< ਕੂਚ 4 >
1 ੧ ਮੂਸਾ ਨੇ ਉੱਤਰ ਦਿੱਤਾ ਕਿ ਵੇਖ, ਉਹ ਮੇਰਾ ਵਿਸ਼ਵਾਸ ਨਾ ਕਰਨਗੇ, ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਉਹ ਆਖਣਗੇ, ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ।
2 ੨ ਤਦ ਯਹੋਵਾਹ ਨੇ ਉਸ ਨੂੰ ਆਖਿਆ, “ਤੇਰੇ ਹੱਥ ਵਿੱਚ ਕੀ ਹੈ?” ਉਸ ਨੇ ਆਖਿਆ, “ਲਾਠੀ।” ਤਦ ਉਸ ਨੇ ਆਖਿਆ, “ਇਸ ਨੂੰ ਧਰਤੀ ਉੱਤੇ ਸੁੱਟ ਦੇ।”
3 ੩ ਤਦ ਉਸ ਨੇ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ।
4 ੪ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਵਧਾ ਕੇ ਉਸ ਨੂੰ ਪੂਛ ਤੋਂ ਫੜ੍ਹ ਲੈ ਤਦ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ ਲਿਆ ਅਤੇ ਉਹ ਦੇ ਹੱਥ ਵਿੱਚ ਲਾਠੀ ਬਣ ਗਿਆ।”
5 ੫ ਇਸ ਲਈ ਜੋ ਉਹ ਵਿਸ਼ਵਾਸ ਕਰਨ ਕਿ ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਣ ਦਿੱਤਾ।
6 ੬ ਯਹੋਵਾਹ ਨੇ ਉਸ ਨੂੰ ਹੋਰ ਇਹ ਆਖਿਆ, “ਹੁਣ ਤੂੰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ”, ਤਾਂ ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖਿਆ। ਜਦ ਉਸ ਨੇ ਉਹ ਕੱਢਿਆ ਤਾਂ ਵੇਖੋ, ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ।
7 ੭ ਉਸ ਨੇ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ। ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਫੇਰ ਰੱਖਿਆ, ਜਦ ਬਾਹਰ ਕੱਢਿਆ ਤਾਂ ਵੇਖੋ, ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ।
8 ੮ ਫੇਰ ਅਜਿਹਾ ਹੋਵੇਗਾ ਕਿ ਜੇ ਉਹ ਤੇਰਾ ਵਿਸ਼ਵਾਸ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਅਰਥ ਮੰਨਣ ਤਾਂ ਉਹ ਦੂਜੇ ਨਿਸ਼ਾਨ ਦੇ ਅਰਥ ਉੱਤੇ ਵਿਸ਼ਵਾਸ ਕਰਨਗੇ।
9 ੯ ਜੇਕਰ ਉਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਵਿਸ਼ਵਾਸ ਨਾ ਕਰਨ, ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭੂਮੀ ਉੱਤੇ ਡੋਲ੍ਹ ਦੇਵੀਂ। ਉਹ ਪਾਣੀ ਜਿਹੜਾ ਤੂੰ ਨਦੀ ਤੋਂ ਲਵੇਂਗਾ, ਉਹ ਉਸ ਭੂਮੀ ਉੱਤੇ ਲਹੂ ਬਣ ਜਾਵੇਗਾ।
10 ੧੦ ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੂ, ਮੈਂ ਚੰਗਾ ਬੋਲਣ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸੀ, ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੈਂ ਬੋਲਣ ਵਿੱਚ ਢਿੱਲਾ ਹਾਂ ਅਤੇ ਮੇਰੀ ਜੀਭ ਮੋਟੀ ਹੈ।
11 ੧੧ ਤਦ ਯਹੋਵਾਹ ਨੇ ਉਸ ਨੂੰ ਆਖਿਆ, “ਆਦਮੀ ਦਾ ਮੂੰਹ ਕਿਸ ਨੇ ਬਣਾਇਆ ਅਤੇ ਕੌਣ ਗੂੰਗਾ, ਬੋਲ੍ਹਾ, ਸੁਜਾਖਾ ਜਾਂ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ?
