< ਹਿਜ਼ਕੀਏਲ 26 >
1 ੧ ਗਿਆਰਵੇਂ ਸਾਲ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 ੨ ਹੇ ਮਨੁੱਖ ਦੇ ਪੁੱਤਰ, ਇਸ ਲਈ ਕਿ ਸੂਰ ਸ਼ਹਿਰ ਨੇ ਯਰੂਸ਼ਲਮ ਉੱਤੇ “ਆਹਾ ਹਾ” ਆਖਿਆ, ਉਹ ਲੋਕਾਂ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਹੈ! ਹੁਣ ਉਹ ਮੇਰੇ ਵੱਲ ਮੁੜੇਗੀ। ਹੁਣ ਉਹ ਦੇ ਨਾਸ ਹੋਣ ਨਾਲ ਮੈਂ ਭਰਪੂਰ ਹੋਵਾਂਗਾ।
3 ੩ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਹੇ ਸੂਰ! ਮੈਂ ਤੇਰਾ ਵਿਰੋਧੀ ਹਾਂ ਅਤੇ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜ੍ਹਾ ਲਿਆਵਾਂਗਾ, ਜਿਵੇਂ ਸਾਗਰ ਆਪਣੀਆਂ ਲਹਿਰਾਂ ਨੂੰ ਚੜ੍ਹਾਉਂਦਾ ਹੈ।
4 ੪ ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ, ਉਹ ਦੇ ਬੁਰਜ਼ਾਂ ਨੂੰ ਤੋੜ ਦੇਣਗੇ, ਮੈਂ ਉਹ ਦੀ ਮਿੱਟੀ ਤੱਕ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚੱਟਾਨ ਬਣਾ ਛੱਡਾਂਗਾ।
5 ੫ ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ।
6 ੬ ਉਹ ਦੀਆਂ ਧੀਆਂ ਜਿਹੜੀਆਂ ਖੇਤ ਵਿੱਚ ਹਨ ਤਲਵਾਰ ਨਾਲ ਵੱਢੀਆਂ ਜਾਣਗੀਆਂ ਅਤੇ ਉਹ ਜਾਨਣਗੇ ਕਿ ਮੈਂ ਯਹੋਵਾਹ ਹਾਂ!
7 ੭ ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਜੋ ਰਾਜਿਆਂ ਦਾ ਰਾਜਾ ਹੈ, ਘੋੜਿਆਂ ਅਤੇ ਰੱਥਾਂ ਤੇ ਸਵਾਰਾਂ ਅਤੇ ਲੋਕਾਂ ਦੀ ਬਹੁਤ ਸਾਰੀ ਸਭਾ ਨਾਲ ਉੱਤਰ ਵਲੋਂ ਸੂਰ ਉੱਤੇ ਚੜ੍ਹਾ ਲਿਆਵਾਂਗਾ।
8 ੮ ਉਹ ਤੇਰੀਆਂ ਧੀਆਂ ਨੂੰ ਤਲਵਾਰ ਨਾਲ ਖੇਤ ਵਿੱਚ ਵੱਢੇਗਾ, ਤੇਰੇ ਆਲੇ-ਦੁਆਲੇ ਮੋਰਚੇ ਬੰਨ੍ਹੇਗਾ, ਤੇਰੇ ਸਾਹਮਣੇ ਦਮਦਮਾ ਬੰਨ੍ਹੇਗਾ ਅਤੇ ਤੇਰੇ ਵਿਰੁੱਧ ਢਾਲ਼ ਚੁੱਕੇਗਾ।
9 ੯ ਉਹ ਆਪਣੇ ਕਿਲ੍ਹਾ ਤੋੜ ਯੰਤਰਾਂ ਨੂੰ ਪੱਕਾ ਕਰ ਕੇ ਤੇਰੀਆਂ ਕੰਧਾਂ ਤੇ ਲਾਵੇਗਾ ਅਤੇ ਆਪਣਿਆਂ ਕੁਹਾੜਿਆਂ ਨਾਲ ਤੇਰੇ ਬੁਰਜ਼ਾਂ ਨੂੰ ਢਾਹ ਦੇਵੇਗਾ।
10 ੧੦ ਉਹ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੈਨੂੰ ਲੁਕਾ ਲਵੇਗੀ। ਜਦੋਂ ਉਹ ਤੇਰੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੇਰੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ।
11 ੧੧ ਉਹ ਆਪਣੇ ਘੋੜਿਆਂ ਦੀਆਂ ਖੁਰੀਆਂ ਨਾਲ ਤੇਰੀਆਂ ਸਾਰੀਆਂ ਸੜਕਾਂ ਨੂੰ ਲਤਾੜ ਸੁੱਟੇਗਾ, ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੀ ਸ਼ਕਤੀ ਦੇ ਥੰਮ੍ਹ ਧਰਤੀ ਤੇ ਡਿੱਗ ਪੈਣਗੇ।
12 ੧੨ ਉਹ ਤੇਰੀ ਮਾਇਆ ਲੁੱਟ ਲੈਣਗੇ, ਤੇਰੇ ਵਪਾਰ ਦੇ ਮਾਲ ਨੂੰ ਲੁੱਟ ਪੁੱਟ ਲੈਣਗੇ, ਤੇਰੇ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੇਰੇ ਰੰਗ ਮਹਿਲਾਂ ਨੂੰ ਢਾਹ ਦੇਣਗੇ ਅਤੇ ਤੇਰੇ ਪੱਥਰ, ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਦੇਣਗੇ।
13 ੧੩ ਮੈਂ ਤੇਰੇ ਗਾਉਣ ਦੀ ਅਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਫੇਰ ਸੁਣੀ ਨਾ ਜਾਵੇਗੀ।
14 ੧੪ ਮੈਂ ਤੈਨੂੰ ਨੰਗੀ ਚੱਟਾਨ ਬਣਾ ਦਿਆਂਗਾ, ਤੂੰ ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ, ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
15 ੧੫ ਪ੍ਰਭੂ ਯਹੋਵਾਹ ਸੂਰ ਨੂੰ ਇਹ ਆਖਦਾ ਹੈ ਕਿ ਜਦੋਂ ਤੇਰੇ ਵਿੱਚ ਵੱਢਣ ਕੱਟਣ ਦਾ ਕੰਮ ਅਰੰਭ ਹੋਵੇਗਾ ਅਤੇ ਫੱਟੜ ਹਾਹਾਕਾਰ ਕਰਦੇ ਹੋਣਗੇ, ਤਾਂ ਕੀ ਟਾਪੂ ਤੇਰੇ ਡਿੱਗਣ ਦੀ ਅਵਾਜ਼ ਨਾਲ ਨਾ ਕੰਬਣਗੇ?
