< ਕੂਚ 24 >
1 ੧ ਉਸ ਨੇ ਮੂਸਾ ਨੂੰ ਆਖਿਆ, ਯਹੋਵਾਹ ਕੋਲ ਉਤਾਹਾਂ ਆ ਤੂੰ ਅਤੇ ਹਾਰੂਨ ਅਤੇ ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਅਤੇ ਤੁਸੀਂ ਦੂਰੋਂ ਮੱਥਾ ਟੇਕੋ।
2 ੨ ਪਰ ਮੂਸਾ ਇਕੱਲਾ ਯਹੋਵਾਹ ਕੋਲ ਨੇੜੇ ਆਵੇ ਅਤੇ ਇਹ ਨੇੜੇ ਨਾ ਆਉਣ ਅਤੇ ਲੋਕ ਵੀ ਉਹ ਦੇ ਨਾਲ ਉਤਾਹਾਂ ਨਾ ਆਉਣ।
3 ੩ ਸੋ ਮੂਸਾ ਆਇਆ ਅਤੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਨਿਆਂ ਲੋਕਾਂ ਨੂੰ ਦੱਸੇ ਤਾਂ ਸਾਰੇ ਲੋਕਾਂ ਨੇ ਇੱਕ ਅਵਾਜ਼ ਨਾਲ ਬੋਲ ਕੇ ਉੱਤਰ ਦਿੱਤਾ, ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।
4 ੪ ਤਾਂ ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ ਅਤੇ ਸਵੇਰ ਨੂੰ ਉੱਠ ਕੇ ਪਰਬਤ ਹੇਠ ਇੱਕ ਜਗਵੇਦੀ ਅਤੇ ਬਾਰਾਂ ਥੰਮ੍ਹ ਇਸਰਾਏਲ ਦੇ ਬਾਰਾਂ ਗੋਤਾਂ ਅਨੁਸਾਰ ਬਣਾਏ।
5 ੫ ਉਸ ਨੇ ਇਸਰਾਏਲ ਦੇ ਗੱਭਰੂਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਯਹੋਵਾਹ ਲਈ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਬਲ਼ਦਾਂ ਤੋਂ ਚੜ੍ਹਾਈਆਂ।
6 ੬ ਫਿਰ ਮੂਸਾ ਨੇ ਅੱਧਾ ਲਹੂ ਲੈ ਕੇ ਭਾਂਡਿਆਂ ਵਿੱਚ ਰੱਖਿਆ ਅਤੇ ਬਾਕੀ ਦਾ ਅੱਧਾ ਲਹੂ ਜਗਵੇਦੀ ਦੇ ਉੱਤੇ ਛਿੜਕਿਆ
7 ੭ ਅਤੇ ਉਸ ਨੇ ਨੇਮ ਦੀ ਪੋਥੀ ਲੈ ਕੇ ਲੋਕਾਂ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈ ਅਤੇ ਉਨ੍ਹਾਂ ਨੇ ਆਖਿਆ, ਅਸੀਂ ਸਭ ਕੁਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ।
8 ੮ ਉਪਰੰਤ ਮੂਸਾ ਨੇ ਲਹੂ ਲੈ ਕੇ ਲੋਕਾਂ ਉੱਤੇ ਛਿੜਕਿਆ ਅਤੇ ਆਖਿਆ, ਵੇਖੋ ਇਹ ਨੇਮ ਦਾ ਲਹੂ ਹੈ ਜੋ ਯਹੋਵਾਹ ਦੇ ਨੇਮ ਨੂੰ ਤਕੜਾ ਕਰਦਾ ਹੈ।
9 ੯ ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਉਤਾਹਾਂ ਗਏ।
10 ੧੦ ਫਿਰ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਡਿੱਠਾ ਅਤੇ ਉਸ ਦੇ ਪੈਰਾਂ ਹੇਠ ਨੀਲਮ ਦੇ ਪੱਥਰਾਂ ਦਾ ਫਰਸ਼ ਜਿਹਾ ਸੀ ਅਤੇ ਉਸ ਦੀ ਚਮਕ ਅਕਾਸ਼ ਹੀ ਵਰਗੀ ਸੀ।
11 ੧੧ ਉਸ ਨੇ ਆਪਣਾ ਹੱਥ ਇਸਰਾਏਲੀਆਂ ਦੇ ਭਲੇ ਪੁਰਸ਼ਾਂ ਉੱਤੇ ਨਾ ਪਾਇਆ ਸੋ ਉਨ੍ਹਾਂ ਨੇ ਪਰਮੇਸ਼ੁਰ ਦਾ ਦਰਸ਼ਣ ਕੀਤਾ ਅਤੇ ਉਨ੍ਹਾਂ ਨੇ ਖਾਧਾ ਪੀਤਾ।
12 ੧੨ ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਕੋਲ ਪਰਬਤ ਉੱਤੇ ਆ ਅਤੇ ਉੱਥੇ ਰਹਿ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਅਤੇ ਬਿਵਸਥਾ ਅਤੇ ਹੁਕਮ ਜਿਹੜੇ ਮੈਂ ਉਨ੍ਹਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ।
13 ੧੩ ਸੋ ਮੂਸਾ ਅਤੇ ਉਸ ਦਾ ਸੇਵਕ ਯਹੋਸ਼ੁਆ ਉੱਠੇ ਅਤੇ ਮੂਸਾ ਪਰਮੇਸ਼ੁਰ ਦੇ ਪਰਬਤ ਉੱਤੇ ਗਿਆ।
14 ੧੪ ਅਤੇ ਉਸ ਨੇ ਬਜ਼ੁਰਗਾਂ ਨੂੰ ਆਖਿਆ, ਤੁਸੀਂ ਸਾਡੇ ਨਾਲ ਏਥੇ ਠਹਿਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਮੁੜ ਆਈਏ ਅਤੇ ਵੇਖੋ ਹਾਰੂਨ ਅਤੇ ਹੂਰ ਤੁਹਾਡੇ ਨਾਲ ਹਨ। ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਨ੍ਹਾਂ ਦੇ ਕੋਲ ਜਾਵੇ।
15 ੧੫ ਸੋ ਮੂਸਾ ਪਰਬਤ ਉੱਤੇ ਚੜ੍ਹਿਆ ਅਤੇ ਬੱਦਲ ਪਰਬਤ ਉੱਤੇ ਛਾ ਗਿਆ।
16 ੧੬ ਅਤੇ ਯਹੋਵਾਹ ਦਾ ਪਰਤਾਪ ਸੀਨਈ ਪਰਬਤ ਉੱਤੇ ਠਹਿਰਿਆ ਅਤੇ ਬੱਦਲ ਉਸ ਉੱਤੇ ਛੇ ਦਿਨ ਛਾਇਆ ਰਿਹਾ ਤਾਂ ਸੱਤਵੇਂ ਦਿਨ ਉਸ ਨੇ ਬੱਦਲ ਦੇ ਵਿੱਚੋਂ ਮੂਸਾ ਨੂੰ ਸੱਦਿਆ।
17 ੧੭ ਯਹੋਵਾਹ ਦੇ ਤੇਜ ਦਾ ਦਰਸ਼ਣ ਭਸਮ ਕਰਨ ਵਾਲੀ ਅੱਗ ਵਾਂਗੂੰ ਪਰਬਤ ਦੀ ਟੀਸੀ ਉੱਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਸੀ।
18 ੧੮ ਅਤੇ ਮੂਸਾ ਬੱਦਲ ਦੇ ਵਿਚਕਾਰ ਚੱਲਿਆ ਗਿਆ ਅਤੇ ਪਰਬਤ ਉੱਤੇ ਚੜ੍ਹ ਗਿਆ ਤਾਂ ਮੂਸਾ ਪਰਬਤ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਰਿਹਾ।