< ਗਲਾਤਿਯਾ ਨੂੰ 2 >
1 ੧ ਤਦ ਚੌਦਾਂ ਸਾਲਾਂ ਦੇ ਬਾਅਦ ਮੈਂ ਬਰਨਬਾਸ ਅਤੇ ਤੀਤੁਸ ਨੂੰ ਨਾਲ ਲੈ ਕੇ ਯਰੂਸ਼ਲਮ ਨੂੰ ਫੇਰ ਗਿਆ।
2 ੨ ਅਤੇ ਮੇਰਾ ਉਹਨਾਂ ਕੋਲ ਜਾਣਾ ਪਰਮੇਸ਼ੁਰ ਦੇ ਪ੍ਰਕਾਸ਼ਨ ਅਨੁਸਾਰ ਸੀ, ਉਸ ਖੁਸ਼ਖਬਰੀ ਨੂੰ ਜਿਸ ਦਾ ਮੈਂ ਪਰਾਈਆਂ ਕੌਮਾਂ ਵਿੱਚ ਪਰਚਾਰ ਕਰਦਾ ਹਾਂ ਉਹਨਾਂ ਅੱਗੇ ਵੀ ਪਰਚਾਰ ਕੀਤਾ ਪਰ ਉਹਨਾਂ ਲੋਕਾਂ ਨੂੰ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਹੈ, ਗੁਪਤ ਵਿੱਚ ਪਰਚਾਰ ਕੀਤਾ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਵਿਅਰਥ ਹੋ ਜਾਵੇ।
3 ੩ ਪਰ ਤੀਤੁਸ ਵੀ ਜੋ ਮੇਰੇ ਨਾਲ ਸੀ, ਭਾਵੇਂ ਯੂਨਾਨੀ ਸੀ ਤਾਂ ਵੀ ਜ਼ਬਰਦਸਤੀ ਸੁੰਨਤੀ ਨਾ ਬਣਾਇਆ ਗਿਆ।
4 ੪ ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ, ਚੋਰੀ ਵੜ ਆਏ ਕਿ ਸਾਨੂੰ ਬੰਧਨ ਵਿੱਚ ਲਿਆਉਣ।
5 ੫ ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਉਹਨਾਂ ਦੇ ਵੱਸ ਵਿੱਚ ਨਾ ਆਏ ਤਾਂ ਕਿ ਖੁਸ਼ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ।
6 ੬ ਪਰ ਉਹ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ ਅਤੇ ਕੁਝ ਸਮਝੇ ਜਾਂਦੇ ਸਨ, ਉਹ ਭਾਵੇ ਕਿਹੋ ਜਿਹੇ ਵੀ ਹੋਣ, ਮੈਨੂੰ ਕੋਈ ਪਰਵਾਹ ਨਹੀਂ - ਪਰਮੇਸ਼ੁਰ ਕਿਸੇ ਮਨੁੱਖ ਦਾ ਪੱਖਪਾਤ ਨਹੀਂ ਕਰਦਾ ਹੈ, ਮੈਂ ਕਹਿੰਦਾ ਹਾਂ ਕਿ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ, ਉਹਨਾਂ ਤੋਂ ਮੈਨੂੰ ਤਾਂ ਕੁਝ ਪ੍ਰਾਪਤ ਨਹੀਂ ਹੋਇਆ।
7 ੭ ਸਗੋਂ ਉਲਟਾ ਜਦੋਂ ਉਹਨਾਂ ਨੇ ਦੇਖਿਆ ਕਿ ਅਸੁੰਨਤੀਆਂ ਲਈ ਖੁਸ਼ਖਬਰੀ ਦਾ ਕੰਮ ਮੈਨੂੰ ਸੌਂਪਿਆ ਗਿਆ, ਜਿਵੇਂ ਸੁੰਨਤੀਆਂ ਲਈ ਪਤਰਸ ਨੂੰ।
8 ੮ ਕਿਉਂਕਿ ਜਿਸ ਨੇ ਸੁੰਨਤੀਆਂ ਵਿੱਚ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਬਹੁਤ ਪ੍ਰਭਾਵ ਨਾਲ ਕੰਮ ਕੀਤਾ, ਉਹ ਨੇ ਪਰਾਈਆਂ ਕੌਮਾਂ ਦੇ ਲਈ ਮੇਰੇ ਵਿੱਚ ਵੀ ਬਹੁਤ ਪ੍ਰਭਾਵ ਨਾਲ ਕੰਮ ਕੀਤਾ।
9 ੯ ਅਤੇ ਜਦੋਂ ਉਨ੍ਹਾਂ ਨੇ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਸਮਝੇ ਜਾਂਦੇ ਹਨ, ਉਹਨਾਂ ਨੇ ਮੇਰੇ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਕੋਲ ਜਾਣ।
10 ੧੦ ਅਤੇ ਇਹ ਆਖਿਆ ਕੇਵਲ ਅਸੀਂ ਗ਼ਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਯਤਨ ਕੀਤਾ ਸੀ।
11 ੧੧ ਪਰ ਜਦੋਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਵਿਰੋਧ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ।
12 ੧੨ ਇਸ ਲਈ ਕਿ ਉਸ ਤੋਂ ਪਹਿਲਾਂ ਜਦੋਂ ਕਈ ਜਣੇ ਯਾਕੂਬ ਦੀ ਵੱਲੋਂ ਆਏ ਤਾਂ ਉਹ ਪਰਾਈਆਂ ਕੌਮਾਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਦੋਂ ਉਹ ਆਏ ਤਾਂ ਯਹੂਦੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹੱਟ ਗਿਆ ਅਤੇ ਆਪਣੇ ਆਪ ਨੂੰ ਅਲੱਗ ਕੀਤਾ।
13 ੧੩ ਅਤੇ ਬਾਕੀ ਯਹੂਦੀਆਂ ਨੇ ਵੀ ਉਹਨਾਂ ਦੇ ਨਾਲ ਕਪਟ ਕੀਤਾ ਐਥੋਂ ਤੱਕ ਜੋ ਬਰਨਬਾਸ ਵੀ ਉਹਨਾਂ ਦੇ ਕਪਟ ਨਾਲ ਭਰਮਾਇਆ ਗਿਆ।
14 ੧੪ ਪਰ ਜਦੋਂ ਮੈਂ ਵੇਖਿਆ ਜੋ ਉਹ ਖੁਸ਼ਖਬਰੀ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਕਿ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਚੱਲਦਾ, ਤਾਂ ਤੂੰ ਕਿਵੇਂ ਗ਼ੈਰ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਜ਼ਬਰਦਸਤੀ ਚਲਾਉਂਦਾ ਹੈਂ?
15 ੧੫ ਅਸੀਂ ਜਨਮ ਤੋਂ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ।
16 ੧੬ ਤਾਂ ਵੀ ਇਹ ਜਾਣ ਕੇ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਕੇਵਲ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਆਪ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂ ਕਿ ਅਸੀਂ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਵੀ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ।
17 ੧੭ ਪਰ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ, ਤਾਂ ਕੀ ਮਸੀਹ ਪਾਪ ਦਾ ਸੇਵਾਦਾਰ ਹੋਇਆ? ਕਦੇ ਨਹੀਂ!
18 ੧੮ ਕਿਉਂਕਿ ਜੋ ਮੈਂ ਤੋੜ ਦਿੱਤਾ ਜੇਕਰ ਉਸੇ ਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ।
19 ੧੯ ਇਸ ਲਈ ਜੋ ਮੈਂ ਬਿਵਸਥਾ ਹੀ ਦੇ ਕਾਰਨ ਬਿਵਸਥਾ ਦੀ ਵੱਲੋਂ ਮਰਿਆ ਤਾਂ ਕਿ ਪਰਮੇਸ਼ੁਰ ਲਈ ਜਿਉਂਦਾ ਰਹਾਂ।
20 ੨੦ ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।
21 ੨੧ ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਵਿਅਰਥ ਨਹੀਂ ਸਮਝਦਾ ਕਿਉਂਕਿ ਜੇ ਬਿਵਸਥਾ ਦੇ ਰਾਹੀਂ ਧਾਰਮਿਕਤਾ ਹੁੰਦੀ ਤਾਂ ਮਸੀਹ ਦਾ ਮਰਨਾ ਵਿਅਰਥ ਹੀ ਹੋਇਆ।