< ਹਿਜ਼ਕੀਏਲ 45 >
1 ੧ ਜਦੋਂ ਤੁਸੀਂ ਪਰਚੀਆਂ ਪਾ ਕੇ ਦੇਸ ਨੂੰ ਵਿਰਸੇ ਦੇ ਲਈ ਵੰਡੋ, ਤਾਂ ਉਸ ਦੇਸ ਵਿੱਚੋਂ ਇੱਕ ਪਵਿੱਤਰ ਭਾਗ ਯਹੋਵਾਹ ਲਈ ਭੇਟ ਚੜ੍ਹਾਉਣਾ। ਉਹ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਕਾਨੇ ਹੋਵੇਗੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਹੱਦਾਂ ਵਿੱਚ ਪਵਿੱਤਰ ਹੋਵੇਗਾ।
2 ੨ ਉਸ ਵਿੱਚੋਂ ਇੱਕ ਟੁੱਕੜਾ ਜਿਸ ਦੀ ਲੰਬਾਈ ਪੰਜ ਸੌ ਅਤੇ ਚੌੜਾਈ ਪੰਜ ਸੌ, ਜੋ ਚਾਰੋਂ ਪਾਸੇ ਚੌਰਸ ਹੈ ਪਵਿੱਤਰ ਸਥਾਨ ਲਈ ਹੋਵੇਗੀ ਅਤੇ ਉਹ ਦੀ ਸ਼ਾਮਲਾਟ ਲਈ ਚਾਰੇ ਪਾਸੇ ਪੰਜਾਹ-ਪੰਜਾਹ ਹੱਥ ਦੀ ਚੌੜਾਈ ਹੋਵੇਗੀ।
3 ੩ ਤੂੰ ਇਸ ਮਿਣਤੀ ਦੀ ਪੱਚੀ ਹਜ਼ਾਰ ਦੀ ਲੰਬਾਈ ਅਤੇ ਦਸ ਹਜ਼ਾਰ ਚੌੜਾਈ ਮਿਣੇਗਾ ਅਤੇ ਉਸ ਵਿੱਚ ਪਵਿੱਤਰ ਸਥਾਨ ਹੋਵੇਂਗਾ ਜੋ ਅੱਤ ਪਵਿੱਤਰ ਹੈ।
4 ੪ ਦੇਸ ਦਾ ਇਹ ਪਵਿੱਤਰ ਭਾਗ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜੋ ਪਵਿੱਤਰ ਸਥਾਨ ਦੇ ਸੇਵਾਦਾਰ ਹਨ ਅਤੇ ਯਹੋਵਾਹ ਦੇ ਨੇੜੇ ਸੇਵਾ ਕਰਨ ਲਈ ਆਉਂਦੇ ਹਨ। ਇਹ ਥਾਂ ਉਹਨਾਂ ਦੇ ਘਰਾਂ ਲਈ ਹੋਵੇਗਾ ਅਤੇ ਪਵਿੱਤਰ ਸਥਾਨ ਲਈ ਪਵਿੱਤਰ ਥਾਂ ਹੋਵੇਗਾ।
5 ੫ ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਲੇਵੀਆਂ ਲਈ ਹੋਵੇਗਾ, ਜਿਹੜੇ ਭਵਨ ਦੇ ਸੇਵਾਦਾਰ ਹਨ।
6 ੬ ਤੁਸੀਂ ਸ਼ਹਿਰ ਦਾ ਭਾਗ ਪੰਜ ਹਜ਼ਾਰ ਚੌੜਾ ਅਤੇ ਪੱਚੀ ਹਜ਼ਾਰ ਲੰਮਾ ਪਵਿੱਤਰ ਸਥਾਨ ਦੇ ਭੇਟਾਂ ਵਾਲੇ ਭਾਗ ਦੇ ਨੇੜੇ ਦੇਣਾ, ਇਹ ਸਾਰਾ ਇਸਰਾਏਲ ਦੇ ਘਰਾਣੇ ਦੇ ਲਈ ਹੋਵੇਗਾ।
7 ੭ ਪਵਿੱਤਰ ਭੇਟਾਂ ਵਾਲੇ ਭਾਗ ਦੀ ਅਤੇ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤਰ ਭੇਟਾਂ ਵਾਲੇ ਭਾਗ ਦੇ ਸਾਹਮਣੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਨਾ ਪੱਛਮ ਦੀ ਵੱਲ ਅਤੇ ਪੂਰਬੀ ਕੋਨਾ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਬਾਈ ਵਿੱਚ ਪੱਛਮੀ ਹੱਦ ਤੋਂ ਪੂਰਬੀ ਹੱਦ ਤੱਕ ਉਹਨਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ।
