< ਯਸਾਯਾਹ 41 >
1 ੧ ਹੇ ਟਾਪੂਓ, ਮੇਰੇ ਅੱਗੇ ਚੁੱਪ ਰਹੋ ਅਤੇ ਸੁਣੋ, ਕੌਮਾਂ ਆਪਣਾ ਬਲ ਨਵੇਂ ਸਿਰਿਓਂ ਪਾਉਣ, ਉਹ ਨੇੜੇ ਆ ਕੇ ਗੱਲ ਕਰਨ, ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ।
2 ੨ ਕਿਸ ਨੇ ਪੂਰਬ ਤੋਂ ਰਾਜਾ ਨੂੰ ਉਕਸਾਇਆ, ਜਿਸ ਦੇ ਕਦਮ ਫ਼ਤਹ ਚੁੰਮਦੀ ਹੈ? ਉਹ ਕੌਮਾਂ ਨੂੰ ਉਸ ਦੇ ਵੱਸ ਵਿੱਚ ਕਰ ਦਿੰਦਾ ਹੈ, ਤਾਂ ਜੋ ਉਹ ਰਾਜਿਆਂ ਉੱਤੇ ਰਾਜ ਕਰੇ, ਉਹ ਉਹਨਾਂ ਨੂੰ ਆਪਣੀ ਤਲਵਾਰ ਨਾਲ ਧੂੜ ਵਾਂਗੂੰ ਅਤੇ ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।
3 ੩ ਉਹ ਉਹਨਾਂ ਦਾ ਪਿੱਛਾ ਕਰਦਾ ਹੈ, ਉਹ ਸ਼ਾਂਤੀ ਨਾਲ ਉਸ ਰਾਹ ਤੋਂ ਲੰਘ ਜਾਂਦਾ ਹੈ, ਜਿਸ ਦੇ ਉੱਤੇ ਉਸ ਦੇ ਪੈਰ ਨਹੀਂ ਗਏ ਸਨ।
4 ੪ ਕਿਸ ਨੇ ਇਹ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ? ਮੈਂ, ਯਹੋਵਾਹ ਨੇ! ਆਦ ਤੋਂ ਅੰਤ ਤੱਕ ਮੈਂ ਉਹੀ ਹਾਂ!
5 ੫ ਟਾਪੂਆਂ ਨੇ ਵੇਖਿਆ ਅਤੇ ਡਰ ਗਏ, ਧਰਤੀ ਦੀਆਂ ਹੱਦਾਂ ਕੰਬਦੀਆਂ ਹਨ, ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ।
6 ੬ ਹਰੇਕ ਆਪਣੇ ਗੁਆਂਢੀ ਦੀ ਸਹਾਇਤਾ ਕਰਦਾ ਹੈ, ਅਤੇ ਆਪਣੇ ਭਰਾ ਨੂੰ ਆਖਦਾ ਹੈ, ਹੌਂਸਲਾ ਰੱਖ!
