< ਹਿਜ਼ਕੀਏਲ 20 >
1 ੧ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਇਹ ਹੋਇਆ ਕਿ ਇਸਰਾਏਲ ਦੇ ਕੁਝ ਬਜ਼ੁਰਗ ਮਨੁੱਖ ਯਹੋਵਾਹ ਤੋਂ ਕੁਝ ਪੁੱਛਣ ਨੂੰ ਆਏ ਅਤੇ ਮੇਰੇ ਸਾਹਮਣੇ ਬੈਠ ਗਏ।
2 ੨ ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
3 ੩ ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਮੇਰੇ ਕੋਲੋਂ ਪੁੱਛਣ ਆਏ ਹੋ? ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਮੇਰੇ ਕੋਲੋਂ ਕੁਝ ਨਾ ਪੁੱਛ ਸਕੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
4 ੪ ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ, ਹੇ ਮਨੁੱਖ ਦੇ ਪੁੱਤਰ? ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ? ਉਹਨਾਂ ਦੇ ਪੁਰਖਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ।
5 ੫ ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਚੁਣ ਲਿਆ ਅਤੇ ਯਾਕੂਬ ਦੇ ਘਰਾਣੇ ਨਾਲ ਸਹੁੰ ਖਾਧੀ ਅਤੇ ਮਿਸਰ ਦੇਸ ਵਿੱਚ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਮੈਂ ਉਹਨਾਂ ਦੇ ਸਾਹਮਣੇ ਸਹੁੰ ਖਾ ਕੇ ਆਖਿਆ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
6 ੬ ਉਸੇ ਦਿਨ ਮੈਂ ਉਹਨਾਂ ਨਾਲ ਸਹੁੰ ਖਾਧੀ ਤਾਂ ਜੋ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਉਸ ਦੇਸ ਵਿੱਚ ਲਿਆਵਾਂ ਜੋ ਮੈਂ ਉਹਨਾਂ ਦੇ ਲਈ ਚੁਣਿਆ ਸੀ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ।
7 ੭ ਮੈਂ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਹਰ ਇੱਕ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਦੂਰ ਕਰ ਦੇਵੇ ਅਤੇ ਤੁਸੀਂ ਆਪਣੇ ਆਪ ਨੂੰ ਮਿਸਰ ਦੀਆਂ ਮੂਰਤੀਆਂ ਨਾਲ ਭਰਿਸ਼ਟ ਨਾ ਕਰੋ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
8 ੮ ਪਰ ਉਹ ਮੇਰੇ ਤੋਂ ਬਾਗੀ ਹੋਏ ਅਤੇ ਮੇਰੀ ਗੱਲ ਸੁਣਨੀ ਨਾ ਚਾਹੀ। ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਨਾ ਸੁੱਟਿਆ, ਨਾ ਮਿਸਰ ਦੀਆਂ ਮੂਰਤੀਆਂ ਨੂੰ ਛੱਡਿਆ। ਤਦੋਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ, ਤਾਂ ਜੋ ਆਪਣੇ ਕ੍ਰੋਧ ਨੂੰ ਮਿਸਰ ਦੇ ਦੇਸ ਵਿੱਚ ਉਹਨਾਂ ਤੇ ਪੂਰਾ ਕਰਾਂ।
