< ਹਿਜ਼ਕੀਏਲ 46 >
1 ੧ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੰਦਰਲੇ ਵੇਹੜੇ ਦਾ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ, ਕੰਮ ਕਾਜ ਦੇ ਛੇ ਦਿਨ ਬੰਦ ਰਹੇਗਾ, ਪਰ ਸਬਤ ਦੇ ਦਿਨ ਖੋਲ੍ਹਿਆ ਜਾਵੇਗਾ ਅਤੇ ਨਵੇਂ ਚੰਦ ਦੇ ਦਿਨ ਵੀ ਖੋਲ੍ਹਿਆ ਜਾਵੇਗਾ।
2 ੨ ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜ੍ਹੀ ਦੇ ਰਾਹ ਵਿੱਚੋਂ ਅੰਦਰ ਆਵੇਗਾ ਅਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ। ਜਾਜਕ ਉਸ ਦੀਆਂ ਹੋਮ ਦੀਆਂ ਬਲੀਆਂ ਅਤੇ ਸੁੱਖ ਦੀਆਂ ਭੇਟਾਂ ਚੜ੍ਹਾਉਣਗੇ ਅਤੇ ਉਹ ਫਾਟਕ ਦੀ ਸਰਦਲ ਤੇ ਮੱਥਾ ਟੇਕ ਕੇ ਬਾਹਰ ਨਿੱਕਲੇਗਾ, ਪਰ ਫਾਟਕ ਸ਼ਾਮ ਤੱਕ ਬੰਦ ਨਾ ਹੋਵੇਗਾ।
3 ੩ ਦੇਸ ਦੇ ਲੋਕ ਉਸ ਫਾਟਕ ਦੇ ਦਰਵਾਜ਼ੇ ਤੇ ਸਬਤਾਂ ਅਤੇ ਨਵੇਂ ਚੰਦ ਵਿੱਚ ਯਹੋਵਾਹ ਦੇ ਸਾਹਮਣੇ ਮੱਥਾ ਟੇਕਿਆ ਕਰਨਗੇ।
4 ੪ ਹੋਮ ਦੀ ਬਲੀ ਜਿਹੜੀ ਰਾਜਕੁਮਾਰ ਸਬਤ ਦੇ ਦਿਨ ਯਹੋਵਾਹ ਦੇ ਕੋਲ ਚੜ੍ਹਾਵੇਗਾ ਇਹ ਹੈ, - ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਮੇਂਢਾ।
5 ੫ ਮੈਦੇ ਦੀ ਭੇਟ ਮੇਂਢੇ ਦੇ ਲਈ ਇੱਕ ਏਫ਼ਾਹ ਅਤੇ ਲੇਲਿਆਂ ਦੇ ਲਈ ਮੈਦੇ ਦੀ ਭੇਟ ਉਸ ਦੀ ਪਹੁੰਚ ਅਨੁਸਾਰ ਅਤੇ ਇੱਕ ਏਫਾਹ ਦੇ ਲਈ ਇੱਕ ਹੀਨ ਤੇਲ।
6 ੬ ਨਵੇਂ ਚੰਦ ਦੇ ਦਿਨ ਇੱਕ ਦੋਸ਼ ਰਹਿਤ ਵੱਛਾ, ਛੇ ਦੋਸ਼ ਰਹਿਤ ਭੇਡ ਦੇ ਬੱਚੇ ਅਤੇ ਇੱਕ ਦੋਸ਼ ਰਹਿਤ ਮੇਂਢਾ ਹੋਣਗੇ।
