+ ਉਤਪਤ 1 >
1 ੧ ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ।
2 ੨ ਧਰਤੀ ਬੇਡੌਲ ਅਤੇ ਵਿਰਾਨ ਸੀ ਅਤੇ ਡੁੰਘਿਆਈ ਉੱਤੇ ਹਨ੍ਹੇਰਾ ਸੀ, ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ।
3 ੩ ਪਰਮੇਸ਼ੁਰ ਨੇ ਆਖਿਆ, ਚਾਨਣ ਹੋਵੇ, ਤਦ ਚਾਨਣ ਹੋ ਗਿਆ।
4 ੪ ਪਰਮੇਸ਼ੁਰ ਨੇ ਚਾਨਣ ਨੂੰ ਵੇਖਿਆ ਕਿ ਚੰਗਾ ਹੈ, ਪਰਮੇਸ਼ੁਰ ਨੇ ਚਾਨਣ ਨੂੰ ਹਨ੍ਹੇਰੇ ਤੋਂ ਵੱਖਰਾ ਕੀਤਾ।
5 ੫ ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨ੍ਹੇਰੇ ਨੂੰ ਰਾਤ ਆਖਿਆ। ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।
6 ੬ ਫੇਰ ਪਰਮੇਸ਼ੁਰ ਨੇ ਆਖਿਆ, ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਾ ਕਰੇ।
7 ੭ ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਅਜਿਹਾ ਹੀ ਹੋ ਗਿਆ।
8 ੮ ਤਦ ਪਰਮੇਸ਼ੁਰ ਨੇ ਅੰਬਰ ਨੂੰ ਅਕਾਸ਼ ਆਖਿਆ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਜਾ ਦਿਨ ਹੋਇਆ।
9 ੯ ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂ ਜੋ ਸੁੱਕੀ ਜ਼ਮੀਨ ਦਿਸੇ ਅਤੇ ਅਜਿਹਾ ਹੀ ਹੋ ਗਿਆ।
10 ੧੦ ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਆਖਿਆ, ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ।
11 ੧੧ ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਬੀਜ ਵਾਲਾ ਸਾਗ ਪੱਤ ਅਤੇ ਫਲਦਾਰ ਰੁੱਖ ਉਗਾਵੇ ਜਿਹੜੇ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲਾ ਫਲ ਧਰਤੀ ਉੱਤੇ ਪੈਦਾ ਕਰਨ ਅਤੇ ਅਜਿਹਾ ਹੀ ਹੋ ਗਿਆ।
12 ੧੨ ਸੋ ਧਰਤੀ ਨੇ ਘਾਹ ਤੇ ਬੀਜ ਵਾਲਾ ਸਾਗ ਪੱਤ ਉਹ ਦੀ ਕਿਸਮ ਦੇ ਅਨੁਸਾਰ ਤੇ ਫਲਦਾਰ ਰੁੱਖ ਜਿਨ੍ਹਾਂ ਵਿੱਚ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਹੈ, ਉਗਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ।
13 ੧੩ ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਤੀਜਾ ਦਿਨ ਹੋਇਆ।
14 ੧੪ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ।
15 ੧੫ ਓਹ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਹੋਣ ਜੋ ਧਰਤੀ ਉੱਤੇ ਚਮਕਣ ਅਤੇ ਅਜਿਹਾ ਹੀ ਹੋ ਗਿਆ।
16 ੧੬ ਪਰਮੇਸ਼ੁਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ - ਵੱਡੀ ਰੋਸ਼ਨੀ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਛੋਟੀ ਰੋਸ਼ਨੀ ਜਿਹੜੀ ਰਾਤ ਉੱਤੇ ਰਾਜ ਕਰੇ, ਉਸ ਨੇ ਤਾਰੇ ਵੀ ਬਣਾਏ।
17 ੧੭ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਜੋ ਧਰਤੀ ਉੱਤੇ ਚਾਨਣ ਕਰਨ
18 ੧੮ ਅਤੇ ਦਿਨ, ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਹਨ੍ਹੇਰੇ ਤੋਂ ਅਲੱਗ ਕਰਨ। ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ।
