< ਯਸਾਯਾਹ 46 >
1 ੧ ਬੇਲ ਦੇਵਤਾ ਝੁੱਕ ਜਾਂਦਾ, ਨਬੋ ਦੇਵਤਾ ਕੁੱਬਾ ਹੋ ਜਾਂਦਾ ਹੈ, ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ, ਜਿਹੜੀਆਂ ਮੂਰਤਾਂ ਤੁਸੀਂ ਚੁੱਕੀ ਫਿਰਦੇ ਹੋ, ਉਹ ਭਾਰ ਹਨ ਅਤੇ ਥੱਕੇ ਹੋਏ ਪਸ਼ੂਆਂ ਲਈ ਬੋਝ ਹਨ।
2 ੨ ਉਹ ਇਕੱਠੇ ਝੁੱਕ ਜਾਂਦੇ, ਉਹ ਕੁੱਬੇ ਹੋ ਜਾਂਦੇ, ਉਹ ਬੋਝ ਨੂੰ ਛੁਡਾ ਨਾ ਸਕੇ, ਸਗੋਂ ਆਪ ਹੀ ਗੁਲਾਮੀ ਵਿੱਚ ਚਲੇ ਗਏ।
3 ੩ ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਚੇ ਹੋਇਓ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਦਾ ਰਿਹਾ,
4 ੪ ਤੁਹਾਡੇ ਬੁਢਾਪੇ ਤੱਕ ਅਤੇ ਧੌਲਿਆਂ ਤੱਕ ਉਹ ਹੀ ਹਾਂ, ਮੈਂ ਤੈਨੂੰ ਬਣਾਇਆ ਹੈ, ਮੈਂ ਹੀ ਤੈਨੂੰ ਚੁੱਕਾਂਗਾ, ਮੈਂ ਉਠਾਵਾਂਗਾ ਅਤੇ ਮੈਂ ਛੁਡਾਵਾਂਗਾ।
5 ੫ ਤੁਸੀਂ ਮੈਨੂੰ ਕਿਸ ਦੇ ਵਰਗਾ ਬਣਾਓਗੇ, ਕਿਸ ਦੇ ਤੁੱਲ ਮੈਨੂੰ ਠਹਿਰਾਓਗੇ, ਅਤੇ ਕਿਸ ਦੇ ਨਾਲ ਮੇਰੀ ਮਿਸਾਲ ਦਿਓਗੇ, ਤਾਂ ਜੋ ਅਸੀਂ ਇੱਕੋ ਵਰਗੇ ਹੋਈਏ?
6 ੬ ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ, ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ!
7 ੭ ਉਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਉੱਥੇ ਹੀ ਖੜ੍ਹਾ ਰਹਿੰਦਾ ਹੈ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ। ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਹੀ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਿਪਤਾਵਾਂ ਤੋਂ ਬਚਾਉਂਦਾ ਹੈ।
8 ੮ ਹੇ ਅਪਰਾਧੀਓ, ਇਹ ਗੱਲ ਨੂੰ ਯਾਦ ਰੱਖੋ ਅਤੇ ਧਿਆਨ ਦਿਓ, ਫੇਰ ਦਿਲ ਤੇ ਲਾਓ!
9 ੯ ਪੁਰਾਣੇ ਸਮੇਂ ਦੀਆਂ ਗੱਲਾਂ ਨੂੰ ਯਾਦ ਰੱਖੋ ਜੋ ਆਦ ਤੋਂ ਹਨ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਮੈਂ ਹੀ ਪਰਮੇਸ਼ੁਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ।
10 ੧੦ ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
11 ੧੧ ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ ਅਰਥਾਤ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਮਨੁੱਖ ਨੂੰ ਦੂਰ ਦੇਸ ਤੋਂ ਸੱਦਦਾ ਹਾਂ। ਹਾਂ, ਮੈਂ ਬੋਲਿਆ ਹੈ, ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।
12 ੧੨ ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ! ਤੁਸੀਂ ਜੋ ਧਰਮ ਤੋਂ ਦੂਰ ਹੋ, -
13 ੧੩ ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ, ਉਹ ਦੂਰ ਨਹੀਂ ਰਹੇਗਾ, ਮੇਰਾ ਬਚਾਓ ਢਿੱਲ ਨਹੀਂ ਲਾਵੇਗਾ, ਮੈਂ ਸੀਯੋਨ ਵਿੱਚ ਬਚਾਓ, ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ।