< ਉਤਪਤ 34 >
1 ੧ ਫਿਰ ਲੇਆਹ ਦੀ ਧੀ ਦੀਨਾਹ, ਜਿਹੜੀ ਯਾਕੂਬ ਤੋਂ ਪੈਦਾ ਹੋਈ ਸੀ, ਉਸ ਦੇਸ਼ ਦੀਆਂ ਧੀਆਂ ਨੂੰ ਮਿਲਣ ਲਈ ਬਾਹਰ ਗਈ।
2 ੨ ਤਦ ਹਮੋਰ ਹਿੱਵੀ ਦੇ ਪੁੱਤਰ ਸ਼ਕਮ, ਉਸ ਦੇਸ਼ ਦੇ ਸ਼ਹਿਜ਼ਾਦੇ ਨੇ ਉਹ ਨੂੰ ਵੇਖਿਆ ਅਤੇ ਉਹ ਨੂੰ ਲੈ ਕੇ ਉਹ ਦੇ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਭਰਿਸ਼ਟ ਕੀਤਾ।
3 ੩ ਤਦ ਉਸ ਦਾ ਦਿਲ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਤੇ ਉਹ ਨੇ ਉਸ ਕੁੜੀ ਨਾਲ ਪ੍ਰੇਮ ਕੀਤਾ ਅਤੇ ਉਸ ਕੁੜੀ ਨਾਲ ਮਿੱਠੇ ਬੋਲ ਬੋਲੇ।
4 ੪ ਸੋ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ।
5 ੫ ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਹੈ ਪਰ ਉਹ ਦੇ ਪੁੱਤਰ ਪਸ਼ੂਆਂ ਦੇ ਨਾਲ ਮੈਦਾਨ ਨੂੰ ਗਏ ਹੋਏ ਸਨ, ਇਸ ਲਈ ਯਾਕੂਬ ਉਹਨਾਂ ਦੇ ਆਉਣ ਤੱਕ ਚੁੱਪ ਰਿਹਾ।
6 ੬ ਫਿਰ ਹਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ
7 ੭ ਅਤੇ ਯਾਕੂਬ ਦੇ ਪੁੱਤਰ ਇਹ ਸੁਣਦਿਆਂ ਹੀ ਮੈਦਾਨ ਤੋਂ ਬਹੁਤ ਦੁਖੀ ਹੋ ਕੇ ਅਤੇ ਗੁੱਸੇ ਵਿੱਚ ਆਏ ਕਿਉਂ ਜੋ ਸ਼ਕਮ ਨੇ ਯਾਕੂਬ ਦੀ ਧੀ ਨਾਲ ਲੇਟ ਕੇ ਇਸਰਾਏਲ ਵਿੱਚ ਅਜਿਹੀ ਮੂਰਖਤਾਈ ਕੀਤੀ ਸੀ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ।
8 ੮ ਹਮੋਰ ਨੇ ਉਨ੍ਹਾਂ ਦੇ ਨਾਲ ਇਹ ਗੱਲ ਕੀਤੀ, ਮੇਰੇ ਪੁੱਤਰ ਸ਼ਕਮ ਦਾ ਦਿਲ ਤੁਹਾਡੀ ਧੀ ਨਾਲ ਲੱਗ ਗਿਆ ਹੈ, ਇਸ ਲਈ ਉਹ ਨੂੰ ਇਹ ਦੇ ਨਾਲ ਵਿਆਹ ਦਿਉ,
9 ੯ ਅਤੇ ਸਾਡੇ ਨਾਲ ਰਿਸ਼ਤੇਦਾਰੀ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਉ ਅਤੇ ਆਪਣੇ ਲਈ ਸਾਡੀਆਂ ਧੀਆਂ ਲੈ ਲਉ,
10 ੧੦ ਅਤੇ ਸਾਡੇ ਨਾਲ ਵੱਸੋ ਅਤੇ ਇਹ ਦੇਸ਼ ਤੁਹਾਡੇ ਅੱਗੇ ਹੈ, ਇੱਥੇ ਵੱਸੋ ਅਤੇ ਵਣਜ-ਵਪਾਰ ਕਰੋ ਅਤੇ ਉਸ ਨੂੰ ਆਪਣੀ ਨਿੱਜ-ਸੰਪਤੀ ਬਣਾਓ।
11 ੧੧ ਸ਼ਕਮ ਨੇ ਵੀ ਦੀਨਾਹ ਦੇ ਪਿਤਾ ਅਤੇ ਉਹ ਦੇ ਭਰਾਵਾਂ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ, ਸੋ ਮੈਂ ਦਿਆਂਗਾ।
12 ੧੨ ਜਿੰਨ੍ਹਾਂ ਵੀ ਦਾਜ ਅਤੇ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ, ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਇਹ ਕੁੜੀ ਮੇਰੇ ਨਾਲ ਵਿਆਹ ਦਿਉ।
