< ਇਬਰਾਨੀਆਂ ਨੂੰ 10 >
1 ੧ ਬਿਵਸਥਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨ੍ਹਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਸਾਲੋ ਸਾਲ ਸਦਾ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਪਵਿੱਤਰ ਨਹੀਂ ਕਰ ਸਕਦੀ ਹੈ।
2 ੨ ਨਹੀਂ ਤਾਂ, ਕੀ ਉਨ੍ਹਾਂ ਦਾ ਚੜ੍ਹਾਉਣਾ ਬੰਦ ਨਾ ਹੋ ਜਾਣਾ ਸੀ ਇਸ ਲਈ ਕਿ ਜੇ ਬੰਦਗੀ ਕਰਨ ਵਾਲੇ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ?
3 ੩ ਪਰ ਇਨ੍ਹਾਂ ਬਲੀਦਾਨਾਂ ਦੁਆਰਾ ਸਾਲੋ ਸਾਲ ਉਹਨਾਂ ਨੂੰ ਪਾਪ ਚੇਤੇ ਆਉਂਦੇ ਹਨ।
4 ੪ ਕਿਉਂ ਜੋ ਅਣਹੋਣਾ ਹੈ ਭਈ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।
5 ੫ ਇਸ ਲਈ ਮਸੀਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, ਬਲੀਦਾਨ ਅਤੇ ਭੇਟ ਤੂੰ ਨਹੀਂ ਚਾਹੀ, ਪਰ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ।
6 ੬ ਹੋਮ ਬਲੀ ਅਤੇ ਪਾਪ ਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ,
7 ੭ ਤਦ ਮੈਂ ਆਖਿਆ ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤਰੀ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ।
8 ੮ ਉੱਪਰ ਜੋ ਕਹਿੰਦਾ ਹੈ ਕਿ ਤੂੰ ਬਲੀਦਾਨਾਂ, ਭੇਟਾਂ, ਹੋਮ ਬਲੀਆਂ ਅਤੇ ਪਾਪ ਬਲੀਆਂ ਨੂੰ ਨਾ ਚਾਹਿਆ, ਨਾ ਉਨ੍ਹਾਂ ਤੋਂ ਪਰਸੰਨ ਹੋਇਆ, ਪਰ ਇਹ ਬਿਵਸਥਾ ਦੇ ਅਨੁਸਾਰ ਚੜ੍ਹਾਏ ਜਾਂਦੇ ਹਨ
9 ੯ ਫਿਰ ਇਹ ਵੀ ਆਖਿਆ, ਵੇਖ, ਮੈਂ ਤੇਰੀ ਮਰਜ਼ੀ ਨੂੰ ਪੂਰਾ ਕਰਨ ਆਇਆ ਹਾਂ। ਉਹ ਪਹਿਲੇ ਨੂੰ ਹਟਾਉਂਦਾ ਹੈ ਕਿ ਦੂਜੇ ਨੂੰ ਕਾਇਮ ਕਰੇ।
10 ੧੦ ਅਤੇ ਉਸੇ ਇੱਛਾ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਬਲੀਦਾਨ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ।
11 ੧੧ ਅਤੇ ਹਰੇਕ ਜਾਜਕ ਨਿੱਤ ਖੜ੍ਹਾ ਹੋ ਕੇ ਸੇਵਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਨਹੀਂ ਸਕਦੇ ਵਾਰ-ਵਾਰ ਚੜ੍ਹਾਉਂਦਾ ਹੈ।
12 ੧੨ ਪਰ ਮਸੀਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।
13 ੧੩ ਅਤੇ ਇਸ ਤੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।
14 ੧੪ ਕਿਉਂ ਜੋ ਉਹ ਨੇ ਇੱਕੋ ਚੜ੍ਹਾਵੇ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ।
15 ੧੫ ਅਤੇ ਪਵਿੱਤਰ ਆਤਮਾ ਵੀ ਸਾਨੂੰ ਗਵਾਹੀ ਦਿੰਦਾ ਹੈ ਕਿਉਂ ਜੋ ਇਹ ਦੇ ਮਗਰੋਂ ਜਦ ਆਖਿਆ ਸੀ,
16 ੧੬ ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ,
17 ੧੭ ਅਤੇ ਉਹਨਾਂ ਦੇ ਪਾਪਾਂ ਨੂੰ, ਅਤੇ ਉਹਨਾਂ ਦੇ ਕੁਧਰਮ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।
18 ੧੮ ਇਸ ਲਈ ਜਿੱਥੇ ਇਨ੍ਹਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫੇਰ ਭੇਟ ਨਹੀਂ ਚੜ੍ਹਾਈ ਜਾਂਦੀ।
19 ੧੯ ਉਪਰੰਤ ਹੇ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ।
20 ੨੦ ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਨੂੰ ਜਿਹੜਾ ਉਹ ਨੇ ਪੜਦੇ ਜਾਣੀ ਆਪਣੇ ਸਰੀਰ ਦੇ ਰਾਹੀਂ ਸਾਡੇ ਲਈ ਖੋਲ੍ਹਿਆ।
21 ੨੧ ਅਤੇ ਜਦੋਂ ਸਾਡਾ ਇੱਕ ਮਹਾਂ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਦੇ ਉੱਤੇ ਹੈ,
22 ੨੨ ਤਾਂ ਆਓ, ਅਸੀਂ ਸੱਚੇ ਦਿਲ ਅਤੇ ਪੂਰੇ ਵਿਸ਼ਵਾਸ ਨਾਲ ਨੇੜੇ ਜਾਈਏ ਜਦੋਂ ਸਾਡੇ ਦਿਲ ਅਸ਼ੁੱਧ ਵਿਵੇਕ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨਹਿਲਾਈ ਗਈ।
23 ੨੩ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।
24 ੨੪ ਪਿਆਰ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ।
25 ੨੫ ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦੀ ਰੀਤੀ ਹੈ ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ ਅਤੇ ਇਹ ਉਨ੍ਹਾਂ ਹੀ ਵਧੀਕ ਹੋਵੇ ਜਿੰਨਾਂ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ।
26 ੨੬ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ
27 ੨੭ ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।
28 ੨੮ ਜਿਸ ਕਿਸੇ ਨੇ ਮੂਸਾ ਦੀ ਬਿਵਸਥਾ ਦੀ ਉਲੰਘਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨ੍ਹਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ।
29 ੨੯ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ।
30 ੩੦ ਕਿਉਂ ਜੋ ਅਸੀਂ ਉਹ ਨੂੰ ਜਾਣਦੇ ਹਾਂ ਜਿਸ ਨੇ ਆਖਿਆ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ ਅਤੇ ਫੇਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ।
31 ੩੧ ਜਿਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ!।
32 ੩੨ ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿ ਲਿਆ।
33 ੩੩ ਕਦੀ ਤਾਂ ਤੁਸੀਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ, ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ।
34 ੩੪ ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ।
35 ੩੫ ਸੋ ਤੁਸੀਂ ਆਪਣੀ ਦਲੇਰੀ ਨੂੰ ਗੁਆ ਨਾ ਬੈਠਣਾ ਕਿਉਂ ਜੋ ਉਸਦਾ ਫਲ ਵੱਡਾ ਹੈ।
36 ੩੬ ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਕੇ ਵਾਇਦੇ ਨੂੰ ਪ੍ਰਾਪਤ ਕਰੋ।
37 ੩੭ ਇਹ ਲਿਖਿਆ ਹੈ, ਹੁਣ ਥੋੜ੍ਹਾ ਜਿਹਾ ਸਮਾਂ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਸਮਾਂ ਨਾ ਲਾਵੇਗਾ।
38 ੩੮ ਪਰ ਮੇਰਾ ਧਰਮੀ ਬੰਦਾ ਆਪਣੇ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ, ਅਤੇ ਜੇ ਉਹ ਪਿੱਛੇ ਹੱਟ ਜਾਵੇ, ਮੇਰਾ ਮਨ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ।
39 ੩੯ ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਰੱਖਦੇ ਹਨ।