< ਯਸਾਯਾਹ 10 >
1 ੧ ਹਾਏ ਉਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ, ਅਤੇ ਉਹਨਾਂ ਲਿਖਾਰੀਆਂ ਉੱਤੇ ਜਿਹੜੇ ਜ਼ੁਲਮ ਨੂੰ ਲਿਖੀ ਜਾਂਦੇ ਹਨ!
2 ੨ ਤਾਂ ਜੋ ਉਹ ਗਰੀਬਾਂ ਨੂੰ ਇਨਸਾਫ਼ ਤੋਂ ਮੋੜ ਦੇਣ, ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ, ਭਈ ਵਿਧਵਾਂ ਉਹਨਾਂ ਦੀ ਲੁੱਟ ਹੋਣ, ਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ!
3 ੩ ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ, ਅਤੇ ਉਸ ਬਰਬਾਦੀ ਵਿੱਚ ਜਿਹੜੀ ਦੂਰੋਂ ਆਵੇਗੀ? ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ, ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ?
4 ੪ ਸਿਰਫ਼ ਇਹ ਕਿ ਉਹ ਕੈਦੀਆਂ ਦੇ ਹੇਠ ਦੱਬੇ ਜਾਣ, ਅਤੇ ਵੱਢਿਆਂ ਹੋਇਆਂ ਦੇ ਹੇਠ ਡਿੱਗ ਪੈਣ। ਇਸ ਸਭ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
5 ੫ ਹਾਏ ਅੱਸ਼ੂਰ ਦੇ ਰਾਜੇ ਉੱਤੇ - ਮੇਰੇ ਕ੍ਰੋਧ ਦੇ ਡੰਡੇ ਉੱਤੇ! ਉਹ ਲਾਠੀ ਜਿਹੜੀ ਉਹ ਦੇ ਹੱਥ ਵਿੱਚ ਹੈ, ਉਹ ਮੇਰਾ ਕਹਿਰ ਹੈ।
6 ੬ ਮੈਂ ਉਹ ਨੂੰ ਇੱਕ ਕੁਧਰਮੀ ਕੌਮ ਦੇ ਵਿਰੁੱਧ ਘੱਲਾਂਗਾ, ਅਤੇ ਜਿਨ੍ਹਾਂ ਲੋਕਾਂ ਉੱਤੇ ਮੇਰਾ ਕਹਿਰ ਭੜਕਿਆ ਹੈ, ਉਨ੍ਹਾਂ ਵਿਰੁੱਧ ਹੁਕਮ ਦਿਆਂਗਾ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।
7 ੭ ਪਰ ਉਹ ਦਾ ਇਹ ਇਰਾਦਾ ਨਹੀਂ, ਨਾ ਉਹ ਦਾ ਮਨ ਅਜਿਹਾ ਸੋਚਦਾ ਹੈ, ਸਗੋਂ ਉਹ ਦੇ ਮਨ ਵਿੱਚ ਤਾਂ ਨਾਸ ਕਰਨਾ, ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ।
8 ੮ ਉਹ ਤਾਂ ਆਖਦਾ ਹੈ, ਭਲਾ ਮੇਰੇ ਸਾਰੇ ਸੂਬੇਦਾਰ ਰਾਜਿਆਂ ਵਰਗੇ ਨਹੀਂ?
9 ੯ ਕੀ ਕਲਨੋ, ਕਰਕਮੀਸ਼ ਵਰਗਾ ਨਹੀਂ? ਕੀ ਹਮਾਥ, ਅਰਪਾਦ ਵਰਗਾ ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ?
10 ੧੦ ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ, ਜਿਨ੍ਹਾਂ ਦੀਆਂ ਖੋਦੀਆਂ ਹੋਈਆਂ ਮੂਰਤੀਆਂ, ਯਰੂਸ਼ਲਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਬਹੁਤੀਆਂ ਸਨ,
11 ੧੧ ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ, ਭਲਾ, ਉਸੇ ਤਰ੍ਹਾਂ ਹੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ?
12 ੧੨ ਤਦ ਅਜਿਹਾ ਹੋਵੇਗਾ ਕਿ ਜਦ ਪ੍ਰਭੂ ਸੀਯੋਨ ਦੇ ਪਰਬਤ ਅਤੇ ਯਰੂਸ਼ਲਮ ਵਿੱਚ ਆਪਣਾ ਸਾਰਾ ਕੰਮ ਮੁਕਾ ਲਵੇਗਾ, ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।
13 ੧੩ ਉਹ ਤਾਂ ਆਖਦਾ ਹੈ, ਮੈਂ ਆਪਣੇ ਹੱਥ ਦੇ ਬਲ ਨਾਲ ਇਹ ਕੀਤਾ, ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ ਰੱਖਦਾ ਹਾਂ! ਮੈਂ ਲੋਕਾਂ ਦੀਆਂ ਸਾਰੀਆਂ ਹੱਦਾਂ ਨੂੰ ਸਰਕਾਇਆ ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ-ਧਨ ਨੂੰ ਲੁੱਟਿਆ, ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ!