9 ੯ ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਅੱਖਾਂ ਵਿੱਚ ਪਲੀਤ ਨਾ ਕੀਤਾ ਜਾਵੇ, ਜਿਹਨਾਂ ਦੇ ਵਿੱਚ ਉਹ ਸਨ ਅਤੇ ਜਿਹਨਾਂ ਦੀਆਂ ਅੱਖਾਂ ਸਾਹਮਣੇ ਮੈਂ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਜਦੋਂ ਮੈਂ ਉਹਨਾਂ ਨੂੰ ਮਿਸਰ ਤੋਂ ਕੱਢ ਲਿਆਇਆ।
10 ੧੦ ਇਸ ਲਈ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਉਜਾੜ ਵਿੱਚ ਲਿਆਇਆ
11 ੧੧ ਅਤੇ ਮੈਂ ਆਪਣੀਆਂ ਬਿਧੀਆਂ ਉਹਨਾਂ ਨੂੰ ਦਿੱਤੀਆਂ ਅਤੇ ਆਪਣੇ ਹੁਕਮਾਂ ਬਾਰੇ ਉਹਨਾਂ ਨੂੰ ਦੱਸਿਆ, ਤਾਂ ਕਿ ਮਨੁੱਖ ਉਹਨਾਂ ਤੇ ਅਮਲ ਕਰ ਕੇ ਉਹਨਾਂ ਵਿੱਚ ਜੀਉਂਦਾ ਰਹੇ।
12 ੧੨ ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।
13 ੧੩ ਪਰ ਇਸਰਾਏਲ ਦਾ ਘਰਾਣਾ ਉਜਾੜ ਵਿੱਚ ਮੇਰੇ ਤੋਂ ਬਾਗੀ ਹੋ ਗਿਆ, ਉਹ ਮੇਰੀਆਂ ਬਿਧੀਆਂ ਉੱਤੇ ਨਾ ਤੁਰੇ ਅਤੇ ਮੇਰੇ ਹੁਕਮਾਂ ਨੂੰ ਰੱਦ ਕੀਤਾ, ਜਿਹਨਾਂ ਉੱਤੇ ਮਨੁੱਖ ਜੇਕਰ ਅਮਲ ਕਰੇ ਤਾਂ ਉਹਨਾਂ ਦੇ ਵਿੱਚ ਜੀਉਂਦਾ ਰਹੇ, ਪਰ ਉਹਨਾਂ ਮੇਰੇ ਸਬਤਾਂ ਨੂੰ ਬਹੁਤ ਪਲੀਤ ਕੀਤਾ। ਤਦ ਮੈਂ ਆਖਿਆ ਕਿ ਮੈਂ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਕਹਿਰ ਪਾ ਕੇ ਉਹਨਾਂ ਦਾ ਵਿਨਾਸ਼ ਕਰ ਦਿਆਂਗਾ।
14 ੧੪ ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਲੀਤ ਨਾ ਹੋਵੇ, ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ ਸੀ।
15 ੧੫ ਨਾਲੇ ਮੈਂ ਉਜਾੜ ਵਿੱਚ ਉਹਨਾਂ ਦੇ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਨਹੀਂ ਲਿਆਵਾਂਗਾ, ਜੋ ਮੈਂ ਉਹਨਾਂ ਨੂੰ ਦਿੱਤਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਸੀ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ।
16 ੧੬ ਕਿਉਂ ਜੋ ਉਹਨਾਂ ਨੇ ਮੇਰੇ ਹੁਕਮਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਵਿੱਚ ਨਾ ਚਲੇ ਸਗੋਂ ਮੇਰੇ ਸਬਤਾਂ ਨੂੰ ਪਲੀਤ ਕੀਤਾ, ਇਸ ਲਈ ਕਿ ਉਹਨਾਂ ਦੇ ਦਿਲ ਉਹਨਾਂ ਦੀਆਂ ਮੂਰਤਾਂ ਦੇ ਪਿੱਛੇ ਸਨ।
17 ੧੭ ਤਾਂ ਵੀ ਮੇਰੀਆਂ ਅੱਖਾਂ ਨੇ ਉਹਨਾਂ ਨੂੰ ਬਰਬਾਦ ਕਰਨ ਤੋਂ ਲਿਹਾਜ਼ ਕੀਤਾ, ਨਾ ਹੀ ਮੈਂ ਉਹਨਾਂ ਦਾ ਉਜਾੜ ਵਿੱਚ ਪੂਰਾ ਅੰਤ ਕੀਤਾ।
18 ੧੮ ਮੈਂ ਉਜਾੜ ਵਿੱਚ ਉਹਨਾਂ ਦੇ ਪੁੱਤਰਾਂ ਨੂੰ ਆਖਿਆ ਕਿ ਤੁਸੀਂ ਆਪਣੇ ਪੁਰਖਿਆਂ ਦੀਆਂ ਬਿਧੀਆਂ ਅਨੁਸਾਰ ਨਾ ਚੱਲੋ, ਨਾ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਦੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਭਰਿਸ਼ਟ ਨਾ ਕਰੋ।
19 ੧੯ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਮੇਰੀਆਂ ਬਿਧੀਆਂ ਤੇ ਚੱਲੋ, ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨੋ
20 ੨੦ ਅਤੇ ਮੇਰੇ ਸਬਤਾਂ ਨੂੰ ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
21 ੨੧ ਪਰ ਪੁੱਤਰ ਮੇਰੇ ਵਿਰੁੱਧ ਵਿਦਰੋਹੀ ਹੋਏ, ਉਹ ਮੇਰੀਆਂ ਬਿਧੀਆਂ ਉੱਤੇ ਨਾ ਚੱਲੇ, ਨਾ ਮੇਰੇ ਹੁਕਮਾਂ ਦੀ ਪਾਲਣਾ ਕਰ ਕੇ ਅਮਲ ਕੀਤਾ, ਜਿਹਨਾਂ ਤੇ ਜੇਕਰ ਕੋਈ ਮਨੁੱਖ ਅਮਲ ਕਰੇ ਤਾਂ ਉਹਨਾਂ ਵਿੱਚ ਜੀਉਂਦਾ ਰਹੇਗਾ। ਉਹਨਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ ਜੋ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ।
22 ੨੨ ਫਿਰ ਵੀ ਮੈਂ ਆਪਣਾ ਹੱਥ ਰੋਕੀ ਰੱਖਿਆ ਅਤੇ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਉਹ ਉਹਨਾਂ ਕੌਮਾਂ ਦੀ ਨਜ਼ਰ ਵਿੱਚ ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ, ਪਲੀਤ ਨਾ ਕੀਤਾ ਜਾਵੇ।
23 ੨੩ ਨਾਲੇ ਮੈਂ ਉਜਾੜ ਵਿੱਚ ਉਹਨਾਂ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰਾਂਗਾ ਅਤੇ ਦੇਸਾਂ ਵਿੱਚ ਬਖੇਰਾਂਗਾ।
24 ੨੪ ਇਸ ਲਈ ਜੋ ਉਹ ਮੇਰੇ ਹੁਕਮਾਂ ਤੇ ਅਮਲ ਨਹੀਂ ਕਰਦੇ ਸਨ, ਪਰ ਮੇਰੀਆਂ ਬਿਧੀਆਂ ਨੂੰ ਉਹਨਾਂ ਰੱਦਿਆ ਸੀ ਅਤੇ ਮੇਰੇ ਸਬਤਾਂ ਨੂੰ ਪਲੀਤ ਕਰਦੇ ਸਨ ਅਤੇ ਉਹਨਾਂ ਦੀ ਨਿਗਾਹ ਉਹਨਾਂ ਦੇ ਪੁਰਖਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀ ਹੋਈ ਸੀ।
25 ੨੫ ਨਾਲੇ ਮੈਂ ਉਹਨਾਂ ਨੂੰ ਬਿਧੀਆਂ ਜਿਹੜੀਆਂ ਚੰਗੀਆਂ ਨਹੀਂ ਸਨ ਅਤੇ ਹੁਕਮ ਦਿੱਤੇ ਜਿਹਨਾਂ ਵਿੱਚ ਉਹ ਜੀਉਂਦੇ ਨਾ ਰਹਿਣ।
26 ੨੬ ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫ਼ਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਹੋਵਾਹ ਮੈਂ ਹਾਂ!
27 ੨੭ ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਐਥੋਂ ਤੱਕ ਤੁਹਾਡੇ ਪੁਰਖਿਆਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਅਤੇ ਮੇਰੇ ਵਿਰੁੱਧ ਬੇਈਮਾਨੀ ਕੀਤੀ
28 ੨੮ ਕਿ ਜਦੋਂ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਲਿਆਇਆ ਜਿਹੜਾ ਉਹਨਾਂ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਤਾਂ ਉਹਨਾਂ ਨੇ ਜਿਸ ਉੱਚੇ ਪਰਬਤ ਅਤੇ ਜਿਸ ਸੰਘਣੇ ਰੁੱਖ ਨੂੰ ਵੇਖਿਆ, ਉੱਥੇ ਹੀ ਆਪਣੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਹੀ ਕ੍ਰੋਧ ਦਿਵਾਉਣ ਵਾਲੇ ਚੜ੍ਹਾਵੇ ਚੜ੍ਹਾਏ। ਉੱਥੇ ਹੀ ਆਪਣੀ ਸੁਗੰਧੀ ਧੂਫ਼ ਧੁਖਾਈ ਅਤੇ ਉੱਥੇ ਆਪਣੀਆਂ ਪੀਣ ਦੀਆਂ ਭੇਟਾਂ ਡੋਲ੍ਹੀਆਂ।
29 ੨੯ ਮੈਂ ਉਹਨਾਂ ਨੂੰ ਇਹ ਆਖਿਆ ਕਿ ਇਹ ਕੀ ਉੱਚਾ ਸਥਾਨ ਹੈ ਜਿੱਥੇ ਤੁਸੀਂ ਜਾਂਦੇ ਹੋ? ਉਹਨਾਂ ਨੇ ਉਸ ਦਾ ਨਾਮ ਬਾਮਾਹ ਰੱਖਿਆ ਜਿਹੜਾ ਅੱਜ ਤੱਕ ਹੈ।
30 ੩੦ ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਵੀ ਆਪਣੇ ਪੁਰਖਿਆਂ ਦੇ ਰਾਹ ਵਿੱਚ ਭਰਿਸ਼ਟ ਹੁੰਦੇ ਹੋ? ਅਤੇ ਉਹਨਾਂ ਦੇ ਘਿਣਾਉਣੇ ਕੰਮਾਂ ਦੇ ਮਗਰ ਤੁਸੀਂ ਵੀ ਵਿਭਚਾਰ ਕਰਦੇ ਹੋ?
31 ੩੧ ਜਦੋਂ ਤੁਸੀਂ ਆਪਣੀਆਂ ਭੇਟਾਂ ਚੜ੍ਹਾਉਂਦੇ ਹੋ ਅਤੇ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਲੰਘਾ ਕੇ ਆਪਣੀਆਂ ਸਾਰੀਆਂ ਮੂਰਤੀਆਂ ਤੋਂ ਆਪਣੇ ਆਪ ਨੂੰ ਅੱਜ ਦੇ ਦਿਨ ਤੱਕ ਭਰਿਸ਼ਟ ਕਰਦੇ ਹੋ, ਤਾਂ ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੇਰੇ ਕੋਲੋਂ ਕੁਝ ਪੁੱਛ ਸਕਦੇ ਹੋ? ਪ੍ਰਭੂ ਯਹੋਵਾਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੇ ਕੋਲੋਂ ਤੁਸੀਂ ਕੁਝ ਨਾ ਪੁੱਛ ਸਕੋਗੇ।
32 ੩੨ ਉਹ ਗੱਲ ਜਿਹੜੀ ਤੁਹਾਡੇ ਮਨ ਵਿੱਚ ਆਉਂਦੀ ਹੈ, ਕਦੇ ਵੀ ਨਹੀਂ ਹੋਵੇਗੀ, ਕਿਉਂ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਦੇਸਾਂ ਦੀਆਂ ਕੌਮਾਂ ਤੇ ਟੱਬਰਾਂ ਵਾਂਗੂੰ ਲੱਕੜ ਅਤੇ ਪੱਥਰ ਦੀ ਪੂਜਾ ਕਰਾਂਗੇ।
