< ਯਸਾਯਾਹ 45 >
1 ੧ ਯਹੋਵਾਹ ਆਪਣੇ ਮਸਹ ਕੀਤੇ ਹੋਏ ਕੋਰਸ਼ ਨੂੰ ਇਹ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਰਾਜਿਆਂ ਦੇ ਕਮਰ ਕੱਸੇ ਖੋਲ੍ਹ ਦਿਆਂ, ਕਿ ਮੈਂ ਉਹ ਦੇ ਸਾਹਮਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ।
2 ੨ ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ, ਅਤੇ ਉੱਚੇ-ਉੱਚੇ ਪਹਾੜਾਂ ਨੂੰ ਪੱਧਰਾ ਕਰਾਂਗਾ, ਮੈਂ ਪਿੱਤਲ ਦੇ ਫਾਟਕ ਭੰਨ ਸੁੱਟਾਂਗਾ, ਅਤੇ ਲੋਹੇ ਦੀਆਂ ਬੇੜੀਆਂ ਵੱਢ ਸੁੱਟਾਂਗਾ।
3 ੩ ਮੈਂ ਤੈਨੂੰ ਹਨੇਰੇ ਵਿੱਚ ਲੁਕੇ ਹੋਏ ਖ਼ਜ਼ਾਨੇ, ਅਤੇ ਗੁਪਤ ਸਥਾਨਾਂ ਵਿੱਚ ਦੱਬੇ ਹੋਏ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ।
4 ੪ ਮੇਰੇ ਦਾਸ ਯਾਕੂਬ ਦੀ, ਅਤੇ ਮੇਰੇ ਚੁਣੇ ਹੋਏ ਇਸਰਾਏਲ ਦੀ ਖਾਤਰ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
5 ੫ ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ, ਮੈਂ ਤੈਨੂੰ ਬਲ ਦੇਵਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ,
6 ੬ ਤਾਂ ਜੋ ਉਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਹੈ ਹੀ ਨਹੀਂ।
7 ੭ ਮੈਂ ਚਾਨਣ ਦਾ ਸਿਰਜਣਹਾਰ ਅਤੇ ਹਨੇਰੇ ਦਾ ਕਰਤਾਰ ਹਾਂ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਇਹ ਸਾਰੇ ਕੰਮ ਕਰਦਾ ਹਾਂ।
8 ੮ ਹੇ ਅਕਾਸ਼ੋ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ! ਅਤੇ ਗਗਨ ਤੋਂ ਧਰਮ ਵਰ੍ਹੇ, ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ, ਅਤੇ ਧਰਮ ਨੂੰ ਵੀ ਉਗਾਵੇ, ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ।
9 ੯ ਹਾਏ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ, ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ! ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ, ਤੂੰ ਕੀ ਬਣਾਉਂਦਾ ਹੈਂ? ਜਾਂ ਕਾਰੀਗਰ ਦੀ ਕਿਰਤ ਇਹ ਆਖੇ ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ!
10 ੧੦ ਹਾਏ ਉਹ ਦੇ ਉੱਤੇ ਜੋ ਕਿਸੇ ਪਿਤਾ ਨੂੰ ਆਖਦਾ ਹੈ, ਤੂੰ ਕਿਸਨੂੰ ਜਨਮ ਦਿੰਦਾ ਹੈਂ? ਜਾਂ ਕਿਸੇ ਮਾਤਾ ਨੂੰ, ਤੈਨੂੰ ਕਾਹ ਦੀਆਂ ਪੀੜਾਂ ਲੱਗੀਆਂ ਹਨ?
11 ੧੧ ਯਹੋਵਾਹ ਜੋ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਹ ਦਾ ਸਿਰਜਣਹਾਰ ਹੈ, ਇਹ ਆਖਦਾ ਹੈ, ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ?
12 ੧੨ ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਮਨੁੱਖ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥਾਂ ਨਾਲ ਅਕਾਸ਼ ਨੂੰ ਤਾਣਿਆ, ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ।
13 ੧੩ ਮੈਂ ਉਹ ਨੂੰ ਧਰਮ ਵਿੱਚ ਉਠਾਇਆ, ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ, ਉਹ ਮੇਰਾ ਸ਼ਹਿਰ ਉਸਾਰੇਗਾ, ਅਤੇ ਮੇਰੇ ਗੁਲਾਮਾਂ ਨੂੰ ਅਜ਼ਾਦ ਕਰੇਗਾ, ਬਿਨ੍ਹਾਂ ਮੁੱਲ ਅਤੇ ਬਿਨ੍ਹਾਂ ਬਦਲੇ ਦੇ, ਅਜ਼ਾਦ ਕਰੇਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।
14 ੧੪ ਯਹੋਵਾਹ ਇਹ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਵਪਾਰ, ਅਤੇ ਸ਼ਬਾ ਦੇ ਉੱਚੇ ਕੱਦ ਵਾਲੇ ਮਨੁੱਖ, ਉਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ, ਉਹ ਤੇਰੇ ਅੱਗੇ ਮੱਥਾ ਟੇਕਣਗੇ, ਉਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੈ, ਹੋਰ ਕੋਈ ਨਹੀਂ, ਹੋਰ ਕੋਈ ਪਰਮੇਸ਼ੁਰ ਨਹੀਂ।
15 ੧੫ ਸੱਚ-ਮੁੱਚ ਤੂੰ ਹੀ ਅਜਿਹਾ ਪਰਮੇਸ਼ੁਰ ਹੈਂ ਜੋ ਆਪ ਨੂੰ ਗੁਪਤ ਰੱਖਦਾ ਹੈ, ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ।
16 ੧੬ ਉਹ ਸਾਰੇ ਸ਼ਰਮਿੰਦੇ ਹੋਣਗੇ ਅਤੇ ਨਮੋਸ਼ੀ ਉਠਾਉਣਗੇ, ਜਿਹੜੇ ਬੁੱਤ ਸਾਜ ਹਨ, ਉਹ ਇਕੱਠੇ ਨਮੋਸ਼ੀ ਵਿੱਚ ਜਾਣਗੇ।
17 ੧੭ ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ ਬਚਾਇਆ ਜਾਵੇਗਾ, ਤੁਸੀਂ ਜੁੱਗੋ-ਜੁੱਗ ਸਦਾ ਤੱਕ ਸ਼ਰਮਿੰਦੇ ਨਾ ਹੋਵੋਗੇ, ਨਾ ਨਮੋਸ਼ੀ ਉਠਾਓਗੇ।
18 ੧੮ ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, - ਉਹ ਉਹੀ ਪਰਮੇਸ਼ੁਰ ਹੈ ਜਿਸ ਨੇ ਧਰਤੀ ਨੂੰ ਸਾਜਿਆ, ਜਿਸ ਨੇ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, - ਉਹ ਨੇ ਉਸ ਨੂੰ ਵਿਰਾਨ ਰਹਿਣ ਲਈ ਉਤਪਤ ਨਹੀਂ ਕੀਤਾ, ਸਗੋਂ ਵੱਸਣ ਲਈ ਉਸ ਨੂੰ ਸਿਰਜਿਆ, - ਉਹ ਇਹ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ।
19 ੧੯ ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੇ ਹਨੇਰੇ ਥਾਵਾਂ ਵਿੱਚ, ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ, ਕਿ “ਮੈਨੂੰ ਵਿਅਰਥ ਭਾਲੋ,” ਮੈਂ ਯਹੋਵਾਹ ਸੱਚ ਬੋਲਣ ਵਾਲਾ ਹਾਂ, ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ।
20 ੨੦ ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ। ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ!
21 ੨੧ ਪਰਚਾਰ ਕਰੋ ਤੇ ਉਨ੍ਹਾਂ ਨੂੰ ਪੇਸ਼ ਕਰੋ, - ਹਾਂ, ਉਹ ਇਕੱਠੇ ਸਲਾਹ ਕਰਨ, - ਕਿਸ ਨੇ ਪੁਰਾਣੇ ਸਮੇਂ ਤੋਂ ਇਹ ਦੱਸਿਆ? ਕਿਸ ਨੇ ਪ੍ਰਾਚੀਨ ਸਮੇਂ ਇਹ ਦਾ ਵਰਨਣ ਕੀਤਾ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ? ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀਦਾਤਾ, ਮੇਰੇ ਬਿਨ੍ਹਾਂ ਕੋਈ ਹੈ ਹੀ ਨਹੀਂ।
22 ੨੨ ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ।
23 ੨੩ ਮੈਂ ਆਪਣੀ ਹੀ ਸਹੁੰ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਹਰੇਕ ਗੋਡਾ ਮੇਰੇ ਅੱਗੇ ਨਿਵੇਗਾ, ਹਰ ਇੱਕ ਜ਼ੁਬਾਨ ਮੇਰੀ ਸਹੁੰ ਖਾਵੇਗੀ।
24 ੨੪ ਮੇਰੇ ਵਿਖੇ ਇਹ ਆਖਿਆ ਜਾਵੇਗਾ, ਸਿਰਫ਼ ਯਹੋਵਾਹ ਵਿੱਚ ਹੀ ਧਰਮ ਅਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਦੇ ਕੋਲ ਆਉਣਗੇ ਅਤੇ ਸ਼ਰਮਿੰਦੇ ਹੋਣਗੇ।
25 ੨੫ ਇਸਰਾਏਲ ਦਾ ਸਾਰਾ ਵੰਸ਼ ਯਹੋਵਾਹ ਵਿੱਚ ਧਰਮੀ ਠਹਿਰੇਗਾ ਅਤੇ ਮਾਣ ਕਰੇਗਾ।