< ਹਿਜ਼ਕੀਏਲ 43 >
1 ੧ ਫੇਰ ਉਹ ਮਨੁੱਖ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ।
2 ੨ ਵੇਖੋ, ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਦੇ ਰਾਹ ਵੱਲੋਂ ਆਇਆ ਅਤੇ ਉਹ ਦੀ ਅਵਾਜ਼ ਵੱਡੇ ਪਾਣੀਆਂ ਵਾਂਗੂੰ ਸੀ। ਧਰਤੀ ਉਹ ਦੇ ਪਰਤਾਪ ਨਾਲ ਚਮਕ ਉੱਠੀ।
3 ੩ ਇਹ ਉਸ ਦਰਸ਼ਣ ਦੇ ਅਨੁਸਾਰ ਸੀ ਜੋ ਮੈਂ ਵੇਖਿਆ ਸੀ, ਹਾਂ, ਉਸ ਦਰਸ਼ਣ ਦੇ ਅਨੁਸਾਰ ਜਿਹੜਾ ਮੈਂ ਉਸ ਵੇਲੇ ਵੇਖਿਆ ਸੀ, ਜਦੋਂ ਮੈਂ ਸ਼ਹਿਰ ਨੂੰ ਨਾਸ ਕਰਨ ਲਈ ਆਇਆ ਸੀ ਅਤੇ ਇਹ ਦਰਸ਼ਣ ਉਸ ਦਰਸ਼ਣ ਦੇ ਵਾਂਗੂੰ ਸਨ, ਜਿਹੜੇ ਮੈਂ ਕਬਾਰ ਨਹਿਰ ਦੇ ਕੋਲ ਵੇਖੇ ਸਨ, ਤਦ ਮੈਂ ਮੂਧੇ ਮੂੰਹ ਡਿੱਗ ਪਿਆ।
4 ੪ ਯਹੋਵਾਹ ਦਾ ਪਰਤਾਪ ਉਸ ਫਾਟਕ ਦੇ ਰਾਹ ਜਿਸ ਦਾ ਮੂੰਹ ਪੂਰਬ ਦੇ ਰਾਹ ਵੱਲ ਹੈ ਭਵਨ ਵਿੱਚ ਆਇਆ।
5 ੫ ਯਹੋਵਾਹ ਦਾ ਆਤਮਾ ਨੇ ਮੈਨੂੰ ਚੁੱਕ ਕੇ ਅੰਦਰਲੇ ਵੇਹੜੇ ਵਿੱਚ ਪਹੁੰਚਾ ਦਿੱਤਾ ਅਤੇ ਵੇਖੋ, ਭਵਨ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ।
6 ੬ ਮੈਂ ਕਿਸੇ ਨੂੰ ਸੁਣਿਆ ਜਿਹੜਾ ਭਵਨ ਵਿੱਚੋਂ ਮੇਰੇ ਨਾਲ ਗੱਲਾਂ ਕਰਦਾ ਸੀ ਅਤੇ ਇੱਕ ਮਨੁੱਖ ਮੇਰੇ ਕੋਲ ਖੜਾ ਸੀ।
7 ੭ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਥਾਂ ਹੈ ਅਤੇ ਮੇਰੇ ਪੈਰਾਂ ਦੀ ਕੁਰਸੀ ਹੈ, ਜਿੱਥੇ ਮੈਂ ਇਸਰਾਏਲੀਆਂ ਦੇ ਵਿਚਕਾਰ ਸਦਾ ਲਈ ਵੱਸਾਂਗਾ ਅਤੇ ਇਸਰਾਏਲ ਦਾ ਘਰਾਣਾ ਅਤੇ ਉਹਨਾਂ ਦੇ ਰਾਜਾ ਫੇਰ ਕਦੇ ਮੇਰੇ ਪਵਿੱਤਰ ਨਾਮ ਨੂੰ ਆਪਣੇ ਵਿਭਚਾਰ ਨਾਲ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨਾਲ, ਉਹਨਾਂ ਦੀਆਂ ਉੱਚਿਆਈਆਂ ਵਿੱਚ ਭਰਿਸ਼ਟ ਨਾ ਕਰਨਗੇ।
8 ੮ ਕਿਉਂ ਜੋ ਉਹਨਾਂ ਦੀ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਹਨਾਂ ਦੀ ਚੁਗਾਠ ਮੇਰੀ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਅਤੇ ਉਹਨਾਂ ਦੇ ਵਿਚਾਲੇ ਇੱਕ ਕੰਧ ਸੀ। ਉਹਨਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਹਨਾਂ ਕੀਤੇ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਇਸ ਲਈ ਮੈਂ ਆਪਣੇ ਸ਼ਹਿਰ ਵਿੱਚ ਉਹਨਾਂ ਨੂੰ ਖਾ ਲਿਆ।
9 ੯ ਸੋ ਹੁਣ ਉਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੱਕ ਉਹਨਾਂ ਦੇ ਵਿਚਕਾਰ ਵੱਸਾਂਗਾ।
10 ੧੦ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦੇ ਹੋਣ ਅਤੇ ਇਸ ਨਮੂਨੇ ਨੂੰ ਮਿਣਨ।
11 ੧੧ ਜੇ ਉਹ ਇਹਨਾਂ ਸਾਰਿਆਂ ਕੰਮਾਂ ਤੋਂ ਸ਼ਰਮਿੰਦੇ ਹੋਣ, ਜਿਹੜੇ ਉਹਨਾਂ ਨੇ ਕੀਤੇ ਅਤੇ ਇਸ ਭਵਨ ਦਾ ਨਕਸ਼ਾ, ਇਹ ਦੀ ਬਣਾਵਟ, ਉਹ ਦਾ ਅੰਦਰ-ਬਾਹਰ ਆਉਣ ਦਾ ਰਾਹ, ਸਾਰਾ ਨਕਸ਼ਾ, ਸਾਰੀਆਂ ਬਿਧੀਆਂ, ਸਾਰੇ ਕਨੂੰਨ ਅਤੇ ਸਾਰੀ ਬਿਵਸਥਾ ਉਹਨਾਂ ਨੂੰ ਜਤਾ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ, ਤਾਂ ਕਿ ਉਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਉੱਤੇ ਅਮਲ ਕਰਨ।
12 ੧੨ ਇਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਰਬਤ ਦੀ ਚੋਟੀ ਉੱਤੇ ਅਤੇ ਉਹ ਦੇ ਚੁਫ਼ੇਰੇ ਅੱਤ ਪਵਿੱਤਰ ਹੋਣਗੀਆਂ! ਵੇਖ! ਇਹੀ ਇਸ ਭਵਨ ਦੀ ਬਿਵਸਥਾ ਹੈ।
13 ੧੩ ਹੱਥ ਦੇ ਮਾਪ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਬਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫ਼ੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ।
14 ੧੪ ਧਰਤੀ ਉੱਤੇ ਦੀ ਇਸ ਤਹਿ ਤੋਂ ਲੈ ਕੇ ਥੱਲੇ ਦੀ ਕੁਰਸੀ ਤੱਕ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੱਕ ਚਾਰ ਹੱਥ ਅਤੇ ਚੌੜਾਈ ਇੱਕ ਹੱਥ
15 ੧੫ ਅਤੇ ਉੱਪਰਲਾ ਹਿੱਸਾ ਜਗਵੇਦੀ ਦਾ ਚਾਰ ਹੱਥ ਹੋਵੇਗਾ ਅਤੇ ਜਗਵੇਦੀ ਦੇ ਚੁੱਲ੍ਹੇ ਦੇ ਉੱਪਰ ਚਾਰ ਸਿੰਗ ਹੋਣਗੇ।
16 ੧੬ ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ, ਵਰਗਾਕਾਰ ਹੋਵੇਗੀ।
17 ੧੭ ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹਿ ਚੁਫ਼ੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।
18 ੧੮ ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਉਹ ਉਸ ਨੂੰ ਬਣਾਉਣਗੇ, ਤਾਂ ਜੋ ਉਸ ਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ।
19 ੧੯ ਤੂੰ ਲੇਵੀ ਜਾਜਕਾਂ ਲਈ ਜਿਹੜੇ ਸਾਦੋਕ ਦੀ ਵੰਸ਼ ਵਿੱਚੋਂ ਹਨ ਅਤੇ ਜਿਹੜੇ ਮੇਰੀ ਸੇਵਾ ਲਈ ਮੇਰੇ ਨੇੜੇ ਆਉਂਦੇ ਹਨ, ਪਾਪ ਬਲੀ ਲਈ ਵੱਛਾ ਦੇ, ਪ੍ਰਭੂ ਯਹੋਵਾਹ ਦਾ ਵਾਕ ਹੈ।
20 ੨੦ ਤੂੰ ਉਹ ਦੇ ਲਹੂ ਵਿੱਚੋਂ ਲੈਣਾ ਅਤੇ ਉਸ ਦੇ ਚਾਰੇ ਸਿੰਗਾਂ ਤੇ ਉਸ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਉਸ ਦੇ ਦੁਆਲੇ ਦੇ ਫੱਟੇ ਤੇ ਲਾਉਣਾ, ਇਸੇ ਤਰ੍ਹਾਂ ਤੂੰ ਉਸ ਦੇ ਲਈ ਪ੍ਰਾਸਚਿਤ ਕਰੇਂ ਅਤੇ ਉਸ ਨੂੰ ਸ਼ੁੱਧ ਕਰੇਂ।
21 ੨੧ ਪਾਪ ਬਲੀ ਲਈ ਵੱਛਾ ਲੈਣਾ ਅਤੇ ਉਹ ਭਵਨ ਦੇ ਨਿਰਧਾਰਤ ਥਾਂ ਵਿੱਚ ਪਵਿੱਤਰ ਸਥਾਨ ਦੇ ਬਾਹਰ ਜਲਾਇਆ ਜਾਵੇਗਾ।
22 ੨੨ ਤੂੰ ਦੂਜੇ ਦਿਨ ਇੱਕ ਦੋਸ਼ ਰਹਿਤ ਬੱਕਰਾ ਪਾਪ ਬਲੀ ਲਈ ਚੜ੍ਹਾਈਂ ਅਤੇ ਉਹ ਉਸ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕਰਨਗੇ, ਜਿਵੇਂ ਵੱਛੇ ਨਾਲ ਸ਼ੁੱਧ ਕੀਤਾ ਸੀ।
23 ੨੩ ਜਦੋਂ ਤੂੰ ਉਸ ਨੂੰ ਸ਼ੁੱਧ ਕਰ ਲਵੇਂ ਤਾਂ ਇੱਕ ਦੋਸ਼ ਰਹਿਤ ਵੱਛਾ ਅਤੇ ਇੱਜੜ ਵਿੱਚੋਂ ਇੱਕ ਦੋਸ਼ਰਹਿਤ ਮੇਂਢਾ ਚੜ੍ਹਾਵੀਂ।
24 ੨੪ ਤੂੰ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਲਿਆਵੀਂ ਅਤੇ ਜਾਜਕ ਉਹਨਾਂ ਤੇ ਲੂਣ ਛਿੜਕਣ ਅਤੇ ਉਹਨਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ।
25 ੨੫ ਤੂੰ ਸੱਤ ਦਿਨ ਤੱਕ ਹਰ ਦਿਨ ਇੱਕ ਬੱਕਰਾ ਪਾਪ ਬਲੀ ਲਈ ਤਿਆਰ ਕਰ ਰੱਖੀਂ ਅਤੇ ਇੱਕ ਦੋਸ਼ਰਹਿਤ ਵੱਛਾ ਅਤੇ ਇੱਕ ਇੱਜੜ ਦਾ ਦੋਸ਼ ਰਹਿਤ ਮੇਂਢਾ ਵੀ ਤਿਆਰ ਕਰ ਰੱਖੀਂ।
26 ੨੬ ਸੱਤ ਦਿਨਾਂ ਤੱਕ ਉਹ ਜਗਵੇਦੀ ਨੂੰ ਪ੍ਰਾਸਚਿਤ ਕਰਕੇ ਸਾਫ਼ ਕਰਨਗੇ ਅਤੇ ਉਸ ਦੀ ਚੱਠ ਕਰਨਗੇ।
27 ੨੭ ਜਦੋਂ ਇਹ ਦਿਨ ਪੂਰੇ ਹੋਣਗੇ, ਤਾਂ ਇਸ ਤਰ੍ਹਾਂ ਹੋਵੇਗਾ ਕਿ ਅੱਠਵੇਂ ਦਿਨ ਅਤੇ ਅੱਗੇ ਨੂੰ ਜਾਜਕ ਤੁਹਾਡੀਆਂ ਹੋਮ ਦੀਆਂ ਬਲੀਆਂ ਨੂੰ ਅਤੇ ਤੁਹਾਡੀਆਂ ਸੁੱਖ ਦੀਆਂ ਭੇਟਾਂ ਨੂੰ ਜਗਵੇਦੀ ਤੇ ਚੜ੍ਹਾਉਣਗੇ ਅਤੇ ਮੈਂ ਤੁਹਾਨੂੰ ਪਰਵਾਨ ਕਰਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।