33 ੩੩ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਆਪਣੇ ਬਲਵਾਨ ਹੱਥ ਨਾਲ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਡੇ ਉੱਤੇ ਕਹਿਰ ਵਹਾ ਕੇ ਤੁਹਾਡੇ ਉੱਤੇ ਰਾਜ ਕਰਾਂਗਾ।
34 ੩੪ ਮੈਂ ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਕਹਿਰ ਵਹਾ ਕੇ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿਹਨਾਂ ਵਿੱਚ ਤੁਸੀਂ ਖਿੱਲਰੇ ਹੋ ਇਕੱਠਿਆਂ ਕਰਾਂਗਾ।
35 ੩੫ ਮੈਂ ਤੁਹਾਨੂੰ ਲੋਕਾਂ ਦੀ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ-ਸਾਹਮਣੇ ਤੁਹਾਡਾ ਨਿਆਂ ਕਰਾਂਗਾ।
36 ੩੬ ਜਿਵੇਂ ਮੈਂ ਤੁਹਾਡੇ ਪੁਰਖਿਆਂ ਦਾ ਮਿਸਰ ਦੇਸ ਦੀ ਉਜਾੜ ਵਿੱਚ ਨਿਆਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਸੇ ਤਰ੍ਹਾਂ ਹੀ ਮੈਂ ਤੁਹਾਡਾ ਵੀ ਨਿਆਂ ਕਰਾਂਗਾ।
37 ੩੭ ਮੈਂ ਤੁਹਾਨੂੰ ਆੱਸੇ ਦੇ ਹੇਠੋਂ ਦੀ ਲੰਘਾਵਾਂਗਾ ਅਤੇ ਨੇਮ ਦੇ ਬੰਧਨ ਵਿੱਚ ਲਿਆਵਾਂਗਾ।
38 ੩੮ ਮੈਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵਿਰੁੱਧ ਬਾਗੀ ਹਨ ਅੱਡ ਕਰਾਂਗਾ, ਮੈਂ ਉਹਨਾਂ ਨੂੰ ਉਸ ਦੇਸ ਵਿੱਚੋਂ ਜਿੱਥੇ ਉਹ ਪਰਦੇਸੀ ਹਨ, ਬਾਹਰ ਕੱਢ ਲਿਆਵਾਂਗਾ ਪਰ ਉਹ ਇਸਰਾਏਲ ਦੇ ਦੇਸ ਵਿੱਚ ਨਾ ਵੜਨਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
39 ੩੯ ਤੈਨੂੰ ਹੇ ਇਸਰਾਏਲ ਦੇ ਘਰਾਣੇ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਾਓ ਅਤੇ ਆਪਣੀ-ਆਪਣੀ ਮੂਰਤੀ ਦੀ ਪੂਜਾ ਕਰੋ ਅਤੇ ਅੱਗੇ ਨੂੰ ਵੀ, ਜੇਕਰ ਤੁਸੀਂ ਮੇਰੀ ਨਾ ਸੁਣੋਗੇ, ਪਰ ਆਪਣੀਆਂ ਭੇਟਾਂ ਨਾਲ ਅਤੇ ਆਪਣੀਆਂ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅੱਗੇ ਨੂੰ ਪਲੀਤ ਨਾ ਕਰੋਗੇ।
40 ੪੦ ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੇਰੇ ਪਵਿੱਤਰ ਪਰਬਤ ਅਰਥਾਤ ਇਸਰਾਏਲ ਦੇ ਉੱਚੇ ਪਰਬਤ ਤੇ ਸਾਰਾ ਇਸਰਾਏਲ ਦਾ ਘਰਾਣਾ, ਸਾਰੇ ਦੇ ਸਾਰੇ ਦੇਸ ਵਿੱਚ ਮੇਰੀ ਉਪਾਸਨਾ ਕਰਨਗੇ। ਉੱਥੇ ਮੈਂ ਉਹਨਾਂ ਨੂੰ ਪਰਵਾਨ ਕਰਾਂਗਾ ਅਤੇ ਉੱਥੇ ਤੁਹਾਡੀਆਂ ਚੁੱਕਣ ਦੀਆਂ ਭੇਟਾਂ, ਤੁਹਾਡੇ ਚੜ੍ਹਾਵੇ ਦੇ ਪਹਿਲੇ ਫਲ ਅਤੇ ਤੁਹਾਡੀਆਂ ਸਾਰੀਆਂ ਪਵਿੱਤਰ ਵਸਤਾਂ ਮੰਗਾਂਗਾ।