7 ੭ ਉਹ ਮੈਦੇ ਦੀ ਭੇਟ ਤਿਆਰ ਕਰੇਗਾ, ਅਰਥਾਤ ਵੱਛੇ ਦੇ ਲਈ ਇੱਕ ਏਫਾਹ ਅਤੇ ਮੇਂਢੇ ਦੇ ਲਈ ਇੱਕ ਏਫਾਹ ਅਤੇ ਲੇਲਿਆਂ ਦੇ ਲਈ ਉਸ ਦੀ ਪਹੁੰਚ ਦੇ ਅਨੁਸਾਰ ਅਤੇ ਹਰੇਕ ਏਫਾਹ ਦੇ ਲਈ ਇੱਕ ਹੀਨ ਤੇਲ।
8 ੮ ਜਦੋਂ ਰਾਜਕੁਮਾਰ ਅੰਦਰ ਆਵੇ ਤਾਂ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਉਸੇ ਰਾਹ ਵਿੱਚੋਂ ਨਿੱਕਲੇਗਾ।
9 ੯ ਜਦੋਂ ਦੇਸ ਦੇ ਲੋਕ ਠਹਿਰਾਏ ਹੋਏ ਪਰਬਾਂ ਦੇ ਸਮੇਂ ਯਹੋਵਾਹ ਦੇ ਸਨਮੁਖ ਹਾਜ਼ਰ ਹੋਣਗੇ, ਤਾਂ ਜਿਹੜਾ ਉੱਤਰੀ ਫਾਟਕ ਦੇ ਰਸਤੇ ਮੱਥਾ ਟੇਕਣ ਲਈ ਆਵੇਗਾ ਉਹ ਦੱਖਣੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਅਤੇ ਜਿਹੜਾ ਦੱਖਣੀ ਫਾਟਕ ਦੇ ਰਸਤੇ ਅੰਦਰ ਆਉਂਦਾ ਹੈ ਉਹ ਉੱਤਰੀ ਫਾਟਕ ਦੇ ਰਸਤੇ ਬਾਹਰ ਜਾਵੇਗਾ। ਜਿਸ ਫਾਟਕ ਦੇ ਰਸਤੇ ਉਹ ਅੰਦਰ ਆਇਆ ਉਸ ਦੇ ਵਿੱਚੋਂ ਮੁੜ ਕੇ ਨਾ ਜਾਵੇਗਾ ਸਗੋਂ ਸਿੱਧਾ ਆਪਣੇ ਸਾਹਮਣੇ ਦੇ ਫਾਟਕ ਵਿੱਚੋਂ ਦੀ ਲੰਘ ਕੇ ਨਿੱਕਲ ਜਾਵੇਗਾ।
10 ੧੦ ਜਦੋਂ ਉਹ ਅੰਦਰ ਜਾਣਗੇ ਤਾਂ ਰਾਜਕੁਮਾਰ ਵੀ ਉਹਨਾਂ ਦੇ ਵਿੱਚ ਮਿਲ ਕੇ ਜਾਵੇਗਾ ਅਤੇ ਜਦੋਂ ਉਹ ਬਾਹਰ ਨਿੱਕਲਣਗੇ ਤਾਂ ਸਾਰੇ ਇਕੱਠੇ ਜਾਣਗੇ।
11 ੧੧ ਠਹਿਰਾਏ ਹੋਏ ਪਰਬਾਂ ਉੱਤੇ ਮੈਦੇ ਦੀ ਭੇਟ ਵਹਿੜੇ ਦੇ ਲਈ ਇੱਕ ਏਫਾਹ ਅਤੇ ਮੇਂਢੇ ਦੇ ਲਈ ਇੱਕ ਏਫਾਹ ਹੋਵੇਗੀ ਅਤੇ ਲੇਲਿਆਂ ਦੇ ਲਈ ਉਸ ਦੀ ਪਹੁੰਚ ਦੇ ਅਨੁਸਾਰ ਅਤੇ ਹਰੇਕ ਏਫਾਹ ਦੇ ਲਈ ਇੱਕ ਹੀਨ ਤੇਲ।
12 ੧੨ ਜਦੋਂ ਰਾਜਕੁਮਾਰ ਖੁਸ਼ੀ ਦੀ ਭੇਟ ਤਿਆਰ ਕਰੇ ਅਥਵਾ ਹੋਮ ਦੀ ਬਲੀ ਜਾਂ ਸੁੱਖ ਦੀ ਭੇਟ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ, ਤਾਂ ਉਹ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ, ਅਤੇ ਸਬਤ ਦੇ ਦਿਨ ਵਾਂਗੂੰ ਉਹ ਆਪਣੀ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਚੜ੍ਹਾਵੇਗਾ। ਤਦ ਉਹ ਬਾਹਰ ਨਿੱਕਲ ਆਵੇਗਾ ਅਤੇ ਨਿੱਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ।
13 ੧੩ ਤੂੰ ਹਰ ਦਿਨ ਯਹੋਵਾਹ ਦੇ ਲਈ ਪਹਿਲੇ ਸਾਲ ਦਾ ਇੱਕ ਦੋਸ਼ ਰਹਿਤ ਲੇਲਾ ਹੋਮ ਦੀ ਬਲੀ ਲਈ ਚੜ੍ਹਾਵੇਂਗਾ, ਤੂੰ ਹਰ ਸਵੇਰ ਨੂੰ ਚੜ੍ਹਾਵੇਂਗਾ।
14 ੧੪ ਤੂੰ ਉਹ ਦੇ ਨਾਲ ਹਰ ਸਵੇਰ ਨੂੰ ਮੈਦੇ ਦੀ ਭੇਟ ਚੜ੍ਹਾਵੇਂਗਾ, ਅਰਥਾਤ ਏਫਾਹ ਦਾ ਛੇਵਾਂ ਭਾਗ ਅਤੇ ਮੈਦੇ ਦੇ ਨਾਲ ਮਿਲਾਉਣ ਦੇ ਲਈ ਤੇਲ ਦੇ ਹੀਨ ਦਾ ਇੱਕ ਤਿਹਾਈ ਭਾਗ। ਸਦਾ ਦੀ ਬਿਧੀ ਦੇ ਅਨੁਸਾਰ ਸਦਾ ਦੇ ਲਈ ਯਹੋਵਾਹ ਦੇ ਲਈ ਇਹ ਮੈਦੇ ਦੀ ਭੇਟ ਹੋਵੇਗੀ।
15 ੧੫ ਇਸ ਤਰ੍ਹਾਂ ਉਹ ਲੇਲਾ ਅਤੇ ਮੈਦੇ ਦੀ ਭੇਟ ਅਤੇ ਤੇਲ ਹਰ ਸਵੇਰੇ ਸਦਾ ਦੀ ਹੋਮ ਦੀ ਬਲੀ ਦੇ ਲਈ ਚੜ੍ਹਾਉਣਗੇ।
16 ੧੬ ਪ੍ਰਭੂ ਯਹੋਵਾਹ ਇਹ ਆਖਦਾ ਹੈ, - ਜੇਕਰ ਰਾਜਕੁਮਾਰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਕੋਈ ਸੁਗ਼ਾਤ ਦੇਵੇ, ਤਾਂ ਉਹ ਉਸ ਦੇ ਪੁੱਤਰਾਂ ਦੀ ਮਿਰਾਸ ਹੋਵੇਗੀ। ਉਹ ਉਹਨਾਂ ਦੀ ਜੱਦੀ ਮਿਰਾਸ ਹੈ।
17 ੧੭ ਪਰ ਜੇਕਰ ਉਹ ਆਪਣੇ ਟਹਿਲੂਆਂ ਵਿੱਚੋਂ ਕਿਸੇ ਇੱਕ ਨੂੰ ਆਪਣੀ ਮਿਰਾਸ ਵਿੱਚੋਂ ਸੁਗ਼ਾਤ ਦੇਵੇਂ, ਤਾਂ ਉਹ ਅਜ਼ਾਦੀ ਦੇ ਸਾਲ ਤੱਕ ਉਸ ਦੀ ਹੋਵੇਗੀ। ਉਸ ਦੇ ਬਾਅਦ ਫੇਰ ਰਾਜਕੁਮਾਰ ਦੀ ਹੋ ਜਾਵੇਗੀ, ਪਰ ਉਸ ਦੀ ਆਪਣੀ ਮਿਰਾਸ ਉਹ ਦੇ ਪੁੱਤਰਾਂ ਲਈ ਹੋਵੇਗੀ।
18 ੧੮ ਰਾਜਕੁਮਾਰ ਧੱਕਾ ਕਰ ਕੇ ਲੋਕਾਂ ਦੀ ਮਿਰਾਸ ਵਿੱਚੋਂ ਨਾ ਲਵੇਗਾ, ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਤੋਂ ਬੇਦਖ਼ਲ ਕਰੇ, ਪਰ ਉਹ ਆਪਣੀ ਹੀ ਮਿਰਾਸ ਵਿੱਚੋਂ ਆਪਣੇ ਪੁੱਤਰਾਂ ਨੂੰ ਮਿਰਾਸ ਦੇਵੇਗਾ, ਤਾਂ ਜੋ ਲੋਕ ਆਪਣੇ-ਆਪਣੇ ਕਬਜ਼ੇ ਤੋਂ ਵਾਂਜੇ ਨਾ ਹੋ ਜਾਣ।
19 ੧੯ ਫੇਰ ਉਹ ਮੈਨੂੰ ਉਸ ਦਰਵਾਜ਼ੇ ਦੇ ਰਾਹ ਜੋ ਫਾਟਕ ਦੇ ਇੱਕ ਪਾਸੇ ਸੀ, ਜਾਜਕਾਂ ਦੀਆਂ ਪਵਿੱਤਰ ਕੋਠੜੀਆਂ ਵਿੱਚ ਜਿਹਨਾਂ ਦਾ ਮੂੰਹ ਉਤਰ ਵੱਲ ਸੀ ਲੈ ਆਇਆ, ਅਤੇ ਵੇਖੋ, ਪੱਛਮ ਵੱਲ ਪਿੱਛੇ ਇੱਕ ਥਾਂ ਸੀ।
20 ੨੦ ਤਦ ਉਹ ਨੇ ਮੈਨੂੰ ਆਖਿਆ, ਇਹ ਉਹ ਥਾਂ ਹੈ ਜਿਸ ਵਿੱਚ ਜਾਜਕ ਦੋਸ਼ ਦੀ ਬਲੀ ਅਤੇ ਪਾਪ ਬਲੀ ਨੂੰ ਉਬਾਲਣਗੇ, ਅਤੇ ਮੈਦੇ ਦੀ ਭੇਟ ਪਕਾਉਣਗੇ, ਕਿਤੇ ਉਹ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲੈ ਜਾ ਕੇ ਲੋਕਾਂ ਨੂੰ ਪਵਿੱਤਰ ਕਰਨ।
21 ੨੧ ਫੇਰ ਉਹ ਮੈਨੂੰ ਬਾਹਰਲੇ ਵੇਹੜੇ ਵਿੱਚ ਲੈ ਆਇਆ ਅਤੇ ਵੇਹੜੇ ਦੇ ਚਾਰਾਂ ਖੂੰਜਿਆਂ ਵੱਲ ਮੈਨੂੰ ਲੈ ਗਿਆ, ਅਤੇ ਵੇਖੋ, ਵੇਹੜੇ ਦੇ ਹਰੇਕ ਖੂੰਜੇ ਵਿੱਚ ਇੱਕ ਹੋਰ ਵੇਹੜਾ ਸੀ।
22 ੨੨ ਵੇਹੜੇ ਦੇ ਚਾਰਾਂ ਖੂੰਜਿਆਂ ਵਿੱਚ ਚਾਲ੍ਹੀ-ਚਾਲ੍ਹੀ ਹੱਥ ਲੰਮੇ ਅਤੇ ਤੀਹ-ਤੀਹ ਹੱਥ ਚੌੜੇ ਵੇਹੜੇ ਨਾਲ ਲਗਵੇਂ ਸਨ, ਇਹ ਚਾਰ ਕੋਨਿਆਂ ਵਾਲੇ ਇੱਕੋ ਹੀ ਨਾਪ ਦੇ ਸਨ।
23 ੨੩ ਉਹਨਾਂ ਦੇ ਚੁਫ਼ੇਰੇ ਅਰਥਾਤ ਉਹਨਾਂ ਚਾਰਾਂ ਦੇ ਚੁਫ਼ੇਰੇ ਕੰਧ ਸੀ ਅਤੇ ਚੁਫ਼ੇਰੇ ਕੰਧ ਦੇ ਹੇਠਾਂ ਉਬਾਲਣ ਦੇ ਥਾਂ ਬਣੇ ਹੋਏ ਸਨ।
24 ੨੪ ਤਦ ਉਹ ਨੇ ਮੈਨੂੰ ਆਖਿਆ ਕਿ ਇਹ ਉਬਾਲਣ ਦੇ ਘਰ ਹਨ, ਜਿੱਥੇ ਭਵਨ ਦੇ ਸੇਵਾਦਾਰ ਲੋਕਾਂ ਦੀਆਂ ਬਲੀਆਂ ਉਬਾਲਣਗੇ।