12 ੧੨ ਸੋ ਹੁਣ ਤੂੰ ਜਾ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੂੰ ਬੋਲਣਾ ਹੈ, ਮੈਂ ਤੈਨੂੰ ਸਿਖਾਵਾਂਗਾ।”
13 ੧੩ ਤਦ ਉਸ ਨੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਕਿਸੇ ਹੋਰ ਨੂੰ ਜਿਸ ਨੂੰ ਤੂੰ ਚਾਹੁੰਦਾ ਹੈ, ਭੇਜ ਦੇ।”
14 ੧੪ ਫਿਰ ਯਹੋਵਾਹ ਦਾ ਕ੍ਰੋਧ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ ਹੈ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ ਅਤੇ ਵੇਖ ਉਹ ਤੇਰੇ ਮਿਲਣ ਨੂੰ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ।
15 ੧੫ ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸੀਂ ਕਰਨਾ ਹੈ, ਮੈਂ ਤੁਹਾਨੂੰ ਸਿਖਾਵਾਂਗਾ।
16 ੧੬ ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਅਜਿਹਾ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ, ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ।
17 ੧੭ ਤੂੰ ਇਹ ਲਾਠੀ ਆਪਣੇ ਹੱਥ ਵਿੱਚ ਲਵੀਂ ਜਿਸ ਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।
18 ੧੮ ਮੂਸਾ ਆਪਣੇ ਸੌਹਰੇ ਯਿਥਰੋ ਕੋਲ ਵਾਪਸ ਗਿਆ ਤੇ ਉਸ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜ ਜਾਣ ਦਿਓ ਤਾਂ ਜੋ ਮੈਂ ਵੇਖਾਂ ਕਿ ਉਹ ਹੁਣ ਤੱਕ ਜਿਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਖੁਸ਼ੀ-ਖੁਸ਼ੀ ਜਾ।
19 ੧੯ ਤਦ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾ ਅਤੇ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਚਾਹੁਣ ਵਾਲੇ ਮਰ ਗਏ ਹਨ।
20 ੨੦ ਮੂਸਾ ਨੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਨੂੰ ਲੈ ਕੇ ਗਧੇ ਉੱਤੇ ਸਵਾਰ ਕੀਤਾ ਅਤੇ ਉਹ ਮਿਸਰ ਦੇਸ ਨੂੰ ਮੁੜ ਪਿਆ, ਮੂਸਾ ਪਰਮੇਸ਼ੁਰ ਦੀ ਲਾਠੀ ਆਪਣੇ ਹੱਥ ਵਿੱਚ ਲੈ ਗਿਆ।
21 ੨੧ ਯਹੋਵਾਹ ਨੇ ਮੂਸਾ ਨੂੰ ਆਖਿਆ, “ਜਦ ਤੂੰ ਮਿਸਰ ਵਿੱਚ ਮੁੜ ਜਾਵੇਂ ਤਾਂ ਵੇਖ, ਤੂੰ ਸਾਰੇ ਅਚਰਜ਼ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ, ਫ਼ਿਰਊਨ ਦੇ ਸਾਹਮਣੇ ਕਰੀਂ ਪਰ ਮੈਂ ਉਸ ਦੇ ਮਨ ਨੂੰ ਸਖ਼ਤ ਹੋਣ ਦਿਆਂਗਾ ਅਤੇ ਉਹ ਪਰਜਾ ਨੂੰ ਜਾਣ ਨਾ ਦੇਵੇਗਾ।”
22 ੨੨ ਤਦ ਤੂੰ ਫ਼ਿਰਊਨ ਨੂੰ ਆਖੀਂ, “ਯਹੋਵਾਹ ਅਜਿਹਾ ਆਖਦਾ ਹੈ ਕਿ ਇਸਰਾਏਲ ਮੇਰਾ ਪਹਿਲੌਠਾ ਪੁੱਤਰ ਹੈ।”
23 ੨੩ ਮੈਂ ਤੈਨੂੰ ਆਖਿਆ ਹੈ ਕਿ ਮੇਰੇ ਪੁੱਤਰ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਤੇ ਤੂੰ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ, ਮੈਂ ਤੇਰੇ ਪੁੱਤਰ ਸਗੋਂ ਤੇਰੇ ਪਹਿਲੌਠੇ ਪੁੱਤਰ ਨੂੰ ਜਾਨੋਂ ਮਾਰ ਦਿਆਂਗਾ।
24 ੨੪ ਰਸਤੇ ਵਿੱਚ ਜਿੱਥੇ ਉਹ ਠਹਿਰੇ ਉੱਥੇ ਅਜਿਹਾ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਤੇ ਉਸ ਨੂੰ ਮਾਰਨਾ ਚਾਹਿਆ।
25 ੨੫ ਤਦ ਸਿੱਪੋਰਾਹ ਨੇ ਇੱਕ ਚਕਮਕ ਦਾ ਪੱਥਰ ਲੈ ਕੇ ਆਪਣੇ ਪੁੱਤਰ ਦੀ ਖੱਲੜੀ ਕੱਟ ਸੁੱਟੀ ਅਤੇ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਕੇ ਆਖਿਆ, ਤੂੰ ਸੱਚ-ਮੁੱਚ ਮੇਰੇ ਲਈ ਇੱਕ ਖੂਨੀ ਪਤੀ ਹੈਂ।
26 ੨੬ ਸੋ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।
27 ੨੭ ਫਿਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚਲਾ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ।
28 ੨੮ ਤਦ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ, ਜਿਨ੍ਹਾਂ ਲਈ ਉਸ ਨੂੰ ਭੇਜਿਆ ਸੀ ਅਤੇ ਉਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ।
29 ੨੯ ਫਿਰ ਮੂਸਾ ਅਤੇ ਹਾਰੂਨ ਚਲੇ ਗਏ ਅਤੇ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ
30 ੩੦ ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ, ਦੱਸੀਆਂ ਅਤੇ ਪਰਜਾ ਦੇ ਸਾਹਮਣੇ ਉਹ ਨਿਸ਼ਾਨ ਵਿਖਾਏ।
31 ੩੧ ਤਦ ਪਰਜਾ ਨੇ ਵਿਸ਼ਵਾਸ ਕੀਤਾ ਅਤੇ ਜਦ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲਈ ਹੈ ਅਤੇ ਉਨ੍ਹਾਂ ਦਾ ਦੁੱਖ ਵੇਖਿਆ ਹੈ ਤਦ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ।