< ਹਿਜ਼ਕੀਏਲ 27 >
1 ੧ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ੨ ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਉੱਤੇ ਵੈਣ ਪਾ
3 ੩ ਅਤੇ ਤੂੰ ਸੂਰ ਲਈ ਆਖ ਕਿ ਤੂੰ ਜਿਹੜਾ ਸਾਗਰ ਦੇ ਲਾਂਘੇ ਤੇ ਵੱਸਿਆ ਹੋਇਆ ਹੈਂ ਅਤੇ ਬਹੁਤ ਟਾਪੂਆਂ ਲਈ ਲੋਕਾਂ ਦਾ ਵਪਾਰ ਹੈਂ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸੂਰ, ਤੂੰ ਆਖਦਾ ਹੈਂ ਕਿ ਮੈਂ ਸੁੰਦਰਤਾ ਵਿੱਚ ਪੂਰਾ ਹਾਂ,
4 ੪ ਤੇਰੀਆਂ ਹੱਦਾਂ ਸਾਗਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।
5 ੫ ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ, ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ।
6 ੬ ਬਾਸ਼ਾਨ ਦੇ ਬਲੂਤਾਂ ਤੋਂ ਤੇਰੇ ਚੱਪੂ ਬਣਾਏ, ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੌਵਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।
7 ੭ ਤੇਰਾ ਪਾਲ ਮਿਸਰੀ ਕਸੀਦੇ ਦੇ ਮਹੀਨ ਕਤਾਨ ਦਾ ਸੀ, ਤਾਂ ਜੋ ਤੇਰੇ ਲਈ ਨਿਸ਼ਾਨ ਹੋਵੇ। ਤੇਰੀ ਚਾਨਣੀ ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।
8 ੮ ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।
9 ੯ ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ, ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼ ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ, ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।
10 ੧੦ ਫ਼ਾਰਸ ਅਤੇ ਲੂਦ ਅਤੇ ਪੂਟ ਦੇ ਲੋਕ ਤੇਰੀ ਫੌਜ ਵਿੱਚ ਤੇਰੇ ਯੋਧੇ ਸਨ। ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨ ਅਤੇ ਤੈਨੂੰ ਸ਼ਾਨ ਦਿੰਦੇ ਸਨ।
11 ੧੧ ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲ ਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨ ਅਤੇ ਸੂਰਬੀਰ ਤੇਰੇ ਬੁਰਜ਼ਾਂ ਵਿੱਚ ਸਨ, ਉਹਨਾਂ ਆਪਣੀਆਂ ਢਾਲਾਂ ਤੇਰੀਆਂ ਕੰਧਾਂ ਤੇ ਲਟਕਾਈਆਂ ਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ।
12 ੧੨ ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ।
13 ੧੩ ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।
14 ੧੪ ਬੈਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।
15 ੧੫ ਦਦਾਨੀ ਤੇਰੇ ਵਪਾਰੀ ਸਨ, ਬਹੁਤ ਸਾਰੇ ਟਾਪੂ ਵਪਾਰ ਦੇ ਲਈ ਤੇਰੇ ਹੱਥ ਵਿੱਚ ਸਨ। ਉਹ ਹਾਥੀ ਦੰਦ ਅਤੇ ਆਬਨੂਸ ਤੇਰੇ ਕੋਲ ਵਟਾਉਣ ਲਈ ਲਿਆਉਂਦੇ ਸਨ।
16 ੧੬ ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
17 ੧੭ ਯਹੂਦਾਹ ਅਤੇ ਇਸਰਾਏਲ ਦਾ ਦੇਸ ਉਹ ਤੇਰੇ ਵਪਾਰੀ ਸਨ, ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
18 ੧੮ ਦੰਮਿਸ਼ਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ।
19 ੧੯ ਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।
20 ੨੦ ਦਦਾਨ ਤੇਰਾ ਵਪਾਰੀ ਸੀ ਜੋ ਸਵਾਰੀ ਦੇ ਚਾਰ-ਜਾਮੇ ਤੇਰੇ ਹੱਥ ਵੇਚਦਾ ਸੀ।
21 ੨੧ ਅਰਬ ਅਤੇ ਕੇਦਾਰ ਦੇ ਸਾਰੇ ਪ੍ਰਧਾਨ ਵਪਾਰ ਲਈ ਤੇਰੇ ਹੱਥ ਵਿੱਚ ਸਨ। ਉਹ ਪਹਿਲੌਠੇ ਲੇਲੇ, ਛੱਤਰੇ ਅਤੇ ਬੱਕਰੇ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
22 ੨੨ ਸ਼ਬਾ ਅਤੇ ਰਾਮਾਹ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਹਰ ਪ੍ਰਕਾਰ ਦੇ ਵਧੀਆ ਮਸਾਲੇ ਅਤੇ ਹਰ ਪ੍ਰਕਾਰ ਦੇ ਵੱਡਮੁੱਲੇ ਪੱਥਰ ਅਤੇ ਸੋਨਾ ਤੇਰੇ ਸੌਦੇ ਦੇ ਲਈ ਦਿੰਦੇ ਸਨ।
23 ੨੩ ਹਾਰਾਨ, ਕੰਨੇਹ, ਅਦਨ ਅਤੇ ਸ਼ਬਾ ਦੇ ਵਪਾਰੀ ਅਤੇ ਅੱਸ਼ੂਰ ਅਤੇ ਕਿਲਮਦ ਤੇਰੇ ਵਪਾਰੀ ਸਨ।
24 ੨੪ ਇਹੋ ਤੇਰੇ ਵਪਾਰੀ ਸਨ, ਜੋ ਵਧੀਆ ਕੱਪੜੇ ਅਤੇ ਬੈਂਗਣੀ ਤੇ ਕਸੀਦੇ ਦੇ ਦੁਸ਼ਾਲੇ ਅਤੇ ਕੀਮਤੀ ਪੁਸ਼ਾਕਾਂ ਦੇ ਭਰੇ ਹੋਏ ਦਿਆਰ ਦੇ ਸੰਦੂਕ ਡੋਰੀ ਨਾਲ ਕੱਸੇ ਹੋਏ ਤੇਰੀਆਂ ਮੰਡੀਆਂ ਵਿੱਚ ਵੇਚਣ ਲਈ ਲਿਆਉਂਦੇ ਸਨ।
25 ੨੫ ਤਰਸ਼ੀਸ਼ ਦੇ ਜਹਾਜ਼ ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ, ਤੂੰ ਸਾਗਰਾਂ ਦੇ ਵਿੱਚ ਭਰਿਆ ਹੋਇਆ ਅਤੇ ਬਹੁਤ ਲੱਦਿਆ ਹੋਇਆ ਸੀ।
26 ੨੬ ਤੇਰੇ ਮਲਾਹ ਤੈਨੂੰ ਬਹੁਤਿਆਂ ਪਾਣੀਆਂ ਵਿੱਚ ਲਿਆਏ, ਪੂਰਬੀ ਪੌਣ ਨੇ ਤੈਨੂੰ ਸਾਗਰਾਂ ਦੇ ਵਿਚਕਾਰ ਤੋੜਿਆ ਹੈ।
27 ੨੭ ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ ਅਤੇ ਤੇਰੇ ਵਪਾਰ, ਤੇਰੇ ਮਲਾਹ ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨ ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ, ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।
28 ੨੮ ਤੇਰੇ ਮਲਾਹਾਂ ਦੇ ਚੀਕਣ ਦੀ ਦੁਹਾਈ ਨਾਲ, ਰੜ ਦੇ ਮੈਦਾਨ ਕੰਬਣ ਲੱਗ ਜਾਣਗੇ।
29 ੨੯ ਸਾਰੇ ਮਾਂਝੀ, ਮਲਾਹ ਅਤੇ ਸਾਗਰ ਦੇ ਸਾਰੇ ਆਗੂ ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ, ਉਹ ਧਰਤੀ ਤੇ ਖਲੋਣਗੇ,
30 ੩੦ ਅਤੇ ਆਪਣੀ ਅਵਾਜ਼ ਉੱਚੀ ਕਰ ਕੇ ਤੇਰੇ ਕਾਰਨ ਚੀਕਣਗੇ, ਅਤੇ ਧਾਹਾਂ ਮਾਰ ਕੇ ਰੋਣਗੇ, ਆਪਣੇ ਸਿਰਾਂ ਤੇ ਮਿੱਟੀ ਪਾਉਣਗੇ, ਅਤੇ ਸੁਆਹ ਵਿੱਚ ਲੇਟਣਗੇ।
31 ੩੧ ਉਹ ਤੇਰੇ ਕਾਰਨ ਸਿਰ ਮੁਨਾਉਣਗੇ ਅਤੇ ਤੱਪੜ ਪਹਿਨਣਗੇ, ਉਹ ਤੇਰੇ ਉੱਤੇ ਆਪਣੀ ਜਾਨ ਦੀ ਕੁੜੱਤਣ ਵਿੱਚ ਰੋਣਗੇ, ਅਤੇ ਕੁੜੱਤਣ ਵਿੱਚ ਸਿਆਪਾ ਕਰਨਗੇ,
32 ੩੨ ਅਤੇ ਸਿਆਪੇ ਵਿੱਚ ਤੇਰੇ ਉੱਤੇ ਵੈਣ ਚੁੱਕਣਗੇ, ਅਤੇ ਤੇਰੇ ਉੱਤੇ ਇਸ ਤਰ੍ਹਾਂ ਰੋਣਗੇ, ਕਿ ਕੌਣ ਸੂਰ ਦੇ ਵਰਗਾ ਹੈ, ਜਿਹੜਾ ਸਾਗਰ ਦੇ ਵਿਚਕਾਰ ਨਾਸ ਹੋਇਆ?
33 ੩੩ ਜਦੋਂ ਤੇਰਾ ਮਾਲ ਸਾਗਰਾਂ ਰਾਹੀਂ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਉੱਮਤਾਂ ਨੂੰ ਰਜਾਉਂਦਾ ਸੀ, ਤੂੰ ਆਪਣੇ ਬਹੁਤੇ ਧਨ ਅਤੇ ਬਹੁਤੀਆਂ ਵਪਾਰਕ ਜਿਨਸਾਂ ਕਰਕੇ ਧਰਤੀ ਦੇ ਰਾਜਿਆਂ ਨੂੰ ਧਨੀ ਬਣਾਉਂਦਾ ਸੀ।
34 ੩੪ ਪਰ ਹੁਣ ਤੂੰ ਪਾਣੀਆਂ ਦੀਆਂ ਡੁੰਘਿਆਈਆਂ ਵਿੱਚ ਠਾਠਾਂ ਦੇ ਮਾਰੇ ਟੁੱਟ ਗਿਆ ਹੈਂ। ਤੇਰੀਆਂ ਵਪਾਰਕ ਜਿਨਸਾਂ ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।
35 ੩੫ ਟਾਪੂਆਂ ਦੀ ਸਾਰੀ ਵੱਸੋਂ ਤੇਰੇ ਬਾਰੇ ਹੈਰਾਨ ਹੁੰਦੀ ਹੈ, ਉਹਨਾਂ ਦੇ ਰਾਜੇ ਬਹੁਤ ਡਰਦੇ ਹਨ ਅਤੇ ਉਹਨਾਂ ਦਾ ਚਿਹਰਾ ਦੁਖੀ ਹੋ ਜਾਂਦਾ ਹੈ।
36 ੩੬ ਲੋਕਾਂ ਵਿੱਚੋਂ ਵਪਾਰੀ ਤੈਨੂੰ ਮਿਹਣੇ ਮਾਰਨਗੇ, ਤੂੰ ਡਰ ਦਾ ਕਾਰਨ ਬਣੇਂਗਾ ਅਤੇ ਤੂੰ ਅੱਗੇ ਨੂੰ ਕਦੇ ਨਾ ਹੋਵੇਂਗਾ।