< ਉਤਪਤ 39 >
1 ੧ ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਤੇ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ, ਉਸ ਨੂੰ ਇਸਮਾਏਲੀਆਂ ਦੇ ਹੱਥੋਂ ਮੁੱਲ ਲੈ ਲਿਆ, ਜਿਹੜੇ ਉਸ ਨੂੰ ਉੱਥੇ ਲਿਆਏ ਸਨ।
2 ੨ ਯਹੋਵਾਹ ਯੂਸੁਫ਼ ਦੇ ਅੰਗ-ਸੰਗ ਸੀ, ਇਸ ਲਈ ਉਹ ਵੱਡਭਾਗਾ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸੁਆਮੀ ਦੇ ਘਰ ਰਹਿੰਦਾ ਸੀ।
3 ੩ ਤਦ ਉਸ ਦੇ ਸੁਆਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ-ਸੰਗ ਹੈ ਅਤੇ ਜੋ ਵੀ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸਫ਼ਲ ਕਰਾਉਂਦਾ ਹੈ।
4 ੪ ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਯੂਸੁਫ਼ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ ਅਤੇ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ।
5 ੫ ਅਜਿਹਾ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਤੇ ਆਪਣੀਆਂ ਸਭ ਚੀਜ਼ਾਂ ਦਾ ਮੁਖ਼ਤਿਆਰ ਬਣਾ ਦਿੱਤਾ, ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਹੁਤ ਬਰਕਤ ਦਿੱਤੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।
6 ੬ ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਤੇ ਸੋਹਣਾ ਸੀ।
7 ੭ ਇਹਨਾਂ ਗੱਲਾਂ ਦੇ ਪਿੱਛੋਂ ਅਜਿਹਾ ਹੋਇਆ ਕਿ ਉਸ ਦੇ ਸੁਆਮੀ ਦੀ ਪਤਨੀ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਤੇ ਉਸ ਨੇ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ।
8 ੮ ਪਰ ਉਸ ਨੇ ਨਾ ਮੰਨਿਆ ਅਤੇ ਆਪਣੇ ਸੁਆਮੀ ਦੀ ਪਤਨੀ ਨੂੰ ਆਖਿਆ, ਵੇਖੋ, ਮੇਰਾ ਸੁਆਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ
9 ੯ ਅਤੇ ਇਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨ੍ਹਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ, ਕਿਉਂ ਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?
10 ੧੦ ਤਦ ਅਜਿਹਾ ਹੋਇਆ ਕਿ ਉਹ ਹਰ ਰੋਜ਼ ਯੂਸੁਫ਼ ਨੂੰ ਆਖਦੀ ਰਹੀ ਪਰ ਉਸ ਨੇ ਉਹ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਜਾਂ ਉਸ ਦੇ ਕੋਲ ਰਹੇ।
11 ੧੧ ਇੱਕ ਦਿਨ ਅਜਿਹਾ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਤੇ ਘਰ ਦੇ ਮਨੁੱਖਾਂ ਵਿੱਚੋਂ ਕੋਈ ਵੀ ਘਰ ਵਿੱਚ ਨਹੀਂ ਸੀ।
12 ੧੨ ਤਦ ਉਸ ਨੇ ਉਸ ਦਾ ਕੱਪੜਾ ਫੜ੍ਹ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿੱਕਲ ਗਿਆ।
13 ੧੩ ਜਦ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਭੱਜ ਗਿਆ ਹੈ
14 ੧੪ ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਖਿਆ, ਵੇਖੋ, ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡਾ ਨਿਰਾਦਰ ਕਰੇ। ਉਹ ਮੇਰੇ ਕੋਲ ਅੰਦਰ ਆਇਆ ਤਾਂ ਜੋ ਉਹ ਮੇਰੇ ਨਾਲ ਲੇਟੇ ਪਰ ਮੈਂ ਉੱਚੀ ਅਵਾਜ਼ ਨਾਲ ਬੋਲ ਪਈ।
15 ੧੫ ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ।
16 ੧੬ ਸੋ ਉਸ ਨੇ ਆਪਣੇ ਸੁਆਮੀ ਦੇ ਘਰ ਆਉਣ ਤੱਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ।
17 ੧੭ ਤਦ ਉਸ ਨੇ ਉਹ ਨੂੰ ਸਾਰੀਆਂ ਗੱਲਾਂ ਦੱਸੀਆਂ ਅਤੇ ਆਖਿਆ, ਜਿਹੜਾ ਇਬਰਾਨੀ ਗ਼ੁਲਾਮ ਤੂੰ ਸਾਡੇ ਕੋਲ ਲੈ ਆਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਤੇ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ।
18 ੧੮ ਪਰ ਜਦ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ।
19 ੧੯ ਫੇਰ ਅਜਿਹਾ ਹੋਇਆ ਕਿ ਜਦ ਉਸ ਦੇ ਸੁਆਮੀ ਨੇ ਆਪਣੀ ਪਤਨੀ ਦੀਆਂ ਗੱਲਾਂ ਸੁਣੀਆਂ, ਜਿਹੜੀ ਇਹ ਬੋਲੀ ਕਿ ਤੇਰੇ ਗ਼ੁਲਾਮ ਨੇ ਮੇਰੇ ਨਾਲ ਅਜਿਹਾ ਕੀਤਾ ਹੈ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ।
20 ੨੦ ਤਦ ਯੂਸੁਫ਼ ਦੇ ਸੁਆਮੀ ਨੇ ਉਸ ਨੂੰ ਫੜ੍ਹ ਕੇ ਕੈਦ ਵਿੱਚ ਪਾ ਦਿੱਤਾ, ਜਿੱਥੇ ਸ਼ਾਹੀ ਕੈਦੀ ਸਨ ਅਤੇ ਉਹ ਉੱਥੇ ਕੈਦ ਵਿੱਚ ਰਿਹਾ।
21 ੨੧ ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਉਹ ਨੇ ਉਸ ਉੱਤੇ ਕਿਰਪਾ ਕੀਤੀ ਅਤੇ ਉਸ ਨੇ ਕੈਦਖ਼ਾਨੇ ਦੇ ਦਰੋਗ਼ੇ ਦੀਆਂ ਨਜ਼ਰਾਂ ਵਿੱਚ ਦਯਾ ਪਾਈ
22 ੨੨ ਅਤੇ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ, ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਤੇ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ, ਉਹੀ ਚਲਾਉਂਦਾ ਸੀ।
23 ੨੩ ਕੈਦਖ਼ਾਨੇ ਦਾ ਦਰੋਗਾ ਕਿਸੇ ਗੱਲ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ, ਖ਼ਬਰ ਨਹੀਂ ਲੈਂਦਾ ਸੀ, ਕਿਉਂ ਜੋ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸਫ਼ਲ ਬਣਾ ਦਿੰਦਾ ਸੀ।