16 ੧੬ ਤਦ ਸਾਗਰ ਦੇ ਸਾਰੇ ਰਾਜਕੁਮਾਰ ਆਪਣਿਆਂ ਸਿੰਘਾਸਣਾਂ ਤੋਂ ਉਤਰਨਗੇ, ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ।
17 ੧੭ ਉਹ ਤੇਰੇ ਉੱਤੇ ਵੈਣ ਪਾਉਣਗੇ ਅਤੇ ਤੈਨੂੰ ਆਖਣਗੇ, ਤੂੰ ਕਿਵੇਂ ਨਾਸ ਹੋਇਆ, ਜਿਹੜਾ ਸਾਗਰੀ ਦੇਸਾਂ ਵਿੱਚੋਂ ਚੰਗਾ ਵੱਸਿਆ ਹੋਇਆ ਤੇ ਪ੍ਰਸਿੱਧ ਸ਼ਹਿਰ ਸੀ, ਜਿਹੜਾ ਸਾਗਰਾਂ ਵਿੱਚ ਤਕੜਾ ਸੀ, ਉਹ ਤੇ ਉਹ ਦੇ ਵਸਨੀਕ, ਜਿਹਨਾਂ ਨੂੰ ਉਹ ਦੇ ਸਾਰਿਆਂ ਵਸਨੀਕਾਂ ਉੱਤੇ ਆਪਣਾ ਡਰ ਪਾਉਣ ਨੂੰ ਦਿੱਤਾ!
18 ੧੮ ਹੁਣ ਟਾਪੂ ਤੇਰੇ ਡਿੱਗਣ ਦੇ ਦਿਨ ਕੰਬਣਗੇ, ਹਾਂ! ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁੱਖੀ ਹੋਣਗੇ।
19 ੧੯ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਮੈਂ ਤੈਨੂੰ ਉਹਨਾਂ ਸ਼ਹਿਰਾਂ ਵਰਗਾ ਜਿਹੜੇ ਵੱਸਦੇ ਨਹੀਂ ਹਨ, ਉਜਾੜ ਸ਼ਹਿਰ ਬਣਾ ਦਿਆਂਗਾ, ਜਦੋਂ ਮੈਂ ਤੇਰੇ ਉੱਤੇ ਡੂੰਘਿਆਈ ਲਿਆਵਾਂਗਾ ਅਤੇ ਜਦੋਂ ਬਹੁਤੇ ਪਾਣੀ ਤੈਨੂੰ ਢੱਕ ਲੈਣਗੇ।
20 ੨੦ ਤਦ ਮੈਂ ਉਹਨਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਪ੍ਰਾਚੀਨ ਸਮੇਂ ਦੇ ਲੋਕਾਂ ਕੋਲ, ਤੈਨੂੰ ਉਤਾਰ ਦਿਆਂਗਾ ਅਤੇ ਉਹਨਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਮੈਂ ਤੈਨੂੰ ਹੇਠਲੀ ਦੁਨੀਆ ਵਿੱਚ ਵਸਾਵਾਂਗਾ, ਪੁਰਾਣੀਆਂ ਵਿਰਾਨੀਆਂ ਵਿੱਚ, ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜੀਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਦਿਆਂਗਾ।
21 ੨੧ ਮੈਂ ਤੈਨੂੰ ਭਿਆਨਕ ਬਣਾਵਾਂਗਾ ਅਤੇ ਤੂੰ ਨਾ ਹੋਵੇਂਗਾ। ਭਾਵੇਂ ਤੂੰ ਬਹਾਲ ਕੀਤਾ ਜਾਵੇਂ, ਤੂੰ ਕਿੱਧਰੇ ਸਦਾ ਤੱਕ ਨਾ ਲੱਭੇਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।