< ਉਤਪਤ 49 >
1 ੧ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ, ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।
2 ੨ ਯਾਕੂਬ ਦੇ ਪੁੱਤਰੋ ਇਕੱਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ।
3 ੩ ਰਊਬੇਨ ਤੂੰ ਮੇਰਾ ਪਹਿਲੌਠਾ ਪੁੱਤਰ ਹੈਂ, ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ। ਤੂੰ ਇੱਜ਼ਤ ਵਿੱਚ ਉੱਤਮ ਤੇ ਜ਼ੋਰ ਵਿੱਚ ਵੀ ਉੱਤਮ ਹੈਂ।
4 ੪ ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂ ਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ੍ਹ ਗਿਆ। ਤਦ ਤੂੰ ਉਹ ਨੂੰ ਭਰਿਸ਼ਟ ਕੀਤਾ। ਉਹ ਮੇਰੇ ਬਿਸਤਰੇ ਉੱਤੇ ਚੜ੍ਹ ਗਿਆ।
5 ੫ ਸ਼ਿਮਓਨ ਅਤੇ ਲੇਵੀ ਭਰਾ-ਭਰਾ ਹਨ, ਉਨ੍ਹਾਂ ਦੀਆਂ ਤਲਵਾਰਾਂ ਜ਼ੁਲਮ ਦੇ ਸ਼ਸਤਰ ਹਨ।
6 ੬ ਹੇ ਮੇਰੇ ਮਨ, ਉਨ੍ਹਾਂ ਦੀ ਸੰਗਤ ਵਿੱਚ ਨਾ ਜਾ। ਹੇ ਮੇਰੀ ਮਹਿਮਾ, ਉਨ੍ਹਾਂ ਦੀ ਸਭਾ ਵਿੱਚ ਨਾ ਰਲ, ਕਿਉਂ ਜੋ ਉਨ੍ਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਬਲ਼ਦਾਂ ਦੀਆਂ ਸੜਾਂ ਵੱਢ ਦਿੱਤੀਆਂ।
7 ੭ ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਭਿਅੰਕਰ ਸੀ; ਨਾਲੇ ਉਨ੍ਹਾਂ ਦਾ ਰੋਹ, ਕਿਉਂ ਜੋ ਉਹ ਕਠੋਰ ਸੀ। ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਅਲੱਗ-ਅਲੱਗ ਕਰ ਛੱਡਾਂਗਾ ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ ਦਿਆਂਗਾ।
8 ੮ ਹੇ ਯਹੂਦਾਹ ਤੇਰੇ ਭਰਾ ਤੇਰਾ ਧੰਨਵਾਦ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਉੱਤੇ ਹੋਵੇਗਾ; ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਨੀਵੇਂ ਹੋਣਗੇ।
9 ੯ ਯਹੂਦਾਹ ਸ਼ੇਰ ਦਾ ਬੱਚਾ ਹੈ। ਮੇਰੇ ਪੁੱਤਰ ਤੂੰ ਸ਼ਿਕਾਰ ਮਾਰ ਕੇ ਆਇਆ। ਉਹ ਸ਼ੇਰ ਦੀ ਤਰ੍ਹਾਂ ਸਗੋਂ ਸ਼ੇਰਨੀ ਦੀ ਤਰ੍ਹਾਂ ਦੱਬ ਕੇ ਬੈਠ ਗਿਆ। ਫਿਰ ਕੌਣ ਉਹ ਨੂੰ ਛੇੜੇਗਾ?
10 ੧੦ ਯਹੂਦਾਹ ਤੋਂ ਆੱਸਾ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ।
11 ੧੧ ਉਹ ਆਪਣੇ ਗਧੇ ਨੂੰ ਦਾਖ਼ ਦੀ ਬੇਲ ਨਾਲ ਅਤੇ ਆਪਣੀ ਗਧੀ ਦੇ ਬੱਚੇ ਨੂੰ ਦਾਖ਼ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ। ਉਸ ਨੇ ਆਪਣੇ ਬਸਤਰ ਨੂੰ ਮਧ ਵਿੱਚ ਅਤੇ ਆਪਣਾ ਪਹਿਰਾਵਾ ਅੰਗੂਰਾਂ ਦੇ ਰਸ ਵਿੱਚ ਧੋਤਾ ਹੈ।
12 ੧੨ ਉਹ ਦੀਆਂ ਅੱਖਾਂ ਮਧ ਨਾਲ ਲਾਲ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ।
13 ੧੩ ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ ਤੇ ਉਸ ਦੀ ਹੱਦ ਸੀਦੋਨ ਤੱਕ ਹੋਵੇਗੀ।
14 ੧੪ ਯਿੱਸਾਕਾਰ ਬਲਵੰਤ ਗਧਾ ਹੈ, ਜਿਹੜਾ ਵਾੜੇ ਦੇ ਪਸ਼ੂਆਂ ਵਿਚਕਾਰ ਸਹਿਮ ਕੇ ਬੈਠਦਾ ਹੈ,
15 ੧੫ ਅਤੇ ਉਸ ਨੇ ਇੱਕ ਅਰਾਮ ਦੀ ਥਾਂ ਵੇਖੀ ਕਿ ਉਹ ਚੰਗੀ ਹੈ ਅਤੇ ਉਹ ਦੇਸ਼ ਮਨ ਭਾਉਂਦਾ ਹੈ। ਤਦ ਉਸ ਨੇ ਆਪਣਾ ਮੋਢਾ ਭਾਰ ਚੁੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਕਰਨ ਵਾਲਾ ਬਣਿਆ।
16 ੧੬ ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ, ਆਪਣੇ ਲੋਕਾਂ ਦਾ ਨਿਆਂ ਕਰੇਗਾ।
17 ੧੭ ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ, ਜਿਹੜਾ ਘੋੜੇ ਨੂੰ ਡੰਗ ਮਾਰਦਾ ਹੈ ਜਿਸ ਕਾਰਨ ਉਸ ਦਾ ਸਵਾਰ ਪਿੱਛੇ ਡਿੱਗ ਪੈਂਦਾ ਹੈ।
18 ੧੮ ਹੇ ਯਹੋਵਾਹ, ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ।
19 ੧੯ ਗਾਦ ਨੂੰ ਫ਼ੌਜਾਂ ਧੱਕਣਗੀਆਂ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।
20 ੨੦ ਆਸ਼ੇਰ ਦੀ ਰੋਟੀ ਚਿਕਣੀ ਹੋਵੇਗੀ ਅਤੇ ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ।
21 ੨੧ ਨਫ਼ਤਾਲੀ ਛੱਡੀ ਹੋਈ ਹਰਨੀ ਹੈ, ਉਹ ਸੁੰਦਰ ਗੱਲਾਂ ਬੋਲਦਾ ਹੈ।
22 ੨੨ ਯੂਸੁਫ਼ ਇੱਕ ਫਲਦਾਇਕ ਦਾਖ਼ਲਤਾ ਹੈ, ਸੋਤੇ ਕੋਲ ਲੱਗੀ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ।
23 ੨੩ ਤੀਰ-ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।
24 ੨੪ ਪਰ ਉਹ ਦਾ ਧਣੁੱਖ ਤਕੜਾ ਰਿਹਾ ਅਤੇ ਯਾਕੂਬ ਦੇ ਸ਼ਕਤੀਮਾਨ ਪਰਮੇਸ਼ੁਰ ਦੇ ਹੱਥੋਂ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ (ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ ਪੱਥਰ ਆਵੇਗਾ)
25 ੨੫ ਤੇਰੇ ਪਿਤਾ ਦੇ ਪਰਮੇਸ਼ੁਰ ਤੋਂ, ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬ ਸ਼ਕਤੀਮਾਨ ਤੋਂ, ਜਿਹੜਾ ਤੈਨੂੰ ਬਰਕਤਾਂ ਦੇਵੇਗਾ, ਉੱਪਰੋਂ ਅਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੁੰਘਿਆਈਆਂ ਦੀਆਂ ਬਰਕਤਾਂ, ਛਾਤੀਆਂ ਤੇ ਕੁੱਖ ਦੀਆਂ ਬਰਕਤਾਂ,
26 ੨੬ ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ, ਸਗੋਂ ਸਦੀਪਕ ਪਰਬਤਾਂ ਦੇ ਬੰਨ੍ਹਿਆਂ ਤੱਕ ਵੱਧ ਗਈਆਂ। ਉਹ ਯੂਸੁਫ਼ ਦੇ ਸਿਰ ਉੱਤੇ ਸਗੋਂ ਉਹ ਦੀ ਖੋਪੜੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਅਲੱਗ ਕੀਤਾ ਗਿਆ।
27 ੨੭ ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸ਼ਾਮ ਨੂੰ ਲੁੱਟ ਵੰਡੇਗਾ।
28 ੨੮ ਇਹ ਸਭ ਇਸਰਾਏਲ ਦੇ ਬਾਰਾਂ ਗੋਤ ਹਨ, ਇਹ ਉਹ ਬਚਨ ਹਨ ਜੋ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ।
29 ੨੯ ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇ ਕੇ ਆਖਿਆ, ਮੈਂ ਆਪਣੇ ਲੋਕਾਂ ਨੂੰ ਮਿਲਣ ਲਈ ਜਾਂਦਾ ਹਾਂ, ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫ਼ਾ ਵਿੱਚ ਜਿਹੜੀ ਅਫ਼ਰੋਨ ਹਿੱਤੀ ਦੀ ਪੈਲੀ ਵਿੱਚ ਹੈ, ਦੱਬਿਓ।
30 ੩੦ ਅਰਥਾਤ ਉਸ ਗੁਫ਼ਾ ਵਿੱਚ ਜਿਹੜੀ ਮਕਫ਼ੇਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ਼ ਵਿੱਚ ਹੈ, ਜਿਹੜੀ ਪੈਲੀ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰਿਸਤਾਨ ਦੀ ਨਿੱਜ ਭੂਮੀ ਹੋਣ ਲਈ ਸੀ।
31 ੩੧ ਉੱਥੇ ਉਨ੍ਹਾਂ ਨੇ ਅਬਰਾਹਾਮ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ, ਉੱਥੇ ਉਨ੍ਹਾਂ ਨੇ ਇਸਹਾਕ ਅਤੇ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ।
32 ੩੨ ਮੈਂ ਉਸ ਪੈਲੀ ਅਤੇ ਉਸ ਗੁਫ਼ਾ ਨੂੰ ਜਿਹੜੀ ਉਸ ਦੇ ਵਿੱਚ ਹੈ, ਹੇਤ ਦੇ ਪੁੱਤਰਾਂ ਤੋਂ ਮੁੱਲ ਲਿਆ।
33 ੩੩ ਜਦ ਯਾਕੂਬ ਆਪਣੇ ਪੁੱਤਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ।