< ਯਸਾਯਾਹ 57 >
1 ੧ ਧਰਮੀ ਨਾਸ ਹੁੰਦਾ ਪਰ ਕੋਈ ਇਹ ਗੱਲ ਦਿਲ ਤੇ ਨਹੀਂ ਲਾਉਂਦਾ, ਭਗਤ ਲੋਕ ਲੈ ਲਏ ਜਾਂਦੇ ਹਨ ਪਰ ਕੋਈ ਸੋਚਦਾ ਨਹੀਂ ਕਿ ਧਰਮੀ ਇਸ ਲਈ ਲੈ ਲਿਆ ਜਾਂਦਾ ਹੈ ਕਿ ਆਉਣ ਵਾਲੀ ਬਿਪਤਾ ਤੋਂ ਬਚ ਸਕੇ।
2 ੨ ਉਹ ਸ਼ਾਂਤੀ ਨਾਲ ਜਾਂਦੇ, ਉਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ ਹਨ, ਜਿਹੜੇ ਸਿੱਧੀ ਚਾਲ ਚੱਲਦੇ ਹਨ।
3 ੩ ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤਰੋ, ਵਿਭਚਾਰੀ ਅਤੇ ਵੇਸਵਾ ਦੀ ਵੰਸ਼!
4 ੪ ਤੁਸੀਂ ਕਿਸ ਦੇ ਉੱਤੇ ਮਖ਼ੌਲ ਕਰਦੇ ਹੋ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ਼ ਨਹੀਂ?
5 ੫ ਤੁਸੀਂ ਜਿਹੜੇ ਬਲੂਤਾਂ ਵਿੱਚ, ਹਰੇਕ ਹਰੇ ਰੁੱਖ ਦੇ ਹੇਠ ਕਾਮ-ਵਾਸਨਾ ਵਿੱਚ ਸੜਦੇ ਹੋ ਅਤੇ ਘਾਟੀਆਂ ਵਿੱਚ ਪੱਥਰਾਂ ਦੀਆਂ ਦਰਾਰਾਂ ਹੇਠ ਬੱਚਿਆਂ ਨੂੰ ਵੱਢਦੇ ਹੋ!
6 ੬ ਘਾਟੀ ਦੇ ਪੱਧਰੇ ਪੱਥਰ ਤੇਰੇ ਹਿੱਸੇ ਵਿੱਚ ਆਉਣਗੇ, ਇਹੋ ਤੇਰਾ ਭਾਗ ਹੈ! ਇਹਨਾਂ ਦੇ ਲਈ ਹੀ ਤੂੰ ਪੀਣ ਦੀ ਭੇਟ ਡੋਲ੍ਹੀ ਅਤੇ ਮੈਦੇ ਦੀ ਭੇਟ ਚੜ੍ਹਾਈ, ਕੀ ਇਹ ਸਭ ਵੇਖਦੇ ਹੋਏ ਵੀ ਮੈਂ ਸ਼ਾਂਤ ਰਹਾਂ?
7 ੭ ਇੱਕ ਉੱਚੇ ਤੇ ਬੁਲੰਦ ਪਰਬਤ ਉੱਤੇ ਤੂੰ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ।
8 ੮ ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੇ ਬੁੱਤਾਂ ਦੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੂੰ ਉਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਉਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ!
9 ੯ ਤੂੰ ਤੇਲ ਲੈ ਕੇ ਮਲਕ ਦੇਵਤੇ ਕੋਲ ਗਈ, ਤੂੰ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੂੰ ਆਪਣੇ ਵਿਚੋਲੇ ਦੂਰ-ਦੂਰ ਘੱਲੇ, ਤੂੰ ਆਪਣੇ ਆਪ ਨੂੰ ਪਤਾਲ ਤੱਕ ਨੀਵਾਂ ਕੀਤਾ! (Sheol )
10 ੧੦ ਤੂੰ ਆਪਣੇ ਸਫ਼ਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੂੰ ਨਾ ਆਖਿਆ, ਇਹ ਵਿਅਰਥ ਹੈ, ਤੇਰੀ ਜਾਨ ਵਿੱਚ ਜਾਨ ਆਈ, ਇਸ ਲਈ ਤੂੰ ਨਾ ਥੱਕੀ।
11 ੧੧ ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ? ਪਰ ਤੂੰ ਮੇਰੇ ਤੋਂ ਨਾ ਡਰੀ।
12 ੧੨ ਮੈਂ ਤੇਰੇ ਧਰਮ ਨੂੰ ਅਤੇ ਤੇਰੇ ਕੰਮਾਂ ਨੂੰ ਦੱਸਾਂਗਾ, ਪਰ ਉਹ ਤੈਨੂੰ ਕੁਝ ਲਾਭ ਨਾ ਪੁਚਾਉਣਗੇ।
13 ੧੩ ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਵੇਗੀ, ਅਤੇ ਇੱਕ ਫੂਕ ਨਾਲ ਉਹ ਉੱਡ ਜਾਣਗੇ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਉਹ ਧਰਤੀ ਉੱਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤਰ ਪਰਬਤ ਦਾ ਅਧਿਕਾਰੀ ਹੋਵੇਗਾ।
14 ੧੪ ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ! ਰਾਹ ਤਿਆਰ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਹਰੇਕ ਰੁਕਾਵਟ ਚੁੱਕ ਸੁੱਟੋ!
15 ੧੫ ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ।
16 ੧੬ ਮੈਂ ਸਦਾ ਤੱਕ ਨਾ ਝਗੜਾਂਗਾ, ਨਾ ਹਮੇਸ਼ਾ ਕ੍ਰੋਧਵਾਨ ਰਹਾਂਗਾ, ਨਹੀਂ ਤਾਂ ਉਨ੍ਹਾਂ ਦਾ ਆਤਮਾ ਮੇਰੇ ਕਾਰਨ ਨਢਾਲ ਹੋ ਜਾਵੇਗਾ, ਉਹ ਹੀ ਮਨੁੱਖ ਜਿਨ੍ਹਾਂ ਨੂੰ ਮੈਂ ਬਣਾਇਆ।
17 ੧੭ ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕ੍ਰੋਧਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕ੍ਰੋਧਵਾਨ ਹੋਇਆ, ਪਰ ਫੇਰ ਵੀ ਉਹ ਆਪਣੀ ਮਨ ਦੀ ਮਰਜ਼ੀ ਵਿੱਚ ਭਟਕਦੇ ਗਏ।
18 ੧੮ ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ।
19 ੧੯ ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ।
20 ੨੦ ਦੁਸ਼ਟ ਉੱਛਲਦੇ ਸਮੁੰਦਰ ਵਾਂਗੂੰ ਹਨ, ਜੋ ਚੈਨ ਨਹੀਂ ਲੈ ਸਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ।
21 ੨੧ ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।