< ਉਤਪਤ 35 >
1 ੧ ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, ਉੱਠ ਅਤੇ ਬੈਤਏਲ ਨੂੰ ਜਾ ਅਤੇ ਉੱਥੇ ਹੀ ਵੱਸ ਅਤੇ ਉੱਥੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾ, ਜਿਸ ਨੇ ਤੈਨੂੰ ਉਸ ਸਮੇਂ ਦਰਸ਼ਣ ਦਿੱਤਾ ਸੀ ਜਦ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।
2 ੨ ਤਦ ਯਾਕੂਬ ਨੇ ਆਪਣੇ ਘਰਾਣੇ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, ਤੁਸੀਂ ਪਰਾਏ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ, ਬਾਹਰ ਸੁੱਟ ਦਿਉ ਅਤੇ ਪਵਿੱਤਰ ਹੋਵੇ ਅਤੇ ਆਪਣੇ ਬਸਤਰ ਬਦਲ ਲਉ।
3 ੩ ਅਸੀਂ ਉੱਠ ਕੇ ਬੈਤਏਲ ਨੂੰ ਚੱਲੀਏ ਅਤੇ ਉੱਥੇ ਮੈਂ ਇੱਕ ਜਗਵੇਦੀ ਪਰਮੇਸ਼ੁਰ ਲਈ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿਸ ਰਸਤੇ ਤੇ ਮੈਂ ਚੱਲਦਾ ਸੀ, ਉਸ ਵਿੱਚ ਮੇਰੇ ਨਾਲ-ਨਾਲ ਰਿਹਾ।
4 ੪ ਤਦ ਉਨ੍ਹਾਂ ਨੇ ਸਾਰੇ ਪਰਾਏ ਦੇਵਤਿਆਂ ਨੂੰ ਜਿਹੜੇ ਉਨ੍ਹਾਂ ਦੇ ਹੱਥਾਂ ਵਿੱਚ ਸਨ ਅਤੇ ਕੰਨਾਂ ਦੇ ਕੁੰਡਲ ਯਾਕੂਬ ਨੂੰ ਦੇ ਦਿੱਤੇ, ਤਦ ਯਾਕੂਬ ਨੇ ਉਨ੍ਹਾਂ ਨੂੰ ਬਲੂਤ ਦੇ ਰੁੱਖ ਹੇਠ ਜਿਹੜਾ ਸ਼ਕਮ ਦੇ ਨੇੜੇ ਸੀ, ਦੱਬ ਦਿੱਤਾ।
5 ੫ ਤਦ ਓਹ ਉੱਥੋਂ ਤੁਰ ਪਏ ਅਤੇ ਉਨ੍ਹਾਂ ਦੇ ਚਾਰ-ਚੁਫ਼ੇਰੇ ਦੇ ਨਗਰਾਂ ਉੱਤੇ ਪਰਮੇਸ਼ੁਰ ਦਾ ਭੈਅ ਛਾ ਗਿਆ, ਇਸ ਲਈ ਉਨ੍ਹਾਂ ਨੇ ਯਾਕੂਬ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।
6 ੬ ਯਾਕੂਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਲੂਜ਼ ਵਿੱਚ ਆਏ, ਜਿਹੜਾ ਕਨਾਨ ਦੇ ਦੇਸ਼ ਵਿੱਚ ਹੈ। ਇਹ ਹੀ ਬੈਤਏਲ ਹੈ।
7 ੭ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਸਥਾਨ ਦਾ ਨਾਮ ਏਲ ਬੈਤਏਲ ਰੱਖਿਆ ਕਿਉਂ ਜੋ ਉੱਥੇ ਹੀ ਪਰਮੇਸ਼ੁਰ ਨੇ ਉਸ ਨੂੰ ਦਰਸ਼ਣ ਦਿੱਤਾ ਸੀ, ਜਦ ਉਹ ਆਪਣੇ ਭਰਾ ਦੇ ਅੱਗੋਂ ਭੱਜਿਆ ਸੀ।
8 ੮ ਤਦ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਉਹ ਬੈਤਏਲ ਵਿੱਚ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਤਾਂ ਉਸ ਦਾ ਨਾਮ ਅੱਲੋਨ-ਬਾਕੂਥ ਰੱਖਿਆ ਗਿਆ।
9 ੯ ਤਦ ਯਾਕੂਬ ਦੇ ਪਦਨ ਅਰਾਮ ਤੋਂ ਵਾਪਿਸ ਆਉਣ ਦੇ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਫੇਰ ਦਰਸ਼ਣ ਦਿੱਤਾ ਅਤੇ ਉਸ ਨੂੰ ਬਰਕਤ ਦਿੱਤੀ।
10 ੧੦ ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਤੇਰਾ ਨਾਮ ਯਾਕੂਬ ਹੈ, ਪਰ ਅੱਗੇ ਨੂੰ ਤੇਰਾ ਨਾਮ ਯਾਕੂਬ ਨਹੀਂ ਪੁਕਾਰਿਆ ਜਾਵੇਗਾ, ਸਗੋਂ ਤੇਰਾ ਨਾਮ ਇਸਰਾਏਲ ਹੋਵੇਗਾ। ਇਸ ਤਰ੍ਹਾਂ ਉਸ ਨੇ ਉਹ ਦਾ ਨਾਮ ਇਸਰਾਏਲ ਰੱਖਿਆ।
11 ੧੧ ਫਿਰ ਪਰਮੇਸ਼ੁਰ ਨੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਫਲ ਅਤੇ ਵੱਧ ਅਤੇ ਤੇਰੇ ਤੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ ਅਤੇ ਤੇਰੇ ਵੰਸ਼ ਤੋਂ ਰਾਜੇ ਨਿੱਕਲਣਗੇ।
12 ੧੨ ਅਤੇ ਉਹ ਦੇਸ਼ ਜਿਹੜਾ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤਾ ਸੀ, ਮੈਂ ਤੈਨੂੰ ਦਿਆਂਗਾ ਅਤੇ ਤੇਰੇ ਪਿੱਛੋਂ ਤੇਰੇ ਵੰਸ਼ ਨੂੰ ਵੀ ਦਿਆਂਗਾ।
13 ੧੩ ਤਦ ਪਰਮੇਸ਼ੁਰ ਉਸ ਦੇ ਕੋਲੋਂ, ਉਸ ਸਥਾਨ ਤੋਂ ਜਿੱਥੇ ਉਹ ਉਸ ਦੇ ਨਾਲ ਗੱਲ ਕਰਦਾ ਸੀ, ਉਤਾਹਾਂ ਚਲਾ ਗਿਆ।
14 ੧੪ ਯਾਕੂਬ ਨੇ ਉਸ ਥਾਂ ਉੱਤੇ ਇੱਕ ਥੰਮ੍ਹ ਖੜ੍ਹਾ ਕੀਤਾ, ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ, ਅਰਥਾਤ ਪੱਥਰ ਦਾ ਇੱਕ ਥੰਮ੍ਹ ਅਤੇ ਉਸ ਦੇ ਉੱਤੇ ਪੀਣ ਦੀ ਭੇਟ ਚੜ੍ਹਾਈ ਅਤੇ ਤੇਲ ਡੋਲ੍ਹਿਆ।
15 ੧੫ ਯਾਕੂਬ ਨੇ ਉਸ ਸਥਾਨ ਦਾ ਨਾਮ ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ ਸੀ, ਬੈਤਏਲ ਰੱਖਿਆ।
16 ੧੬ ਫਿਰ ਉਹ ਬੈਤਏਲ ਤੋਂ ਤੁਰ ਪਏ, ਅਤੇ ਜਦ ਅਫਰਾਥ ਥੋੜ੍ਹੀ ਹੀ ਦੂਰ ਰਹਿੰਦਾ ਸੀ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ।
17 ੧੭ ਜਦ ਉਹ ਜਣਨ ਦੇ ਕਸ਼ਟ ਵਿੱਚ ਸੀ ਤਾਂ ਦਾਈ ਨੇ ਉਸ ਨੂੰ ਆਖਿਆ, ਨਾ ਡਰ, ਕਿਉਂ ਜੋ ਹੁਣ ਵੀ ਤੇਰੇ ਇੱਕ ਪੁੱਤਰ ਹੀ ਜੰਮੇਗਾ।
18 ੧੮ ਤਦ ਅਜਿਹਾ ਹੋਇਆ ਕਿ ਜਦ ਉਸ ਦੇ ਪ੍ਰਾਣ ਨਿੱਕਲਣ ਨੂੰ ਸਨ ਅਤੇ ਉਹ ਮਰਨ ਵਾਲੀ ਸੀ, ਤਾਂ ਉਸ ਨੇ ਉਸ ਬੱਚੇ ਦਾ ਨਾਮ ਬਨ-ਓਨੀ ਰੱਖਿਆ, ਪਰ ਉਸ ਦੇ ਪਿਤਾ ਨੇ ਉਹ ਦਾ ਨਾਮ ਬਿਨਯਾਮੀਨ ਰੱਖਿਆ।
19 ੧੯ ਇਸ ਤਰ੍ਹਾਂ ਰਾਖ਼ੇਲ ਮਰ ਗਈ ਅਤੇ ਅਫਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ।
20 ੨੦ ਯਾਕੂਬ ਨੇ ਉਸ ਦੀ ਕਬਰ ਉੱਤੇ ਇੱਕ ਥੰਮ੍ਹ ਖੜ੍ਹਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ।
21 ੨੧ ਫਿਰ ਇਸਰਾਏਲ ਤੁਰ ਪਿਆ ਅਤੇ ਆਪਣਾ ਤੰਬੂ ਏਦਰ ਦੇ ਬੁਰਜ ਦੇ ਪਰਲੇ ਪਾਸੇ ਖੜ੍ਹਾ ਕੀਤਾ।
22 ੨੨ ਜਦ ਇਸਰਾਏਲ ਉਸ ਦੇਸ਼ ਵਿੱਚ ਵੱਸਦਾ ਸੀ, ਤਾਂ ਰਊਬੇਨ ਜਾ ਕੇ ਆਪਣੇ ਪਿਤਾ ਦੀ ਰਖ਼ੈਲ ਬਿਲਹਾਹ ਦੇ ਨਾਲ ਲੇਟਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ।
23 ੨੩ ਯਾਕੂਬ ਦੇ ਬਾਰਾਂ ਪੁੱਤਰ ਸਨ। ਲੇਆਹ ਦੇ ਇਹ ਸਨ: ਯਾਕੂਬ ਦਾ ਪਹਿਲੌਠਾ ਰਊਬੇਨ, ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।
24 ੨੪ ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ।
25 ੨੫ ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ ਦਾਨ ਅਤੇ ਨਫ਼ਤਾਲੀ ਸਨ
26 ੨੬ ਅਤੇ ਲੇਆਹ ਦੀ ਦਾਸੀ ਜਿਲਫਾਹ ਦੇ ਪੁੱਤਰ ਗਾਦ ਅਤੇ ਆਸ਼ੇਰ ਸਨ। ਯਾਕੂਬ ਦੇ ਪੁੱਤਰ ਜਿਹੜੇ ਪਦਨ ਅਰਾਮ ਵਿੱਚ ਉਹ ਦੇ ਲਈ ਜੰਮੇ, ਇਹੋ ਸਨ।
27 ੨੭ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿੱਚ ਜਿਹੜਾ ਕਿਰਯਥ-ਅਰਬਾ ਅਰਥਾਤ ਹਬਰੋਨ ਹੈ, ਆਇਆ ਜਿੱਥੇ ਅਬਰਾਹਾਮ ਅਤੇ ਇਸਹਾਕ ਪਰਦੇਸੀ ਹੋ ਕੇ ਰਹੇ ਸਨ
28 ੨੮ ਇਸਹਾਕ ਦੀ ਕੁੱਲ ਉਮਰ ਇੱਕ ਸੌ ਅੱਸੀ ਸਾਲ ਹੋਈ।
29 ੨੯ ਤਦ ਇਸਹਾਕ ਪ੍ਰਾਣ ਤਿਆਗ ਕੇ ਮਰ ਗਿਆ, ਉਹ ਚੰਗੇ ਬਿਰਧਪੁਣੇ ਵਿੱਚ ਅਰਥਾਤ ਪੂਰੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਜਾ ਮਿਲਿਆ ਅਤੇ ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਦਫ਼ਨਾ ਦਿੱਤਾ।