< ਯਸਾਯਾਹ 66 >
1 ੧ ਯਹੋਵਾਹ ਇਹ ਆਖਦਾ ਹੈ ਕਿ ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਫੇਰ ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਅਤੇ ਮੇਰੀ ਅਰਾਮਗਾਹ ਫੇਰ ਕਿੱਥੇ ਹੋਵੇਗੀ?
2 ੨ ਯਹੋਵਾਹ ਦਾ ਵਾਕ ਹੈ, ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਇਸ ਤਰ੍ਹਾਂ ਉਹ ਬਣ ਗਏ। ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਜੋ ਦੀਨ ਅਤੇ ਨਿਮਰ ਆਤਮਾ ਵਾਲਾ ਹੈ ਅਤੇ ਜੋ ਮੇਰੇ ਬਚਨ ਸੁਣ ਕੇ ਕੰਬ ਜਾਂਦਾ ਹੈ।
3 ੩ ਬਲ਼ਦ ਨੂੰ ਵੱਢਣ ਵਾਲਾ ਮਨੁੱਖ ਨੂੰ ਮਾਰਨ ਵਾਲੇ ਜਿਹਾ ਹੈ, ਅਤੇ ਲੇਲੇ ਨੂੰ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦਾ ਲਹੂ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਮੂਰਤ ਨੂੰ ਧੰਨ ਆਖਣ ਵਾਲੇ ਜਿਹਾ ਹੈ, ਹਾਂ, ਇਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਇਹਨਾਂ ਦਾ ਜੀਅ ਇਹਨਾਂ ਦੇ ਘਿਣਾਉਣੇ ਕੰਮਾਂ ਵਿੱਚ ਪ੍ਰਸੰਨ ਰਹਿੰਦਾ ਹੈ।
4 ੪ ਇਸ ਲਈ ਮੈਂ ਵੀ ਇਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਇਹਨਾਂ ਦੇ ਭੈਅ ਇਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਨਾ ਸੁਣੀ, ਇਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਇਹਨਾਂ ਨੇ ਕੀਤਾ।
5 ੫ ਤੁਸੀਂ ਜੋ ਯਹੋਵਾਹ ਦਾ ਬਚਨ ਸੁਣ ਕੇ ਕੰਬਦੇ ਹੋ, ਉਸ ਦਾ ਇਹ ਬਚਨ ਸੁਣੋ! ਤੁਹਾਡੇ ਭਰਾ ਜੋ ਤੁਹਾਡੇ ਤੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਕਿ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਉਹ ਹੀ ਸ਼ਰਮਿੰਦੇ ਹੋਣਗੇ।
6 ੬ ਸ਼ਹਿਰ ਤੋਂ ਰੌਲ਼ੇ ਦੀ ਅਵਾਜ਼, ਹੈਕਲ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ! ਇਹ ਯਹੋਵਾਹ ਦੀ ਅਵਾਜ਼ ਹੈ, ਜੋ ਆਪਣੇ ਵੈਰੀਆਂ ਨੂੰ ਬਦਲਾ ਦੇ ਰਿਹਾ ਹੈ!
7 ੭ ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ, ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।
8 ੮ ਕਿਸ ਨੇ ਅਜਿਹੀ ਗੱਲ ਸੁਣੀ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ। ਪਰ ਜਿਵੇਂ ਹੀ ਸੀਯੋਨ ਨੂੰ ਪੀੜਾਂ ਲੱਗੀਆਂ, ਉਸ ਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ।
9 ੯ ਯਹੋਵਾਹ ਆਖਦਾ ਹੈ, ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ ਤਾਂ ਮੈਂ ਕੁੱਖ ਨੂੰ ਬੰਦ ਕਰਾਂ? ਤੇਰਾ ਪਰਮੇਸ਼ੁਰ ਆਖਦਾ ਹੈ।
10 ੧੦ ਹੇ ਯਰੂਸ਼ਲਮ ਦੇ ਸਾਰੇ ਪ੍ਰੇਮੀਓ! ਉਸ ਦੇ ਨਾਲ ਨਿਹਾਲ ਹੋਵੋ, ਉਸ ਨਾਲ ਅਨੰਦ ਕਰੋ ਅਤੇ ਬਾਗ-ਬਾਗ ਹੋਵੋ, ਹੇ ਉਸ ਦੇ ਲਈ ਸੋਗ ਕਰਨ ਵਾਲਿਓ! ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ!
