< ਉਤਪਤ 12 >
1 ੧ ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਸੰਬੰਧੀਆਂ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ।
2 ੨ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ।
3 ੩ ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।
4 ੪ ਸੋ ਯਹੋਵਾਹ ਦੇ ਬਚਨ ਅਨੁਸਾਰ ਅਬਰਾਮ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ। ਜਦੋਂ ਅਬਰਾਮ ਹਾਰਾਨ ਦੇਸ਼ ਤੋਂ ਨਿੱਕਲਿਆ, ਉਸ ਸਮੇਂ ਉਹ ਪੰਝੱਤਰ ਸਾਲ ਦਾ ਸੀ।
5 ੫ ਇਸ ਤਰ੍ਹਾਂ ਅਬਰਾਮ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ ਅਤੇ ਉਸ ਸਾਰੇ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪ੍ਰਾਪਤ ਕੀਤਾ ਸੀ, ਲੈ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ ਅਤੇ ਉਹ ਕਨਾਨ ਦੇਸ਼ ਵਿੱਚ ਆ ਗਏ।
6 ੬ ਅਬਰਾਮ ਉਸ ਦੇਸ਼ ਵਿੱਚੋਂ ਲੰਘਦੇ ਹੋਏ ਸ਼ਕਮ ਨੂੰ ਜਿੱਥੇ ਮੋਰਹ ਦੇ ਬਲੂਤ ਹਨ, ਪਹੁੰਚ ਗਿਆ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ।
7 ੭ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਣ ਦੇ ਕੇ ਆਖਿਆ, ਇਹ ਦੇਸ਼ ਮੈਂ ਤੇਰੀ ਅੰਸ ਨੂੰ ਦਿਆਂਗਾ। ਤਦ ਅਬਰਾਮ ਨੇ ਉੱਥੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਹ ਨੂੰ ਦਰਸ਼ਣ ਦਿੱਤਾ ਸੀ।
8 ੮ ਤਦ ਉੱਥੋਂ ਉਹ ਇੱਕ ਪਰਬਤ ਨੂੰ ਆਇਆ ਜੋ ਬੈਤਏਲ ਤੋਂ ਪੂਰਬ ਵੱਲ ਹੈ, ਅਤੇ ਉੱਥੇ ਜਾ ਕੇ ਆਪਣਾ ਤੰਬੂ ਲਾਇਆ। ਜਿੱਥੋਂ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਹੈ, ਉੱਥੇ ਵੀ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਨੂੰ ਪੁਕਾਰਿਆ।
9 ੯ ਅਬਰਾਮ ਸਫ਼ਰ ਕਰਦਾ-ਕਰਦਾ ਦੱਖਣ ਵੱਲ ਤੁਰਦਾ ਗਿਆ।
10 ੧੦ ਫੇਰ ਉਸ ਦੇਸ਼ ਵਿੱਚ ਕਾਲ ਪੈ ਗਿਆ। ਇਸ ਲਈ ਅਬਰਾਮ ਪਰਦੇਸੀ ਹੋ ਕੇ ਮਿਸਰ ਵਿੱਚ ਰਹਿਣ ਲਈ ਗਿਆ, ਕਿਉਂਕਿ ਉਸ ਦੇਸ਼ ਵਿੱਚ ਭਿਅੰਕਰ ਕਾਲ ਪਿਆ ਸੀ।
11 ੧੧ ਜਦ ਉਹ ਮਿਸਰ ਵਿੱਚ ਪਹੁੰਚਣ ਵਾਲਾ ਸੀ ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਆਖਿਆ, ਵੇਖ ਮੈਂ ਜਾਣਦਾ ਹਾਂ ਕਿ ਤੂੰ ਇੱਕ ਸੋਹਣੀ ਇਸਤਰੀ ਹੈਂ,
12 ੧੨ ਜਦ ਮਿਸਰੀ ਤੈਨੂੰ ਵੇਖਣਗੇ ਤਦ ਉਹ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਇਸ ਕਾਰਨ ਉਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ।
13 ੧੩ ਇਸ ਲਈ ਤੂੰ ਆਖੀਂ ਕਿ ਮੈਂ ਉਸ ਦੀ ਭੈਣ ਹਾਂ, ਤਾਂ ਜੋ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਜਾਵੇ।
14 ੧੪ ਫਿਰ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਸ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ।
15 ੧੫ ਤਦ ਫ਼ਿਰਊਨ ਦੇ ਹਾਕਮਾਂ ਨੇ ਉਸ ਨੂੰ ਵੇਖ ਕੇ, ਫ਼ਿਰਊਨ ਦੇ ਅੱਗੇ ਉਸ ਦੀ ਵਡਿਆਈ ਕੀਤੀ, ਤਦ ਉਹ ਇਸਤਰੀ ਫ਼ਿਰਊਨ ਦੇ ਘਰ ਵਿੱਚ ਪਹੁੰਚਾਈ ਗਈ।
16 ੧੬ ਤਦ ਫ਼ਿਰਊਨ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ। ਇਸ ਲਈ ਉਸ ਦੇ ਕੋਲ ਇੱਜੜ, ਗਾਈਆਂ-ਬਲ਼ਦ, ਗਧੇ-ਗਧੀਆਂ, ਦਾਸ-ਦਾਸੀਆਂ ਅਤੇ ਊਠ ਹੋ ਗਏ।
17 ੧੭ ਪਰ ਯਹੋਵਾਹ ਨੇ ਫ਼ਿਰਊਨ ਅਤੇ ਉਹ ਦੇ ਘਰਾਣੇ ਉੱਤੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਵੱਡੀਆਂ ਬਵਾਂ ਪਾਈਆਂ।
18 ੧੮ ਤਦ ਫ਼ਿਰਊਨ ਨੇ ਅਬਰਾਮ ਨੂੰ ਬੁਲਾ ਕੇ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਪਤਨੀ ਹੈ?।
19 ੧੯ ਤੂੰ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ? ਤਦ ਹੀ ਮੈਂ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਲਿਆ। ਹੁਣ ਆਪਣੀ ਪਤਨੀ ਨੂੰ ਲੈ ਅਤੇ ਜਾ।
20 ੨੦ ਤਦ ਫ਼ਿਰਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ, ਤਦ ਉਨ੍ਹਾਂ ਨੇ ਅਬਰਾਮ ਅਤੇ ਉਸ ਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸ ਨੂੰ ਦੇ ਕੇ ਉੱਥੋਂ ਤੋਰ ਦਿੱਤਾ।