< ਹਿਜ਼ਕੀਏਲ 38 >
1 ੧ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ
2 ੨ ਹੇ ਮਨੁੱਖ ਦੇ ਪੁੱਤਰ, ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ ਅਤੇ ਰੋਸ਼, ਮੇਸ਼ੇਕ ਅਤੇ ਤੂਬਲ ਦਾ ਰਾਜਕੁਮਾਰ ਹੈ, ਉਹ ਦੀ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ।
3 ੩ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਹੇ ਗੋਗ, ਰੋਸ਼, ਮੇਸ਼ੇਕ ਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ!
4 ੪ ਮੈਂ ਤੈਨੂੰ ਉਲਟਾ ਦਿਆਂਗਾ ਅਤੇ ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾ ਕੇ ਤੈਨੂੰ, ਤੇਰੀ ਸਾਰੀ ਫੌਜ ਨੂੰ, ਘੋੜਿਆਂ ਅਤੇ ਸਵਾਰਾਂ ਨੂੰ, ਜਿਹੜੇ ਸਾਰੇ ਸ਼ਸਤਰ ਧਾਰੀ ਹਨ ਅਤੇ ਵੱਡੀ ਸਭਾ ਜਿਹੜੀ ਬਰਛੀਆਂ ਤੇ ਢਾਲਾਂ ਲਈ ਖਲੋਤੀ ਹੈ ਅਤੇ ਉਹਨਾਂ ਸਾਰਿਆਂ ਨੇ ਤਲਵਾਰਾਂ ਫੜ੍ਹੀਆਂ ਹੋਈਆਂ ਹਨ, ਖਿੱਚ ਕੇ ਕੱਢ ਲਵਾਂਗਾ।
5 ੫ ਉਹਨਾਂ ਦੇ ਨਾਲ ਫ਼ਾਰਸ, ਕੂਸ਼ ਅਤੇ ਪੂਟ ਜਿਹੜੇ ਸਾਰੇ ਦੇ ਸਾਰੇ ਢਾਲ਼ ਤੇ ਲੋਹੇ ਦੇ ਟੋਪ ਨਾਲ ਹਨ,
6 ੬ ਗੋਮਰ, ਉਸ ਦੇ ਸਾਰੇ ਲੋਕ ਅਤੇ ਉੱਤਰ ਦੇ ਦੁਰੇਡੇ ਪਾਸਿਆਂ ਦਾ ਤੋਗਰਮਾਹ ਦੇ ਘਰਾਣੇ ਅਤੇ ਉਹ ਦੇ ਸਾਰੇ ਲੋਕ ਅਰਥਾਤ ਬਹੁਤ ਸਾਰੇ ਲੋਕੀ ਤੇਰੇ ਨਾਲ।
7 ੭ ਤੂੰ ਤਿਆਰ ਹੋ ਅਤੇ ਆਪਣੀ ਤਿਆਰੀ ਕਰ, ਤੂੰ ਅਤੇ ਤੇਰੀ ਸਾਰੀ ਸਭਾ ਜਿਹੜੀ ਤੇਰੇ ਕੋਲ ਇਕੱਠੀ ਹੋਈ ਹੈ ਅਤੇ ਤੂੰ ਉਹਨਾਂ ਦਾ ਆਗੂ ਬਣ।
8 ੮ ਬਹੁਤ ਦਿਨਾਂ ਬਾਅਦ ਤੂੰ ਵੇਖਿਆ ਜਾਵੇਂਗਾ ਅਤੇ ਆਖਰੀ ਸਾਲ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਹਾੜਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ ਵੱਸਣਗੇ।
