< ਯਾਕੂਬ 4 >
1 ੧ ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਕਿੱਥੋਂ ਆ ਗਏ? ਕੀ ਉਨ੍ਹਾਂ ਭੋਗ ਬਿਲਾਸਾਂ ਤੋਂ ਨਹੀਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ?
2 ੨ ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਨੂੰ ਇਸ ਲਈ ਨਹੀਂ ਮਿਲਦਾ, ਜੋ ਮੰਗਦੇ ਨਹੀਂ।
3 ੩ ਤੁਸੀਂ ਮੰਗਦੇ ਹੋ ਪਰ ਮਿਲਦਾ ਨਹੀਂ ਕਿਉਂ ਜੋ ਬੁਰੀ ਨੀਤ ਨਾਲ ਮੰਗਦੇ ਹੋ ਤਾਂ ਜੋ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ।
4 ੪ ਹੇ ਹਰਾਮਕਾਰੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।
5 ੫ ਕੀ ਤੁਸੀਂ ਇਹ ਸਮਝਦੇ ਹੋ, ਜੋ ਪਵਿੱਤਰ-ਸ਼ਾਸਤਰ ਵਿਅਰਥ ਕਹਿੰਦਾ ਹੈ? ਕਿ ਜਿਸ ਆਤਮਾ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਕੀ ਉਹ ਅਜਿਹੀ ਲਾਲਸਾ ਕਰਦਾ ਹੈ, ਜਿਸ ਦਾ ਫਲ ਈਰਖਾ ਹੋਵੇ?
6 ੬ ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ, ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।
7 ੭ ਇਸ ਲਈ ਤੁਸੀਂ ਪਰਮੇਸ਼ੁਰ ਦੇ ਅਧੀਨ ਹੋ ਜਾਓ। ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।
8 ੮ ਪਰਮੇਸ਼ੁਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।
9 ੯ ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਵਿੱਚ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ ਬਦਲ ਜਾਵੇ।
10 ੧੦ ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ।
11 ੧੧ ਹੇ ਭਰਾਵੋ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ, ਜੋ ਕੋਈ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਰਾ ਉੱਤੇ ਦੋਸ਼ ਲਾਉਂਦਾ ਹੈ ਸੋ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਅਮਲ ਕਰਨ ਵਾਲਾ ਨਹੀਂ ਸਗੋਂ ਦੋਸ਼ ਲਾਉਣ ਵਾਲਾ ਹੋਇਆ ।
12 ੧੨ ਬਿਵਸਥਾ ਦੇਣ ਵਾਲਾ ਅਤੇ ਨਿਆਈਂ ਤਾਂ ਇੱਕੋ ਹੀ ਹੈ ਜਿਸ ਕੋਲ ਨਾਸ ਕਰਨ ਅਤੇ ਬਚਾਉਣ ਦਾ ਅਧਿਕਾਰ ਹੈ। ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?।
13 ੧੩ ਤੁਸੀਂ ਜੋ ਇਹ ਕਹਿੰਦੇ ਹੋ ਕਿ ਅਸੀਂ ਅੱਜ ਜਾਂ ਕੱਲ ਅਸੀਂ ਕਿਸੇ ਹੋਰ ਨਗਰ ਨੂੰ ਜਾਂਵਾਂਗੇ ਅਤੇ ਉੱਥੇ ਇੱਕ ਸਾਲ ਬਿਤਾਵਾਂਗੇ ਅਤੇ ਵਪਾਰ ਕਰਕੇ ਕੁਝ ਲਾਭ ਕਮਾਵਾਂਗੇ।
14 ੧੪ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ ਕੀ ਹੋਵੇਗਾ! ਤੁਹਾਡਾ ਜੀਵਨ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੀ ਹੋ ਜਿਹੜੀ ਥੋੜ੍ਹਾ ਜਿਹਾ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।
15 ੧੫ ਸਗੋਂ ਤੁਹਾਨੂੰ ਇਹ ਆਖਣਾ ਚਾਹੀਦਾ ਸੀ ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।
16 ੧੬ ਪਰ ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਘਮੰਡ ਕਰਦੇ ਹੋ। ਇਹੋ ਜਿਹਾ ਘਮੰਡ ਸਾਰਾ ਹੀ ਬੁਰਾ ਹੁੰਦਾ ਹੈ।
17 ੧੭ ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।