8 ੮ ਇਸਰਾਏਲ ਦੇ ਵਿੱਚ ਦੇਸ ਵਿੱਚੋਂ ਉਸ ਦਾ ਇਹੀ ਭਾਗ ਹੋਵੇਗਾ ਅਤੇ ਮੇਰੇ ਰਾਜਕੁਮਾਰ ਫੇਰ ਮੇਰੇ ਲੋਕਾਂ ਤੇ ਅੱਤਿਆਚਾਰ ਨਾ ਕਰਨਗੇ ਅਤੇ ਦੇਸ ਨੂੰ ਇਸਰਾਏਲ ਦੇ ਘਰਾਣੇ ਵਿੱਚ ਉਹਨਾਂ ਦੇ ਗੋਤਾਂ ਦੇ ਅਨੁਸਾਰ ਵੰਡਣਗੇ।
9 ੯ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਰਾਜਕੁਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅੱਤਿਆਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੂ ਯਹੋਵਾਹ ਦਾ ਵਾਕ ਹੈ।
10 ੧੦ ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾਹ ਅਤੇ ਧਰਮ ਦਾ ਬਥ ਰੱਖਿਆ ਕਰੋ।
11 ੧੧ ਏਫਾਹ ਅਤੇ ਬਥ ਦੇ ਤੋਲ ਇੱਕੋ ਜਿੰਨੇ ਹੋਣ, ਤਾਂ ਜੋ ਬਥ ਵਿੱਚ ਹੋਮਰ ਦਾ ਦਸਵਾਂ ਭਾਗ ਹੋਵੇ ਅਤੇ ਏਫਾਹ ਵੀ ਹੋਮਰ ਦਾ ਦਸਵਾਂ ਭਾਗ ਹੋਵੇ, ਉਸ ਦਾ ਤੋਲ ਹੋਮਰ ਦੇ ਅਨੁਸਾਰ ਹੋਵੇ।
12 ੧੨ ਸ਼ਕਲ ਵੀਹ ਗੇਰਾਹ ਦਾ ਹੋਵੇ ਅਤੇ ਵੀਹ ਸ਼ਕਲ, ਪੱਚੀ ਸ਼ਕਲ, ਪੰਦਰਾਂ ਸ਼ਕਲ ਦਾ ਤੁਹਾਡਾ ਮਾਨਹ ਹੋਵੇਗਾ।
13 ੧੩ ਭੇਟਾਂ ਜਿਹੜੀ ਤੁਸੀਂ ਚੜ੍ਹਾਓਗੇ ਉਹ ਇਹ ਹੈ - ਕਣਕ ਦੇ ਹੋਮਰ ਵਿੱਚੋਂ ਏਫਾਹ ਦਾ ਛੇਵਾਂ ਭਾਗ ਅਤੇ ਜੌਂ ਦੇ ਹੋਮਰ ਵਿੱਚੋਂ ਏਫਾਹ ਦਾ ਛੇਵਾਂ ਭਾਗ ਦੇਣਾ।
14 ੧੪ ਤੇਲ ਅਰਥਾਤ ਤੇਲ ਦੇ ਬਥ ਦੇ ਬਾਰੇ ਇਹ ਬਿਧੀ ਹੈ ਕਿ ਤੁਸੀਂ ਕੋਰ ਵਿੱਚੋਂ ਜਿਹੜਾ ਦਸ ਬਥ ਦਾ ਹੋਮਰ ਹੈ, ਇੱਕ ਬਥ ਦਾ ਦਸਵਾਂ ਭਾਗ ਦੇਣਾ, ਕਿਉਂ ਜੋ ਹੋਮਰ ਵਿੱਚ ਦਸ ਬਥ ਹਨ।
15 ੧੫ ਇੱਜੜ ਵਿੱਚੋਂ ਹਰ ਦੇ ਸੌਦੇ ਪਿੱਛੇ ਇਸਰਾਏਲ ਦੀ ਹਰੀ ਭਰੀ ਜੂਹ ਦਾ ਇੱਕ ਦੁੰਬਾ ਮੈਦੇ ਦੀ ਭੇਟ ਲਈ ਅਤੇ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਦੇ ਲਈ, ਤਾਂ ਜੋ ਉਹਨਾਂ ਦੇ ਲਈ ਪ੍ਰਾਸਚਿਤ ਹੋਵੇ, ਪ੍ਰਭੂ ਯਹੋਵਾਹ ਦਾ ਵਾਕ ਹੈ।
16 ੧੬ ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾਂ ਦੇਣਗੇ।
17 ੧੭ ਰਾਜਕੁਮਾਰ ਹੋਮ ਦੀ ਬਲੀ, ਮੈਦੇ ਦੀ ਭੇਟ, ਪੀਣ ਦੀ ਭੇਟ, ਨਵੇਂ ਚੰਦ ਦੇ ਪਰਬਾਂ ਵਿੱਚ, ਸਬਤਾਂ ਵਿੱਚ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਠਹਿਰਾਏ ਹੋਏ ਪਰਬਾਂ ਉੱਤੇ ਦੇਵੇਗਾ। ਉਹ ਪਾਪ ਬਲੀ, ਮੈਦੇ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ ਦੀ ਭੇਟ ਇਸਰਾਏਲ ਦੇ ਘਰਾਣੇ ਦੇ ਪ੍ਰਾਸਚਿਤ ਲਈ ਦੇਵੇਗਾ।
18 ੧੮ ਪ੍ਰਭੂ ਯਹੋਵਾਹ ਇਹ ਆਖਦਾ ਹੈ, ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੂੰ ਇੱਕ ਦੋਸ਼ ਰਹਿਤ ਵੱਛਾ ਲੈਣਾ ਅਤੇ ਪਵਿੱਤਰ ਸਥਾਨ ਨੂੰ ਸਾਫ਼ ਕਰਨਾ।
19 ੧੯ ਜਾਜਕ ਪਾਪ ਬਲੀ ਦੇ ਵੱਛੇ ਦਾ ਲਹੂ ਲਵੇਗਾ ਅਤੇ ਉਹ ਦੇ ਵਿੱਚੋਂ ਕੁਝ ਭਵਨ ਦੀਆਂ ਚੁਗਾਠਾਂ ਤੇ ਅਤੇ ਜਗਵੇਦੀ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਅੰਦਰਲੇ ਵੇਹੜੇ ਦੇ ਫਾਟਕਾਂ ਦੀਆਂ ਚੁਗਾਠਾਂ ਤੇ ਲਾਵੇਗਾ।
20 ੨੦ ਤੂੰ ਮਹੀਨੇ ਦੀ ਸੱਤ ਤਾਰੀਖ਼ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅਣਜਾਣ ਹੈ, ਅਜਿਹਾ ਹੀ ਕਰੇਂਗਾ, ਇਸੇ ਪ੍ਰਕਾਰ ਤੁਸੀਂ ਭਵਨ ਦਾ ਪ੍ਰਾਸਚਿਤ ਕਰੋਗੇ।
21 ੨੧ ਤੁਸੀਂ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਪਸਾਹ ਦਾ ਪਰਬ ਮਨਾਉਣਾ, ਜਿਹੜਾ ਸੱਤ ਦਿਨਾਂ ਦਾ ਪਰਬ ਹੈ ਅਤੇ ਉਹ ਦੇ ਵਿੱਚ ਪਤੀਰੀ ਰੋਟੀ ਖਾਧੀ ਜਾਵੇਗੀ।
22 ੨੨ ਉਸੇ ਦਿਨ ਰਾਜਕੁਮਾਰ ਆਪਣੇ ਲਈ ਅਤੇ ਦੇਸ ਦੇ ਸਾਰੇ ਲੋਕਾਂ ਲਈ ਪਾਪ ਬਲੀ ਦੇ ਲਈ ਇੱਕ ਵੱਛਾ ਤਿਆਰ ਕਰ ਰੱਖੇਗਾ।
23 ੨੩ ਪਰਬ ਦੇ ਸੱਤ ਦਿਨਾਂ ਵਿੱਚ ਉਹ ਹਰ ਦਿਨ ਅਥਵਾ ਸੱਤ ਦਿਨਾਂ ਤੱਕ ਸੱਤ ਦੋਸ਼ ਰਹਿਤ ਵੱਛੇ ਅਤੇ ਸੱਤ ਦੋਸ਼ ਰਹਿਤ ਮੇਂਢੇ ਲਿਆਵੇਗਾ, ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਨ ਪਾਪ ਬਲੀ ਦੇ ਲਈ ਇੱਕ ਬੱਕਰਾ।
24 ੨੪ ਉਹ ਹਰੇਕ ਵੱਛੇ ਦੇ ਲਈ ਇੱਕ ਏਫਾਹ ਭਰ ਮੈਦੇ ਦੀ ਭੇਟ ਅਤੇ ਹਰੇਕ ਮੇਂਢੇ ਲਈ ਇੱਕ ਏਫਾਹ ਅਤੇ ਪ੍ਰਤੀ ਏਫ਼ਾਹ ਇੱਕ ਹੀਨ ਤੇਲ ਤਿਆਰ ਕਰੇਗਾ।
25 ੨੫ ਸੱਤਵੇਂ ਮਹੀਨੇ ਦੀ ਪੰਦਰਾਂ ਤਾਰੀਖ਼ ਨੂੰ ਵੀ ਉਹ ਪਰਬ ਦੇ ਲਈ ਜਿਵੇਂ ਉਸ ਨੇ ਇਹਨਾਂ ਸੱਤ ਦਿਨਾਂ ਵਿੱਚ ਕੀਤਾ ਸੀ, ਤਿਆਰੀ ਕਰੇਗਾ, ਪਾਪ ਬਲੀ, ਹੋਮ ਦੀ ਭੇਟ, ਮੈਦੇ ਦੀ ਭੇਟ ਅਤੇ ਤੇਲ ਦੇ ਅਨੁਸਾਰ।