< ਯਸਾਯਾਹ 32 >
1 ੧ ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ, ਅਤੇ ਹਾਕਮ ਨਿਆਂ ਨਾਲ ਹਕੂਮਤ ਕਰਨਗੇ।
2 ੨ ਹਰੇਕ ਹਨੇਰੀ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਬੰਜਰ ਧਰਤੀ ਵਿੱਚ ਵੱਡੀ ਚੱਟਾਨ ਦੇ ਸਾਯੇ ਜਿਹਾ।
3 ੩ ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।
4 ੪ ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।
5 ੫ ਮੂਰਖ ਅੱਗੇ ਨੂੰ ਪਤਵੰਤ ਨਾ ਕਹਾਵੇਗਾ, ਨਾ ਦੁਸ਼ਟ ਨੇਕ ਅਖਵਾਏਗਾ।
6 ੬ ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ, ਅਤੇ ਉਹ ਦਾ ਮਨ ਬਦੀ ਸੋਚੇਗਾ, ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ ਗਲਤ ਬਚਨ ਬੋਲੇ, ਅਤੇ ਭੁੱਖੇ ਦੀ ਜਾਨ ਨੂੰ ਖਾਲੀ ਰੱਖੇ, ਅਤੇ ਤਿਹਾਏ ਦਾ ਪਾਣੀ ਰੋਕ ਲਵੇ।
7 ੭ ਬਦਮਾਸ਼ਾਂ ਦੀਆਂ ਚਾਲਾਂ ਬੁਰੀਆਂ ਹਨ, ਉਹ ਯੋਜਨਾ ਬਣਾਉਂਦੇ ਹਨ ਤਾਂ ਜੋ ਕੰਗਾਲਾਂ ਨੂੰ ਝੂਠੀਆਂ ਗੱਲਾਂ ਨਾਲ ਬਰਬਾਦ ਕਰਨ, ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ।
8 ੮ ਪਰ ਪਤਵੰਤ ਭਲੀ ਯੋਜਨਾ ਬਣਾਉਂਦਾ ਹੈ, ਭਲੇ ਕੰਮਾਂ ਨਾਲ ਹੀ ਉਹ ਕਾਇਮ ਹੈ।
9 ੯ ਹੇ ਲਾਪਰਵਾਹ ਔਰਤੋਂ ਉੱਠੋ, ਮੇਰੀ ਅਵਾਜ਼ ਸੁਣੋ! ਹੇ ਬੇਫ਼ਿਕਰ ਧੀਓ, ਮੇਰੇ ਬਚਨ ਉੱਤੇ ਕੰਨ ਲਾਓ!
10 ੧੦ ਸਾਲ ਤੋਂ ਕੁਝ ਦਿਨ ਉੱਤੇ ਹੋਇਆਂ ਹੀ ਤੁਸੀਂ ਘਬਰਾ ਜਾਓਗੀਆਂ, ਹੇ ਨਿਸਚਿੰਤ ਔਰਤੋਂ! ਕਿਉਂ ਜੋ ਅੰਗੂਰ ਦਾ ਚੁਗਣਾ ਘੱਟ ਜਾਵੇਗਾ, ਅਤੇ ਕੋਈ ਫਲ ਹੱਥ ਨਾ ਆਵੇਗਾ।
11 ੧੧ ਹੇ ਲਾਪਰਵਾਹੋ, ਕੰਬੋ! ਹੇ ਨਿਸਚਿੰਤਣੀਓ, ਘਬਰਾ ਜਾਓ! ਆਪਣੇ ਸੋਹਣੇ ਕੱਪੜੇ ਲਾਹ ਸੁੱਟੋ, ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ!
12 ੧੨ ਉਹ ਫਲਦਾਰ ਵੇਲ ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।
13 ੧੩ ਮੇਰੀ ਪਰਜਾ ਦੇ ਖੇਤਾਂ ਵਿੱਚ ਕੰਡੇ ਅਤੇ ਕੰਡਿਆਲੇ ਉੱਗਣਗੇ, ਸਗੋਂ ਅਨੰਦਮਈ ਨਗਰ ਦੇ ਸਾਰੇ ਖੁਸ਼ ਹਾਲ ਘਰਾਂ ਉੱਤੇ ਵੀ।
14 ੧੪ ਮਹਿਲ ਤਾਂ ਛੱਡਿਆ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਬੇ-ਚਰਾਗ ਹੋ ਜਾਵੇਗਾ, ਟਿੱਬਾ ਅਤੇ ਰਾਖੀ ਦਾ ਬੁਰਜ ਸਦਾ ਲਈ ਘੁਰਨੇ, ਜੰਗਲੀ ਗਧਿਆਂ ਦੀ ਖੁਸ਼ੀ ਅਤੇ ਇੱਜੜਾਂ ਦੀ ਚਾਰਗਾਹ ਹੋ ਜਾਣਗੇ।
15 ੧੫ ਜਦੋਂ ਤੱਕ ਸਾਡੇ ਉੱਤੇ ਉੱਪਰੋਂ ਪਰਮੇਸ਼ੁਰ ਦਾ ਆਤਮਾ ਵਹਾਇਆ ਨਾ ਜਾਵੇ, ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ, ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ।
16 ੧੬ ਤਦ ਇਨਸਾਫ਼ ਉਜਾੜ ਵਿੱਚ ਵੱਸੇਗਾ, ਅਤੇ ਧਰਮ ਫਲਦਾਰ ਖੇਤ ਵਿੱਚ ਰਹੇਗਾ।
17 ੧੭ ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ ਹੋਵੇਗਾ।
18 ੧੮ ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।
19 ੧੯ ਜੰਗਲ ਦੇ ਡਿੱਗਣ ਦੇ ਸਮੇਂ ਗੜੇ ਪੈਣਗੇ, ਅਤੇ ਸ਼ਹਿਰ ਪੂਰੀ ਤਰ੍ਹਾਂ ਹੀ ਢਹਿ ਜਾਵੇਗਾ।
20 ੨੦ ਧੰਨ ਹੋ ਤੁਸੀਂ ਸਾਰੇ ਜਿਹੜੇ ਪਾਣੀਆਂ ਦੇ ਲਾਗੇ ਬੀਜਦੇ ਹੋ, ਅਤੇ ਬਲ਼ਦ ਅਤੇ ਗਧੇ ਖੁਲ੍ਹੇ ਛੱਡ ਦਿੰਦੇ ਹੋ!।