14 ੧੪ ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਂਵੇਂ ਲੱਭ ਲਿਆ ਹੈ, ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ, ਅਤੇ ਜਿਵੇਂ ਕੋਈ ਛੱਡੇ ਹੋਏ ਆਂਡੇ ਸਮੇਟਦਾ ਹੈ, ਉਸੇ ਤਰ੍ਹਾਂ ਹੀ ਮੈਂ ਸਾਰੀ ਧਰਤੀ ਨੂੰ ਸਮੇਟ ਲਿਆ, ਅਤੇ ਨਾ ਕਿਸੇ ਨੇ ਖੰਭ ਹਿਲਾਇਆ, ਨਾ ਮੂੰਹ ਖੋਲ੍ਹਿਆ, ਨਾ ਚੀਂ-ਚੀਂ ਕੀਤੀ।
15 ੧੫ ਭਲਾ, ਕੁਹਾੜਾ ਆਪਣੇ ਚਲਾਉਣ ਵਾਲੇ ਅੱਗੇ ਆਕੜੇ? ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ? ਕੀ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਿਲਾਵੇ, ਜਾਂ ਲਾਠੀ ਉਹ ਨੂੰ ਚੁੱਕੇ ਜਿਹੜਾ ਲੱਕੜ ਨਹੀਂ ਹੈ!
16 ੧੬ ਇਸ ਲਈ ਪ੍ਰਭੂ, ਸੈਨਾਂ ਦਾ ਯਹੋਵਾਹ, ਉਹ ਦੇ ਰਿਸ਼ਟ-ਪੁਸ਼ਟ ਸੂਰਮਿਆਂ ਵਿੱਚ ਨਿਰਬਲ ਕਰਨ ਵਾਲੇ ਰੋਗ ਘੱਲੇਗਾ ਅਤੇ ਉਹ ਦੇ ਤੇਜ ਦੇ ਹੇਠਾਂ ਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ।
17 ੧੭ ਇਸਰਾਏਲ ਦੀ ਜੋਤ ਅੱਗ, ਅਤੇ ਉਹ ਦਾ ਪਵਿੱਤਰ ਪੁਰਖ ਲੰਬ ਹੋਵੇਗਾ, ਉਹ ਉਸ ਦੇ ਕੰਡੇ ਅਤੇ ਕੰਡਿਆਲੇ ਇੱਕੋ ਹੀ ਦਿਨ ਵਿੱਚ ਸਾੜ ਕੇ ਭਸਮ ਕਰ ਦੇਵੇਗਾ।
18 ੧੮ ਉਹ ਉਸ ਦੇ ਜੰਗਲਾਂ ਅਤੇ ਉਸ ਦੀ ਫਲਦਾਰ ਭੂਮੀ ਦੇ ਪਰਤਾਪ ਨੂੰ ਅਤੇ ਜਾਨ ਤੇ ਮਾਸ ਨੂੰ ਮਿਟਾ ਦੇਵੇਗਾ, ਜਿਵੇਂ ਕੋਈ ਰੋਗੀ ਜਾਂਦਾ ਰਹਿੰਦਾ ਹੈ।
19 ੧੯ ਉਹ ਦੇ ਜੰਗਲਾਂ ਦੇ ਰੁੱਖਾਂ ਦੀ ਗਿਣਤੀ ਐਨੀ ਥੋੜ੍ਹੀ ਹੋਵੇਗੀ ਕਿ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇਗਾ।
20 ੨੦ ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕ ਅਤੇ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ, ਪਰ ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ।
21 ੨੧ ਇੱਕ ਬਕੀਆ ਅਰਥਾਤ ਯਾਕੂਬ ਦਾ ਬਕੀਆ, ਸ਼ਕਤੀਮਾਨ ਪਰਮੇਸ਼ੁਰ ਵੱਲ ਮੁੜੇਗਾ।
22 ੨੨ ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਾਂਗੂੰ ਹੋਵੇ, ਉਨ੍ਹਾਂ ਵਿੱਚੋਂ ਕੁਝ ਹੀ ਮੁੜਨਗੇ। ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ, ਉਹ ਧਰਮ ਅਤੇ ਫੁਰਤੀ ਨਾਲ ਆਉਂਦਾ ਹੈ।