7 ੭ ਤਰਖਾਣ ਸੁਨਿਆਰ ਨੂੰ ਤਕੜਾ ਕਰਦਾ ਹੈ, ਅਤੇ ਉਹ ਜਿਹੜਾ ਹਥੌੜੇ ਨਾਲ ਪੱਧਰਾ ਕਰਦਾ ਹੈ, ਉਹ ਨੂੰ ਜਿਹੜਾ ਆਹਰਨ ਉੱਤੇ ਮਾਰਦਾ ਹੈ। ਉਹ ਟਾਂਕੇ ਵਿਖੇ ਕਹਿੰਦਾ ਹੈ, ਉਹ ਚੰਗਾ ਹੈ, ਉਹ ਉਸ ਨੂੰ ਕਿੱਲਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ।
8 ੮ ਪਰ ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਸ ਨੂੰ ਮੈਂ ਚੁਣਿਆ ਹੈ, ਮੇਰੇ ਮਿੱਤਰ ਅਬਰਾਹਾਮ ਦੀ ਅੰਸ,
9 ੯ ਜਿਸ ਨੂੰ ਮੈਂ ਧਰਤੀ ਦੀਆਂ ਹੱਦਾਂ ਤੋਂ ਇਕੱਠਾ ਕੀਤਾ ਅਤੇ ਉਹ ਦਿਆਂ ਖੂੰਜਿਆਂ ਤੋਂ ਬੁਲਾ ਲਿਆ, ਅਤੇ ਤੈਨੂੰ ਆਖਿਆ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਚੁਣਿਆ ਹੈ ਅਤੇ ਤੈਨੂੰ ਤਿਆਗਿਆ ਨਹੀਂ।
10 ੧੦ ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
11 ੧੧ ਵੇਖੋ, ਉਹ ਜੋ ਤੇਰੇ ਨਾਲ ਕ੍ਰੋਧਿਤ ਹਨ, ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ, ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆਂ ਜਿਹੇ ਹੋ ਕੇ ਨਾਸ ਹੋ ਜਾਣਗੇ।
12 ੧੨ ਜੋ ਤੇਰੇ ਨਾਲ ਝਗੜਦੇ ਹਨ, ਤੂੰ ਉਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਹੀਂ। ਜੋ ਤੇਰੇ ਨਾਲ ਯੁੱਧ ਕਰਦੇ ਹਨ, ਉਹ ਨਾ ਹੋਇਆਂ ਜਿਹੇ ਸਗੋਂ ਵਿਅਰਥ ਜਿਹੇ ਹੋ ਜਾਣਗੇ!
13 ੧੩ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।
14 ੧੪ ਨਾ ਡਰ, ਹੇ ਕੀੜੇ ਵਰਗੇ ਯਾਕੂਬ, ਹੇ ਛੋਟੇ ਇਸਰਾਏਲ, ਨਾ ਡਰ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ।
15 ੧੫ ਵੇਖ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ।
16 ੧੬ ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ, ਪਰ ਤੂੰ ਯਹੋਵਾਹ ਵਿੱਚ ਖੁਸ਼ ਹੋਵੇਂਗਾ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਉੱਤੇ ਮਾਣ ਕਰੇਂਗਾ।
17 ੧੭ ਮਸਕੀਨ ਅਤੇ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਖੁਸ਼ਕ ਹਨ, ਮੈਂ ਯਹੋਵਾਹ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ।
18 ੧੮ ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾਬ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ।
19 ੧੯ ਮੈਂ ਉਜਾੜ ਵਿੱਚ ਦਿਆਰ ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ। ਮੈਂ ਮੈਦਾਨ ਵਿੱਚ ਸਰੂ, ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ।
20 ੨੦ ਤਾਂ ਜੋ ਲੋਕ ਵੇਖਣ ਅਤੇ ਜਾਣਨ, ਅਤੇ ਧਿਆਨ ਦੇਣ ਤੇ ਸਮਝਣ ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਹ ਸਿਰਜਿਆ ਹੈ।
21 ੨੧ ਯਹੋਵਾਹ ਆਖਦਾ ਹੈ, ਆਪਣਾ ਦਾਵਾ ਪੇਸ਼ ਕਰੋ, ਯਾਕੂਬ ਦਾ ਰਾਜਾ ਆਖਦਾ ਹੈ, ਆਪਣੇ ਪਰਮਾਣ ਲਿਆਓ।
22 ੨੨ ਉਹ ਮੂਰਤੀਆਂ ਨੂੰ ਲਿਆਉਣ ਅਤੇ ਸਾਨੂੰ ਦੱਸਣ, ਜੋ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਤੁਸੀਂ ਪਹਿਲੀਆਂ ਗੱਲਾਂ ਦੱਸੋ, ਕਿ ਉਹ ਕੀ ਸਨ, ਤਾਂ ਜੋ ਅਸੀਂ ਧਿਆਨ ਦੇਈਏ, ਅਤੇ ਉਹਨਾਂ ਦੇ ਅੰਤ ਨੂੰ ਜਾਣੀਏ, ਜਾਂ ਆਉਣ ਵਾਲੀਆਂ ਗੱਲਾਂ ਸੁਣਾਓ।
23 ੨੩ ਤੁਸੀਂ ਸਾਨੂੰ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸੋ, ਤਾਂ ਅਸੀਂ ਜਾਣਾਂਗੇ ਕਿ ਤੁਸੀਂ ਦੇਵਤੇ ਹੋ, ਹਾਂ, ਭਲਿਆਈ ਜਾਂ ਬੁਰਿਆਈ ਕੁਝ ਤਾਂ ਕਰੋ, ਤਾਂ ਜੋ ਅਸੀਂ ਹੈਰਾਨ ਹੋਈਏ ਅਤੇ ਰਲ ਕੇ ਉਹ ਨੂੰ ਵੇਖੀਏ!
