< ਯਾਕੂਬ 5 >
1 ੧ ਹੇ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ!
2 ੨ ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ।
3 ੩ ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ। ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ।
4 ੪ ਵੇਖੋ, ਜਿਨ੍ਹਾਂ ਮਜ਼ਦੂਰਾਂ ਨੇ ਤੁਹਾਡੇ ਖੇਤ ਵੱਢੇ ਉਹਨਾਂ ਦੀ ਮਜ਼ਦੂਰੀ ਜਿਹੜੀ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ ਫ਼ਰਿਆਦ ਕਰਦੀ ਹੈ ਅਤੇ ਵਾਢਿਆਂ ਦੀਆਂ ਦੁਹਾਈਆਂ ਸੈਨਾਂ ਦੇ ਪ੍ਰਭੂ ਦੇ ਕੰਨੀਂ ਪਹੁੰਚ ਗਈਆਂ ਹਨ!
5 ੫ ਤੁਸੀਂ ਧਰਤੀ ਉੱਤੇ ਮੌਜਾਂ ਮਾਣੀਆਂ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ ਦੇ ਦਿਨ ਲਈ ਆਪਣੇ ਹਿਰਦਿਆਂ ਨੂੰ ਪਾਲਿਆ ਹੈ!
6 ੬ ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾ ਕੇ, ਉਸ ਨੂੰ ਮਾਰ ਦਿੱਤਾ ਉਹ ਤੁਹਾਡਾ ਸਾਹਮਣਾ ਨਹੀਂ ਕਰਦਾ।
7 ੭ ਸੋ ਹੇ ਭਰਾਵੋ, ਪ੍ਰਭੂ ਦੇ ਆਉਣ ਤੱਕ ਧੀਰਜ ਕਰੋ, ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹ ਦੇ ਲਈ ਧੀਰਜ ਕਰਦਾ ਹੈ ਜਿਨ੍ਹਾਂ ਚਿਰ ਉਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ।
8 ੮ ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੂ ਦਾ ਆਉਣਾ ਨੇੜੇ ਹੀ ਹੈ।
9 ੯ ਹੇ ਭਰਾਵੋ, ਇੱਕ ਦੂਜੇ ਦੇ ਵਿਰੁੱਧ ਬੁੜ-ਬੁੜ ਨਾ ਕਰੋ ਕਿ ਤੁਸੀਂ ਦੋਸ਼ੀ ਨਾ ਠਹਿਰਾਏ ਜਾਓ। ਵੇਖੋ, ਨਿਆਈਂ ਬੂਹੇ ਉੱਤੇ ਖੜ੍ਹਾ ਹੈ!
10 ੧੦ ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਹਨ ਉਨ੍ਹਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਸਮਝ ਲਵੋ।
11 ੧੧ ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ। ਤੁਸੀਂ ਅਯੂਬ ਦਾ ਸਬਰ ਤਾਂ ਸੁਣਿਆ ਹੀ ਹੈ ਅਤੇ ਪ੍ਰਭੂ ਦੇ ਵਲੋਂ ਉਸਦਾ ਫਲ ਵੀ ਜਾਣਦੇ ਹੋ ਕਿ ਪ੍ਰਭੂ ਵੱਡਾ ਦਰਦੀ ਅਤੇ ਦਿਆਲੂ ਹੈ।
12 ੧੨ ਹੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਸਹੁੰ ਨਾ ਖਾਣੀ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਕਿਸੇ ਹੋਰ ਦੀ ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ ਤਾਂ ਕਿ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ।
13 ੧੩ ਜੇ ਤੁਹਾਡੇ ਵਿੱਚ ਕੋਈ ਦੁੱਖੀ ਹੈ? ਤਾਂ ਉਹ ਪ੍ਰਾਰਥਨਾ ਕਰੇ। ਜੇ ਕੋਈ ਅਨੰਦ ਹੈ? ਤਾਂ ਉਹ ਭਜ਼ਨ ਗਾਵੇ।
14 ੧੪ ਜੇਕਰ ਤੁਹਾਡੇ ਵਿੱਚ ਕੋਈ ਰੋਗੀ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਸ ਉੱਤੇ ਤੇਲ ਮਲਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ
15 ੧੫ ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉੱਠਾ ਕੇ ਖੜ੍ਹਾ ਕਰੇਗਾ, ਅਤੇ ਜੇ ਉਹ ਨੇ ਪਾਪ ਵੀ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ।
16 ੧੬ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ। ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ।
17 ੧੭ ਏਲੀਯਾਹ ਵੀ ਸਾਡੇ ਵਰਗਾ ਦੁੱਖ-ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਸ ਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਜੋ ਮੀਂਹ ਨਾ ਪਵੇ ਤਾਂ ਸਾਢੇ ਤਿੰਨਾਂ ਸਾਲਾਂ ਤੱਕ ਉਸ ਧਰਤੀ ਉੱਤੇ ਮੀਂਹ ਨਾ ਪਿਆ।
18 ੧੮ ਅਤੇ ਉਸ ਨੇ ਫੇਰ ਪ੍ਰਾਰਥਨਾ ਕੀਤੀ ਅਤੇ ਅਕਾਸ਼ ਨੇ ਮੀਂਹ ਬਰਸਾਇਆ ਅਤੇ ਧਰਤੀ ਨੇ ਆਪਣੇ ਫਲ ਉਗਾਏ।
19 ੧੯ ਹੇ ਮੇਰੇ ਭਰਾਵੋ, ਜੇ ਕੋਈ ਤੁਹਾਡੇ ਵਿੱਚੋਂ ਸਚਿਆਈ ਦੇ ਰਾਹ ਤੋਂ ਭਟਕ ਜਾਵੇ ਅਤੇ ਕੋਈ ਉਸ ਨੂੰ ਮੋੜ ਲਿਆਵੇ।
20 ੨੦ ਤਾਂ ਉਹ ਜਾਣ ਲਵੇ ਕਿ ਇੱਕ ਪਾਪੀ ਨੂੰ ਉਹ ਦੇ ਬੁਰੇ ਰਾਹ ਤੋਂ ਮੋੜ ਲਿਆਵੇ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤਿਆਂ ਪਾਪਾਂ ਨੂੰ ਢੱਕ ਦੇਵੇਗਾ।