23 ੨੩ ਕਿਉਂ ਜੋ ਸੈਨਾਂ ਦਾ ਯਹੋਵਾਹ ਸਾਰੀ ਧਰਤੀ ਦੇ ਵਿਚਕਾਰ ਆਪਣੇ ਫ਼ੈਸਲੇ ਅਨੁਸਾਰ ਪੂਰੀ ਬਰਬਾਦੀ ਕਰੇਗਾ।
24 ੨੪ ਇਸ ਲਈ ਪ੍ਰਭੂ ਸੈਨਾਂ ਦਾ ਯਹੋਵਾਹ ਇਹ ਆਖਦਾ ਹੈ, ਹੇ ਮੇਰੀ ਪਰਜਾ ਸੀਯੋਨ ਦੇ ਵਾਸੀਓ, ਅੱਸ਼ੂਰੀਆਂ ਤੋਂ ਨਾ ਡਰੋ, ਜਦ ਉਹ ਡੰਡੇ ਨਾਲ ਮਾਰਨ ਅਤੇ ਤੁਹਾਡੇ ਉੱਤੇ ਮਿਸਰੀਆਂ ਵਾਂਗੂੰ ਆਪਣੀ ਲਾਠੀ ਚੁੱਕਣ।
25 ੨੫ ਕਿਉਂ ਜੋ ਬਹੁਤ ਥੋੜ੍ਹੇ ਸਮੇਂ ਵਿੱਚ ਮੇਰਾ ਕਹਿਰ ਮੁੱਕ ਜਾਵੇਗਾ ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ।
26 ੨੬ ਸੈਨਾਂ ਦਾ ਯਹੋਵਾਹ ਉਨ੍ਹਾਂ ਨੂੰ ਕੋਰੜੇ ਨਾਲ ਮਾਰੇਗਾ, ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ।
27 ੨੭ ਅਤੇ ਉਸ ਦਿਨ ਅਜਿਹਾ ਹੋਵੇਗਾ ਕਿ ਉਹ ਦਾ ਭਾਰ ਤੇਰੇ ਮੋਢਿਆਂ ਤੋਂ ਅਤੇ ਉਹ ਦਾ ਜੂਲਾ ਤੇਰੀ ਗਰਦਨ ਤੋਂ ਲਾਹ ਦਿੱਤਾ ਜਾਵੇਗਾ ਅਤੇ ਉਹ ਜੂਲਾ ਚਰਬੀ ਦੇ ਕਾਰਨ ਤੋੜਿਆ ਜਾਵੇਗਾ।
28 ੨੮ ਉਹ ਅੱਯਾਥ ਨਗਰ ਵਿੱਚ ਆਏ, ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ, ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ!
29 ੨੯ ਉਹ ਘਾਟੀ ਦੇ ਪਾਰ ਹੋ ਗਏ, ਗਬਾ ਉਨ੍ਹਾਂ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ!
30 ੩੦ ਹੇ ਗੱਲੀਮ ਦੀ ਧੀਏ, ਉੱਚੀ ਦੇ ਕੇ ਚਿੱਲਾ! ਹੇ ਲੈਸ਼ਾਹ, ਧਿਆਨ ਦੇ! ਹੇ ਅਨਾਥੋਥ, ਉਹ ਨੂੰ ਉੱਤਰ ਦੇ!
31 ੩੧ ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।
32 ੩੨ ਅੱਜ ਦੇ ਦਿਨ ਉਹ ਨੋਬ ਨਗਰ ਵਿੱਚ ਠਹਿਰਣਗੇ, ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯਰੂਸ਼ਲਮ ਦੇ ਟਿੱਬੇ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ!
33 ੩੩ ਵੇਖੋ, ਪ੍ਰਭੂ ਸੈਨਾਂ ਦਾ ਯਹੋਵਾਹ, ਭਿਆਨਕ ਤਰੀਕੇ ਨਾਲ ਟਹਿਣੀਆਂ ਨੂੰ ਛਾਂਗੇਗਾ, ਲੰਮੇ ਕੱਦ ਦੇ ਵੱਢੇ ਜਾਣਗੇ, ਅਤੇ ਜਿਹੜੇ ਉੱਚੇ ਹਨ, ਉਹ ਨੀਵੇਂ ਕੀਤੇ ਜਾਣਗੇ।
34 ੩੪ ਉਹ ਸੰਘਣੇ ਜੰਗਲ ਨੂੰ ਕੁਹਾੜੇ ਨਾਲ ਵੱਢ ਸੁੱਟੇਗਾ, ਅਤੇ ਲਬਾਨੋਨ ਤੇਜਵਾਨ ਪਰਮੇਸ਼ੁਰ ਦੇ ਹੱਥੋਂ ਨਾਸ ਕੀਤਾ ਜਾਵੇਗਾ ।