9 ੯ ਤੂੰ ਚੜ੍ਹਾਈ ਕਰੇਂਗਾ ਅਤੇ ਅਨ੍ਹੇਰੀ ਵਾਂਗੂੰ ਆਵੇਂਗਾ, ਤੂੰ ਬੱਦਲ ਵਾਂਗੂੰ ਧਰਤੀ ਨੂੰ ਲੁਕਾ ਲਵੇਂਗਾ, ਤੂੰ ਅਤੇ ਤੇਰੇ ਸਾਰੇ ਲੋਕ ਅਤੇ ਬਹੁਤ ਸਾਰੇ ਲੋਕੀ ਤੇਰੇ ਨਾਲ।
10 ੧੦ ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਸਮੇਂ ਗੱਲਾਂ ਤੇਰੇ ਮਨ ਵਿੱਚ ਆਉਣਗੀਆਂ ਅਤੇ ਤੂੰ ਬੁਰੀ ਜੁਗਤੀ ਸੋਚੇਂਗਾ।
11 ੧੧ ਤੂੰ ਆਖੇਂਗਾ, ਮੈਂ ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਦੇ ਦੇਸ ਉੱਤੇ ਹਮਲਾ ਕਰਾਂਗਾ। ਮੈਂ ਉਹਨਾਂ ਉੱਤੇ ਹਮਲਾ ਕਰਾਂਗਾ, ਜਿਹੜੇ ਅਰਾਮ ਤੇ ਬੇਫ਼ਿਕਰੀ ਨਾਲ ਵੱਸਦੇ ਹਨ, ਉਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵਾਜ਼ੇ ਹਨ।
12 ੧੨ ਤਦ ਜੋ ਤੂੰ ਲੁੱਟੇ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਹਨਾਂ ਉੱਜੜੀਆਂ ਥਾਵਾਂ ਤੇ ਜਿਹੜੀਆਂ ਹੁਣ ਆਬਾਦ ਹਨ ਅਤੇ ਉਹਨਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਹਨਾਂ ਪਸ਼ੂਆਂ ਤੇ ਮਾਲ ਨੂੰ ਪ੍ਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ।
13 ੧੩ ਸ਼ਬਾ, ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਹਨਾਂ ਦੇ ਸਾਰੇ ਜੁਆਨ ਸ਼ੇਰ ਤੈਨੂੰ ਆਖਣਗੇ, ਕੀ ਤੂੰ ਲੁੱਟਣ ਲਈ ਆਇਆ ਹੈਂ? ਕੀ ਤੂੰ ਆਪਣੀ ਸਭਾ ਦੇਸ ਲਈ ਇਕੱਠੀ ਕੀਤੀ ਹੈ ਕਿ ਮਾਲ ਖੋਹ ਲਵੇਂ? ਚਾਂਦੀ ਸੋਨਾ ਲੁੱਟੇਂ, ਡੰਗਰ ਪਸ਼ੂ ਲੈ ਜਾਵੇਂ ਅਤੇ ਲੁੱਟ ਦਾ ਬਹੁਤਾ ਮਾਲ ਪਰਾਪਤ ਕਰੇ?।
14 ੧੪ ਇਸ ਲਈ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਗੋਗ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਮੇਰੀ ਪਰਜਾ ਇਸਰਾਏਲ ਨਿਸ਼ਚਿੰਤ ਵੱਸੇਗੀ, ਕੀ ਤੂੰ ਨਾ ਜਾਣੇਂਗਾ?
15 ੧੫ ਤੂੰ ਆਪਣੇ ਸਥਾਨ ਤੋਂ ਉੱਤਰ ਵੱਲੋਂ ਦੁਰੇਡਿਓਂ ਆਵੇਂਗਾ ਅਤੇ ਬਹੁਤ ਸਾਰੇ ਲੋਕ ਤੇਰੇ ਨਾਲ ਹੋਣਗੇ ਜਿਹੜੇ ਸਾਰੇ ਦੇ ਸਾਰੇ ਘੋੜਿਆਂ ਤੇ ਸਵਾਰ ਹੋਣਗੇ, ਇੱਕ ਵੱਡੀ ਸਭਾ ਅਤੇ ਬਹੁਤੀ ਫੌਜ।
16 ੧੬ ਤੂੰ ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਗੂੰ ਲੁਕਾ ਲਵੇਂਗਾ, ਇਹ ਆਖਰੀ ਦਿਨਾਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ, ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤਰ ਠਹਿਰਾਵਾਂਗਾ।
17 ੧੭ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੂੰ ਹੀ ਨਹੀਂ ਜਿਹ ਦੇ ਬਾਰੇ ਮੈਂ ਪੁਰਾਣੇ ਸਮੇਂ ਵਿੱਚ ਆਪਣੇ ਸੇਵਕਾਂ, ਇਸਰਾਏਲੀ ਨਬੀਆਂ ਦੇ ਰਾਹੀਂ ਜਿਹਨਾਂ ਨੇ ਉਹਨਾਂ ਦਿਨਾਂ ਵਿੱਚ ਕਈ ਸਾਲ ਭਵਿੱਖਬਾਣੀ ਕਰ ਕੇ ਆਖਿਆ ਕਿ ਮੈਂ ਤੈਨੂੰ ਉਹਨਾਂ ਉੱਤੇ ਚੜ੍ਹਾ ਲਿਆਵਾਂਗਾ।
18 ੧੮ ਉਸ ਦਿਨ ਅਜਿਹਾ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।
19 ੧੯ ਕਿਉਂ ਜੋ ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ, ਕਿ ਜ਼ਰੂਰ ਉਸ ਦਿਨ ਇਸਰਾਏਲ ਦੀ ਭੂਮੀ ਤੇ ਵੱਡਾ ਭੂਚਾਲ ਆਵੇਗਾ।
20 ੨੦ ਇੱਥੋਂ ਤੱਕ ਕਿ ਸਾਗਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀ, ਰੜ ਦੇ ਦਰਿੰਦੇ, ਸਾਰੇ ਘਿੱਸਰਨ ਵਾਲੇ ਜਿਹੜੇ ਭੂਮੀ ਤੇ ਘਿੱਸਰਦੇ ਹਨ ਅਤੇ ਸਾਰੇ ਮਨੁੱਖ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ-ਥਰ ਕੰਬਣਗੇ ਅਤੇ ਪਰਬਤ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ।
21 ੨੧ ਮੈਂ ਆਪਣੇ ਸਾਰੇ ਪਹਾੜਾਂ ਤੇ ਉਹ ਦੇ ਵਿਰੁੱਧ ਤਲਵਾਰ ਨੂੰ ਸੱਦਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। ਹਰੇਕ ਮਨੁੱਖ ਦੀ ਤਲਵਾਰ ਉਹ ਦੇ ਭਰਾ ਦੇ ਵਿਰੁੱਧ ਹੋਵੇਗੀ।
22 ੨੨ ਮੈਂ ਮਰੀ ਭੇਜ ਕੇ ਅਤੇ ਲਹੂ ਵਗਾ ਕੇ ਉਹ ਦਾ ਨਿਆਂ ਕਰਾਂਗਾ। ਉਹ ਦੇ ਉੱਤੇ, ਉਹ ਦੇ ਲੋਕਾਂ ਉੱਤੇ ਅਤੇ ਉਹਨਾਂ ਬਹੁਤ ਸਾਰੇ ਲੋਕਾਂ ਉੱਤੇ ਜਿਹੜੇ ਉਹ ਦੇ ਨਾਲ ਹਨ, ਜ਼ੋਰ ਦੀ ਵਰਖਾ, ਵੱਡੇ-ਵੱਡੇ ਗੜੇ ਅਤੇ ਅੱਗ ਤੇ ਗੰਧਕ ਵਰ੍ਹਾਵਾਂਗਾ।
23 ੨੩ ਮੈਂ ਆਪਣੀ ਮਹਿਮਾ ਅਤੇ ਆਪਣੀ ਪਵਿੱਤਰਤਾ ਕਰਾਵਾਂਗਾ। ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਂਵਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!