41 ੪੧ ਜਦੋਂ ਮੈਂ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਸੀ, ਇਕੱਠਾ ਕਰਾਂਗਾ ਤਦ ਮੈਂ ਤੁਹਾਨੂੰ ਸੁਗੰਧੀ ਧੂਫ਼ ਨਾਲ ਪਰਵਾਨ ਕਰਾਂਗਾ ਅਤੇ ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ ਦੁਆਰਾ ਪਰਗਟ ਕਰਾਂਗਾ।
42 ੪੨ ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਭੂਮੀ ਤੋਂ ਅਰਥਾਤ ਉਸ ਧਰਤੀ ਤੇ ਜਿਸ ਦੇ ਲਈ ਮੈਂ ਸਹੁੰ ਖਾਧੀ ਕਿ ਤੁਹਾਡੇ ਪੁਰਖਿਆਂ ਨੂੰ ਦੇਵਾਂ, ਲੈ ਆਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
43 ੪੩ ਉੱਥੇ ਤੁਸੀਂ ਆਪਣਿਆਂ ਮਾਰਗਾਂ ਅਤੇ ਆਪਣਿਆਂ ਸਾਰਿਆਂ ਕੰਮਾਂ ਨੂੰ ਜਿਹਨਾਂ ਵਿੱਚ ਤੁਸੀਂ ਭਰਿਸ਼ਟ ਹੋਏ, ਯਾਦ ਕਰੋਗੇ ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ।
44 ੪੪ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਜਦੋਂ ਮੈਂ ਤੁਹਾਡੇ ਬੁਰਿਆਂ ਮਾਰਗਾਂ ਅਤੇ ਕੁਕਰਮਾਂ ਦੇ ਅਨੁਸਾਰ ਨਹੀਂ, ਸਗੋਂ ਆਪਣੇ ਨਾਮ ਦੇ ਨਮਿੱਤ ਤੁਹਾਡੇ ਨਾਲ ਵਰਤਾਓ ਕਰਾਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
45 ੪੫ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
46 ੪੬ ਹੇ ਮਨੁੱਖ ਦੇ ਪੁੱਤਰ, ਤੂੰ ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਵੱਲ ਨੂੰ ਮੂੰਹ ਕਰਕੇ ਦੱਖਣ ਦੇ ਜੰਗਲੀ ਮੈਦਾਨ ਦੇ ਬਾਰੇ ਭਵਿੱਖਬਾਣੀ ਕਰ
47 ੪੭ ਅਤੇ ਦੱਖਣ ਦੇ ਜੰਗਲ ਨੂੰ ਆਖ, ਯਹੋਵਾਹ ਦਾ ਵਾਕ ਸੁਣ! ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰੇ ਵਿੱਚ ਅੱਗ ਭੜਕਾਵਾਂਗਾ ਅਤੇ ਉਹ ਹਰੇਕ ਸੁੱਕੇ ਤੇ ਹਰੇ ਰੁੱਖ ਨੂੰ ਭਸਮ ਕਰ ਦੇਵੇਗੀ। ਭੜਕਦਾ ਹੋਇਆ ਚਿੰਗਾੜਾ ਨਾ ਬੁਝੇਗਾ ਅਤੇ ਦੱਖਣ ਤੋਂ ਉਤਰ ਤੱਕ ਸਾਰਿਆਂ ਦੇ ਮੂੰਹ ਉਹ ਦੇ ਨਾਲ ਝੁਲਸੇ ਜਾਣਗੇ।
48 ੪੮ ਸਾਰੇ ਪ੍ਰਾਣੀ ਵੇਖਣਗੇ ਕਿ ਮੈਂ ਯਹੋਵਾਹ ਨੇ ਉਹ ਨੂੰ ਭੜਕਾਇਆ ਹੈ, ਉਹ ਨਾ ਬੁਝੇਗੀ।
49 ੪੯ ਤਦ ਮੈਂ ਆਖਿਆ ਕਿ ਹਾਏ, ਪ੍ਰਭੂ ਯਹੋਵਾਹ! ਉਹ ਤਾਂ ਮੇਰੇ ਬਾਰੇ ਆਖਦੇ ਹਨ, ਕੀ ਇਹ ਦ੍ਰਿਸ਼ਟਾਂਤਾਂ ਵਿੱਚ ਨਹੀਂ ਬੋਲਦਾ?