< ਯਸਾਯਾਹ 54 >
1 ੧ ਹੇ ਬਾਂਝ, ਤੂੰ ਜੋ ਨਹੀਂ ਜਣੀ, ਜੈਕਾਰਾ ਗਜਾ! ਖੁੱਲ੍ਹ ਕੇ ਜੈਕਾਰਾ ਗਜਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਦਾ ਬਚਨ ਹੈ।
2 ੨ ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਉਹ ਆਪਣੇ ਵਾਸਾਂ ਦੇ ਪੜਦੇ ਤਾਣਨ, ਤੂੰ ਸਰਫ਼ਾ ਨਾ ਕਰ, ਆਪਣੀਆਂ ਰੱਸੀਆਂ ਲੰਮੀਆਂ ਤੇ ਆਪਣਿਆਂ ਕੀਲਿਆਂ ਨੂੰ ਤਕੜਾ ਕਰ!
3 ੩ ਤੂੰ ਤਾਂ ਸੱਜੇ ਖੱਬੇ ਫੈਲੇਂਗੀ, ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ, ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ।
4 ੪ ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੇ ਉਲਾਂਭੇ ਨੂੰ ਫੇਰ ਯਾਦ ਨਾ ਕਰੇਂਗੀ।
5 ੫ ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ।
6 ੬ ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ, ਤੇਰਾ ਪਰਮੇਸ਼ੁਰ ਆਖਦਾ ਹੈ।
7 ੭ ਕੁਝ ਪਲ ਲਈ ਹੀ ਮੈਂ ਤੈਨੂੰ ਤਿਆਗਿਆ ਸੀ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ।
8 ੮ ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ।
9 ੯ ਇਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ, - ਜਿਵੇਂ ਮੈਂ ਸਹੁੰ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਉਸੇ ਤਰ੍ਹਾਂ ਮੈਂ ਸਹੁੰ ਖਾਧੀ ਹੈ ਕਿ ਮੈਂ ਤੇਰੇ ਉੱਤੇ ਕ੍ਰੋਧਿਤ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ।
10 ੧੦ ਭਾਵੇਂ ਪਰਬਤ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਜੋ ਤੇਰੇ ਉੱਤੇ ਦਯਾ ਕਰਦਾ ਹੈ ਆਖਦਾ ਹੈ।
11 ੧੧ ਹੇ ਦੁਖਿਆਰੀਏ, ਅਨ੍ਹੇਰ ਦੀਏ ਮਾਰੀਏ ਹੋਈਏ, ਜਿਸ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਫ਼ੀਰੋਜ਼ਿਆਂ ਵਿੱਚ ਜੜ੍ਹਾਂਗਾ, ਅਤੇ ਤੇਰੀਆਂ ਨੀਂਹਾਂ ਨੂੰ ਨੀਲਮਾਂ ਨਾਲ ਧਰਾਂਗਾ।
12 ੧੨ ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਗੜ੍ਹਾਂ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ।
13 ੧੩ ਤੇਰੇ ਸਾਰੇ ਪੁੱਤਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ।
14 ੧੪ ਤੂੰ ਧਰਮ ਨਾਲ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਇਸ ਲਈ ਤੂੰ ਨਾ ਡਰੇਂਗੀ, ਅਤੇ ਖੌਫ਼ ਨਾ ਖਾਵੇਂਗੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ।
15 ੧੫ ਵੇਖ, ਉਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ ਡਿੱਗੇਗਾ।
16 ੧੬ ਵੇਖ, ਮੈਂ ਲੁਹਾਰ ਉਤਪਤ ਕੀਤਾ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ, ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ, ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ ਕੀਤਾ।
17 ੧੭ ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ - ਇਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਣਗੇ, ਯਹੋਵਾਹ ਦਾ ਵਾਕ ਹੈ।
A Dove is Sent Forth from the Ark