13 ੧੩ ਤਦ ਇਹ ਸੋਚ ਕੇ ਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ ਹੈ, ਯਾਕੂਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਹ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।
14 ੧੪ ਉਨ੍ਹਾਂ ਨੂੰ ਆਖਿਆ, ਅਸੀਂ ਇਹ ਕੰਮ ਨਹੀਂ ਕਰ ਸਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂ ਜੋ ਇਸ ਤੋਂ ਸਾਡੀ ਬਦਨਾਮੀ ਹੋਵੇਗੀ।
15 ੧੫ ਅਸੀਂ ਸਿਰਫ਼ ਤਾਂ ਹੀ ਤੁਹਾਡੀ ਗੱਲ ਮੰਨਾਂਗੇ, ਜੇ ਤੁਸੀਂ ਸਾਡੇ ਵਾਂਗੂੰ ਹੋ ਜਾਓ ਅਤੇ ਤੁਹਾਡੇ ਵਿੱਚ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਏ।
16 ੧੬ ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ, ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ, ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣ ਜਾਂਵਾਂਗੇ।
17 ੧੭ ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈ ਕੇ ਚਲੇ ਜਾਂਵਾਂਗੇ।
18 ੧੮ ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਤੇ ਉਸ ਦੇ ਪੁੱਤਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ
19 ੧੯ ਅਤੇ ਉਸ ਜਵਾਨ ਨੇ ਇਹ ਗੱਲ ਕਰਨ ਵਿੱਚ ਇਸ ਲਈ ਦੇਰੀ ਨਾ ਕੀਤੀ, ਕਿਉਂ ਜੋ ਉਹ ਯਾਕੂਬ ਦੀ ਧੀ ਨੂੰ ਬਹੁਤ ਚਾਹੁੰਦਾ ਸੀ ਅਤੇ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਮਾਣ-ਸਨਮਾਨ ਵਾਲਾ ਸੀ।
20 ੨੦ ਤਦ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾ ਕੇ ਮਨੁੱਖਾਂ ਨਾਲ ਇਹ ਗੱਲ ਕੀਤੀ,
21 ੨੧ ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਇਸ ਲਈ ਓਹ ਇਸ ਦੇਸ਼ ਵਿੱਚ ਵੱਸਣ ਅਤੇ ਵਪਾਰ ਕਰਨ ਅਤੇ ਵੇਖੋ, ਇਹ ਦੇਸ਼ ਉਨ੍ਹਾਂ ਲਈ ਕਾਫੀ ਹੈ। ਉਨ੍ਹਾਂ ਦੀਆਂ ਧੀਆਂ ਅਸੀਂ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ।
22 ੨੨ ਪਰ ਇਹ ਮਨੁੱਖ ਸਿਰਫ਼ ਇਸ ਗੱਲ ਤੋਂ ਸਾਡੇ ਨਾਲ ਵੱਸਣ ਲਈ ਮੰਨਣਗੇ ਅਤੇ ਇੱਕ ਕੌਮ ਹੋਣਗੇ ਜੇਕਰ ਉਨ੍ਹਾਂ ਦੀ ਤਰ੍ਹਾਂ ਸਾਡੇ ਵੀ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਵੇ, ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ।
23 ੨੩ ਭਲਾ, ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦ, ਉਨ੍ਹਾਂ ਦਾ ਮਾਲ ਧਨ ਅਤੇ ਉਨ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ? ਅਸੀਂ ਸਿਰਫ਼ ਉਨ੍ਹਾਂ ਦੀ ਗੱਲ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ।
24 ੨੪ ਤਦ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ, ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਦੀ ਗੱਲ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਗਈ।
25 ੨੫ ਤੀਜੇ ਦਿਨ ਅਜਿਹਾ ਹੋਇਆ ਕਿ ਜਦ ਓਹ ਦਰਦ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ ਆਪਣੀਆਂ ਤਲਵਾਰਾਂ ਲੈ ਕੇ ਉਸ ਨਗਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।
26 ੨੬ ਉਨ੍ਹਾਂ ਨੇ ਹਮੋਰ ਨੂੰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਵੀ ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਬਾਹਰ ਨਿੱਕਲ ਗਏ।
27 ੨੭ ਯਾਕੂਬ ਦੇ ਪੁੱਤਰਾਂ ਨੂੰ ਨਾਸ ਕਰਨ ਤੋਂ ਬਾਅਦ ਵੀ ਉਸ ਨਗਰ ਨੂੰ ਲੁੱਟ ਲਿਆ, ਕਿਉਂ ਜੋ ਉੱਥੇ ਹੀ ਉਨ੍ਹਾਂ ਦੀ ਭੈਣ ਨੂੰ ਭਰਿਸ਼ਟ ਕੀਤਾ ਗਿਆ ਸੀ।
28 ੨੮ ਉਨ੍ਹਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਨਗਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ।
29 ੨੯ ਉਹ ਉਨ੍ਹਾਂ ਦਾ ਸਾਰਾ ਧਨ ਅਤੇ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਇਸਤਰੀਆਂ ਨੂੰ ਫੜ੍ਹ ਕੇ ਲੈ ਗਏ ਅਤੇ ਜੋ ਕੁਝ ਘਰ ਵਿੱਚ ਸੀ, ਉਨ੍ਹਾਂ ਨੇ ਲੁੱਟ ਲਿਆ।
30 ੩੦ ਤਦ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, ਤੁਸੀਂ ਮੈਨੂੰ ਸੰਕਟ ਵਿੱਚ ਪਾ ਦਿੱਤਾ ਅਤੇ ਇਸ ਦੇਸ਼ ਦੇ ਵਾਸੀਆਂ, ਕਨਾਨੀਆਂ ਅਤੇ ਫ਼ਰਿੱਜ਼ੀਆਂ ਦੇ ਸਾਹਮਣੇ ਮੇਰੀ ਬਦਨਾਮੀ ਕੀਤੀ ਹੈ, ਮੇਰੇ ਕੋਲ ਥੋੜ੍ਹੇ ਜਿਹੇ ਆਦਮੀ ਹਨ, ਇਸ ਲਈ ਹੁਣ ਓਹ ਮੇਰੇ ਵਿਰੁੱਧ ਇਕੱਠੇ ਹੋ ਕੇ ਮੈਨੂੰ ਮਾਰਨਗੇ ਅਤੇ ਮੇਰਾ ਅਤੇ ਮੇਰੇ ਘਰ ਦਾ ਵਿਨਾਸ਼ ਹੋ ਜਾਵੇਗਾ।
31 ੩੧ ਪਰ ਉਨ੍ਹਾਂ ਨੇ ਆਖਿਆ, ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਰਗਾ ਵਰਤਾਓ ਕਰਨ?