11 ੧੧ ਤਾਂ ਜੋ ਤੁਸੀਂ ਉਸ ਦੀਆਂ ਤਸੱਲੀ ਦੀਆਂ ਦੁੱਧੀਆਂ ਚੁੰਘੋ ਅਤੇ ਰੱਜ ਜਾਓ, ਤੁਸੀਂ ਰੱਜ ਜਾਓ ਅਤੇ ਉਸ ਦੀ ਸ਼ਾਨ ਦੀ ਬਹੁਤਾਇਤ ਨਾਲ ਆਪਣੇ ਆਪ ਨੂੰ ਮਗਨ ਕਰੋ।
12 ੧੨ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਸ਼ਾਂਤੀ ਦਰਿਆ ਵਾਂਗੂੰ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ।
13 ੧੩ ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਦੇ ਵਿਖੇ ਦਿਲਾਸਾ ਪਾਓਗੇ।
14 ੧੪ ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਗੂੰ ਹਰੀਆਂ-ਭਰੀਆਂ ਹੋਣਗੀਆਂ ਅਤੇ ਇਹ ਪਰਗਟ ਹੋਵੇਗਾ ਕਿ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਉਸਦਾ ਕਹਿਰ ਉਸ ਦੇ ਵੈਰੀਆਂ ਉੱਤੇ ਹੈ।
15 ੧੫ ਵੇਖੋ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਗੂੰ, ਤਾਂ ਜੋ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ,
16 ੧੬ ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰੇਕ ਪ੍ਰਾਣੀ ਦਾ ਨਿਆਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ।
17 ੧੭ ਜੋ ਆਪਣੇ ਆਪ ਨੂੰ ਇਸ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ ਕਿ ਬਾਗ਼ਾਂ ਵਿੱਚ ਜਾਣ, ਅਤੇ ਉਸ ਦੇ ਪਿੱਛੇ ਚੱਲਦੇ ਹਨ ਜੋ ਸੂਰ ਦਾ ਮਾਸ, ਚੂਹੇ ਅਤੇ ਹੋਰ ਘਿਣਾਉਣੀਆਂ ਚੀਜ਼ਾਂ ਖਾਂਦੇ ਹਨ, ਉਹ ਇਕੱਠੇ ਹੀ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ।
18 ੧੮ ਮੈਂ ਉਹਨਾਂ ਦੇ ਕੰਮ ਅਤੇ ਉਹਨਾਂ ਦੇ ਖ਼ਿਆਲ ਚੰਗੀ ਤਰ੍ਹਾਂ ਜਾਣਦਾ ਹਾਂ, ਇਸ ਲਈ ਉਹ ਸਮਾਂ ਆਉਂਦਾ ਹੈ ਜਦ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂਗਾ, ਅਤੇ ਉਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ।
19 ੧੯ ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।
20 ੨੦ ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, ਉਸੇ ਤਰ੍ਹਾਂ ਉਹ ਤੁਹਾਡੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ, ਖੱਚਰਾਂ ਉੱਤੇ ਅਤੇ ਊਠਾਂ ਉੱਤੇ, ਮੇਰੇ ਪਵਿੱਤਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਦਾ ਬਚਨ ਹੈ।
21 ੨੧ ਅਤੇ ਉਹਨਾਂ ਵਿੱਚੋਂ ਵੀ ਮੈਂ ਕੁਝ ਨੂੰ ਜਾਜਕ ਅਤੇ ਲੇਵੀ ਹੋਣ ਲਈ ਚੁਣਾਂਗਾ, ਯਹੋਵਾਹ ਆਖਦਾ ਹੈ।
22 ੨੨ ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ।
23 ੨੩ ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ, ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ,
24 ੨੪ ਮੇਰੇ ਲੋਕ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ।