾ ਉਹ, ਨਾ ਉਹਨਾਂ ਦੇ ਪਿਉ-ਦਾਦੇ, ਨਾ ਯਹੂਦਾਹ ਦੇ ਰਾਜਾ ਜਾਣਦੇ ਸਨ। ਉਹਨਾਂ ਨੇ ਇਸ ਸਥਾਨ ਨੂੰ ਬੇਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ ਹੈ
5 ੫ ਉਹਨਾਂ ਨੇ ਬਆਲ ਦੇ ਉੱਚੇ-ਉੱਚੇ ਸਥਾਨ ਬਣਾਏ ਭਈ ਆਪਣੇ ਪੁੱਤਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਹ ਦਾ ਮੈਂ ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ
6 ੬ ਇਸ ਲਈ ਵੇਖੋ, ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸਥਾਨ ਅੱਗੇ ਨੂੰ ਨਾ ਤੋਫਥ ਨਾ ਬਨ-ਹਿੰਨੋਮ ਦੀ ਵਾਦੀ ਅਖਵਾਏਗਾ, ਸਗੋਂ “ਕਤਲ ਦੀ ਵਾਦੀ” ਅਖਵਾਏਗਾ
7 ੭ ਅਤੇ ਮੈਂ ਇਸੇ ਸਥਾਨ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੀ ਸਲਾਹ ਨੂੰ ਨਿਕੰਮੀ ਕਰਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਡੇਗ ਦਿਆਂਗਾ ਅਤੇ ਉਹਨਾਂ ਦੇ ਹੱਥਾਂ ਨਾਲ ਜਿਹੜੇ ਉਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ
8 ੮ ਮੈਂ ਇਸ ਸ਼ਹਿਰ ਨੂੰ ਵਿਰਾਨ ਅਤੇ ਨੱਕ ਚੜ੍ਹਾਉਣ ਦਾ ਕਾਰਨ ਬਣਾਵਾਂਗਾ। ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਉਸ ਦੀਆਂ ਸਾਰੀਆਂ ਬਵਾਂ ਦੇ ਕਾਰਨ ਹੈਰਾਨ ਹੋਵੇਗਾ ਅਤੇ ਨੱਕ ਚੜ੍ਹਾਵੇਗਾ
9 ੯ ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ ਅਤੇ ਹਰੇਕ ਆਪਣੇ ਗੁਆਂਢੀ ਦਾ ਮਾਸ ਘੇਰੇ ਅਤੇ ਦੁੱਖ ਦੇ ਵੇਲੇ ਖਾਵੇਗਾ ਜਿਹ ਦੇ ਨਾਲ ਉਹਨਾਂ ਦੇ ਵੈਰੀ ਅਤੇ ਉਹਨਾਂ ਦੀ ਜਾਨ ਦੇ ਤਾਂਘ ਕਰਨ ਵਾਲੇ ਉਹਨਾਂ ਨੂੰ ਦੁੱਖ ਦੇਣਗੇ!।
10 ੧੦ ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ
11 ੧੧ ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਹੀ ਮੈਂ ਇਸ ਪਰਜਾ ਨੂੰ ਅਤੇ ਇਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫਿਰ ਸਾਬਤ ਨਹੀਂ ਹੋ ਸਕਦਾ। ਉਹ ਤੋਫਥ ਵਿੱਚ ਦਫ਼ਨਾਉਣਗੇ ਇਥੋਂ ਤੱਕ ਕਿ ਦਫ਼ਨਾਉਣ ਦਾ ਥਾਂ ਨਾ ਰਹੇ
12 ੧੨ ਇਸੇ ਤਰ੍ਹਾਂ ਮੈਂ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨਾਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਸਗੋਂ ਮੈਂ ਇਹ ਸ਼ਹਿਰ ਤੋਫਥ ਵਾਂਗੂੰ ਬਣਾਵਾਂਗਾ
13 ੧੩ ਤਾਂ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲ ਜਿਹੜੇ ਭਰਿਸ਼ਟ ਕੀਤੇ ਗਏ ਤੋਫਥ ਦੇ ਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾਂ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਲ੍ਹੀਆਂ।
14 ੧੪ ਤਾਂ ਯਿਰਮਿਯਾਹ ਤੋਫਥ ਤੋਂ ਆਇਆ ਜਿੱਥੇ ਯਹੋਵਾਹ ਨੇ ਉਹ ਨੂੰ ਅਗੰਮ ਬਾਣੀ ਲਈ ਭੇਜਿਆ ਸੀ ਅਤੇ ਉਹ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਆ ਖਲੋਤਾ। ਤਾਂ ਉਹ ਨੇ ਸਾਰੀ ਪਰਜਾ ਨੂੰ ਆਖਿਆ,
15 ੧੫ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਉੱਤੇ ਅਤੇ ਇਸ ਦੀਆਂ ਸਾਰੀਆਂ ਬਸਤੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਇਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ ਹਨ ਭਈ ਮੇਰੀ ਗੱਲ ਨਾ ਸੁਣਨ।