24 ੨੪ ਵੇਖੋ, ਤੁਸੀਂ ਕੁਝ ਵੀ ਨਹੀਂ, ਅਤੇ ਤੁਹਾਡੇ ਕੰਮ ਫੋਕਟ ਜਿਹੇ ਹਨ! ਜੋ ਤੈਨੂੰ ਚੁਣਦਾ ਹੈ ਉਹ ਘਿਣਾਉਣਾ ਹੈ।
25 ੨੫ ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ, ਉਹ ਹਾਕਮਾਂ ਉੱਤੇ ਇਸ ਤਰ੍ਹਾਂ ਆ ਪਵੇਗਾ ਜਿਵੇਂ ਗਾਰੇ ਉੱਤੇ, ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਤਾੜਦਾ ਹੈ।
26 ੨੬ ਕਿਸ ਨੇ ਆਦ ਤੋਂ ਦੱਸਿਆ ਤਾਂ ਜੋ ਅਸੀਂ ਜਾਣੀਏ, ਅਤੇ ਪਹਿਲਾਂ ਤੋਂ ਤਾਂ ਜੋ ਅਸੀਂ ਆਖੀਏ, ਉਹ ਸੱਚਾ ਸੀ? ਕੋਈ ਦੱਸਣ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ, ਤੁਹਾਡੀਆਂ ਗੱਲਾਂ ਦਾ ਸੁਣਨ ਵਾਲਾ ਕੋਈ ਨਹੀਂ।
27 ੨੭ ਮੈਂ ਹੀ ਪਹਿਲਾ ਸੀ, ਜਿਸ ਨੇ ਸੀਯੋਨ ਨੂੰ ਆਖਿਆ, - ਵੇਖ, ਉਹਨਾਂ ਨੂੰ ਵੇਖ! ਅਤੇ ਯਰੂਸ਼ਲਮ ਲਈ ਮੈਂ ਇੱਕ ਖੁਸ਼ਖਬਰੀ ਦੇਣ ਵਾਲਾ ਬਖ਼ਸ਼ਿਆ।
28 ੨੮ ਜਦ ਮੈਂ ਵੇਖਦਾ ਹਾਂ ਤਾਂ ਕੋਈ ਨਹੀਂ ਹੈ, ਅਤੇ ਇਹਨਾਂ ਦੇ ਵਿੱਚ ਕੋਈ ਸਲਾਹਕਾਰ ਨਹੀਂ, ਕਿ ਜਦ ਮੈਂ ਉਹਨਾਂ ਤੋਂ ਪੁੱਛਾਂ ਤਾਂ ਉਹ ਅੱਗੋਂ ਮੈਨੂੰ ਜਵਾਬ ਦੇਣ।
29 ੨੯ ਵੇਖੋ, ਉਹ ਸਭ ਦੇ ਸਭ ਵਿਅਰਥ ਹਨ, ਉਹਨਾਂ ਦੇ ਕੰਮ ਕੁਝ ਵੀ ਨਹੀਂ ਹਨ, ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਹਵਾ ਅਤੇ ਫੋਕਟ ਹੀ ਹਨ।