19 ੧੯ ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਚੌਥਾ ਦਿਨ ਹੋਇਆ।
20 ੨੦ ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀ ਜੀਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉਤਾਹਾਂ ਅਕਾਸ਼ ਦੇ ਅੰਬਰ ਵਿੱਚ ਉੱਡਣ।
21 ੨੧ ਪਰਮੇਸ਼ੁਰ ਨੇ ਵੱਡੇ-ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਉਤਪਤ ਕੀਤਾ, ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਪਾਣੀ ਭਰ ਗਏ, ਨਾਲੇ ਸਾਰੇ ਪੰਛੀਆਂ ਨੂੰ ਵੀ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਉਤਪਤ ਕੀਤਾ, ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ।
22 ੨੨ ਪਰਮੇਸ਼ੁਰ ਨੇ ਇਹ ਆਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ, ਫਲੋ ਅਤੇ ਵਧੋ ਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਪੰਛੀ ਧਰਤੀ ਉੱਤੇ ਵਧਣ।
23 ੨੩ ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪੰਜਵਾਂ ਦਿਨ ਹੋਇਆ।
24 ੨੪ ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਤੇ ਪਸ਼ੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਉਪਜਾਵੇ ਅਤੇ ਅਜਿਹਾ ਹੀ ਹੋ ਗਿਆ।
25 ੨੫ ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਅਤੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ, ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ।
26 ੨੬ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਅਤੇ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਤੇ ਸਾਰੇ ਘਿੱਸਰਨ ਵਾਲਿਆਂ ਜੀਵ-ਜੰਤੂਆਂ ਉੱਤੇ ਰਾਜ ਕਰਨ।
27 ੨੭ ਇਸ ਤਰ੍ਹਾਂ ਪਰਮੇਸ਼ੁਰ ਨੇ ਮਨੁੱਖ ਦੀ ਰਚਨਾ ਆਪਣੇ ਸਰੂਪ ਵਿੱਚ ਕੀਤੀ। ਪਰਮੇਸ਼ੁਰ ਦੇ ਸਰੂਪ ਵਿੱਚ ਉਸ ਨੂੰ ਰਚਿਆ। ਉਸ ਨੇ ਨਰ ਨਾਰੀ ਦੀ ਸ੍ਰਿਸ਼ਟੀ ਕੀਤੀ।
28 ੨੮ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰੋ।
29 ੨੯ ਪਰਮੇਸ਼ੁਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰੇਕ ਬੀਜ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ, ਹਰੇਕ ਰੁੱਖ ਜਿਹ ਦੇ ਵਿੱਚ ਉਸ ਦਾ ਬੀਜ ਵਾਲਾ ਫਲ ਹੈ, ਦੇ ਦਿੱਤਾ ਹੈ। ਇਹ ਤੁਹਾਡੇ ਲਈ ਭੋਜਨ ਹੈ।
30 ੩੦ ਮੈਂ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਧਰਤੀ ਉੱਤੇ ਹਰ ਘਿੱਸਰਨ ਵਾਲੇ ਨੂੰ ਜਿਹਨਾਂ ਦੇ ਵਿੱਚ ਜੀਵਨ ਦਾ ਸਾਹ ਹੈ, ਉਹਨਾਂ ਦੇ ਖਾਣ ਲਈ ਹਰ ਕਿਸਮ ਦਾ ਸਾਗ ਪੱਤ ਦੇ ਦਿੱਤਾ ਅਤੇ ਅਜਿਹਾ ਹੀ ਹੋ ਗਿਆ।
31 ੩੧ ਤਦ ਪਰਮੇਸ਼ੁਰ ਨੇ ਸਾਰੀ ਸਿਰਜਣਾ ਨੂੰ ਜਿਸ ਨੂੰ ਉਸ ਨੇ ਬਣਾਇਆ ਸੀ, ਵੇਖਿਆ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ।