< ਕੂਚ 14 >
1 ੧ ਯਹੋਵਾਹ ਮੂਸਾ ਨਾਲ ਬੋਲਿਆ,
2 ੨ ਇਸਰਾਏਲੀਆਂ ਨੂੰ ਆਖ ਕਿ ਉਹ ਮੁੜ ਜਾਣ ਅਤੇ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ।
3 ੩ ਫ਼ਿਰਊਨ ਇਸਰਾਏਲੀਆਂ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਤੇ ਉਜਾੜ ਨੇ ਉਨ੍ਹਾਂ ਨੂੰ ਰੋਕ ਲਿਆ ਹੈ।
4 ੪ ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ। ਫੇਰ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ।
5 ੫ ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਉਹ ਲੋਕ ਨੱਠ ਗਏ ਹਨ। ਤਾਂ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਦੇ ਮਨ ਉਨ੍ਹਾਂ ਲੋਕਾਂ ਵੱਲੋਂ ਫਿਰ ਗਏ ਅਤੇ ਉਨ੍ਹਾਂ ਨੇ ਆਖਿਆ, ਇਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਸਰਾਏਲ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ?
6 ੬ ਤਾਂ ਉਸ ਨੇ ਆਪਣਾ ਰੱਥ ਜੁੜਾਇਆ ਅਤੇ ਆਪਣੀ ਪਰਜਾ ਨੂੰ ਨਾਲ ਲਿਆ
7 ੭ ਨਾਲੇ ਉਸ ਨੇ ਛੇ ਸੌ ਚੁਗਵੇਂ ਰੱਥ ਅਤੇ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫ਼ਸਰ ਬਹਾਏ।
8 ੮ ਅਤੇ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਇਸਰਾਏਲੀ ਜ਼ਬਰਦਸਤੀ ਨਾਲ ਨਿੱਕਲਦੇ ਜਾਂਦੇ ਸਨ।
9 ੯ ਅਤੇ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਸਾਰੇ ਘੋੜੇ ਅਤੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਅਤੇ ਉਸ ਦੀ ਫੌਜ ਉਨ੍ਹਾਂ ਦੇ ਤੰਬੂ ਲਾਉਂਦਿਆਂ ਤੇ ਸਮੁੰਦਰ ਦੇ ਕੋਲ ਅਤੇ ਪੀ-ਹਹੀਰੋਥ ਦੇ ਕੋਲ ਬਆਲ-ਸਫ਼ੋਨ ਦੇ ਸਾਹਮਣੇ ਜਾ ਟੱਕਰੀ।
10 ੧੦ ਜਦ ਫ਼ਿਰਊਨ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ ਤਾਂ ਉਹ ਬਹੁਤ ਹੀ ਡਰੇ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ।
11 ੧੧ ਉਪਰੰਤ ਉਨ੍ਹਾਂ ਨੇ ਮੂਸਾ ਨੂੰ ਆਖਿਆ, ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈਂ? ਇਹ ਤੂੰ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈਂ?
12 ੧੨ ਇਹ ਉਹੋ ਹੀ ਗੱਲ ਤਾਂ ਨਹੀਂ ਜਿਹੜੀ ਅਸੀਂ ਤੈਨੂੰ ਮਿਸਰ ਵਿੱਚ ਆਖੀ ਸੀ ਕਿ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ?
13 ੧੩ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਤੇ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫੇਰ ਸਦਾ ਤੱਕ ਕਦੀ ਨਾ ਵੇਖੋਗੇ।
14 ੧੪ ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ।
15 ੧੫ ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ? ਇਸਰਾਏਲੀਆਂ ਨਾਲ ਗੱਲ ਕਰ ਕਿ ਉਹ ਅੱਗੇ ਤੁਰਨ।
16 ੧੬ ਤੂੰ ਆਪਣਾ ਢਾਂਗਾ ਚੁੱਕ ਅਤੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਤੇ ਉਸ ਨੂੰ ਦੋ ਭਾਗ ਕਰ ਦੇ ਕਿ ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਥਾਣੀ ਲੰਘ ਜਾਣ।
17 ੧੭ ਵੇਖ ਮੈਂ ਮਿਸਰੀਆਂ ਦੇ ਮਨ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦੇ ਪਿੱਛੇ ਜਾਣਗੇ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਅਤੇ ਰੱਥਾਂ ਅਤੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ।
18 ੧੮ ਜਦ ਮੈਂ ਫ਼ਿਰਊਨ ਉਸ ਦੇ ਰਥਾਂ ਅਤੇ ਉਸ ਦੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ।
19 ੧੯ ਅਤੇ ਪਰਮੇਸ਼ੁਰ ਦਾ ਦੂਤ ਜਿਹੜਾ ਇਸਰਾਏਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ ਅਤੇ ਬੱਦਲ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖੜਾ ਹੋਇਆ।
20 ੨੦ ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ।
21 ੨੧ ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ।
22 ੨੨ ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਜ਼ਮੀਨ ਉੱਤੋਂ ਦੀ ਆਏ ਅਤੇ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਗੂੰ ਸਨ।
23 ੨੩ ਮਿਸਰੀਆਂ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਸਾਰੇ ਘੋੜੇ ਅਤੇ ਉਸ ਦੇ ਰੱਥ ਅਤੇ ਘੋੜ ਚੜ੍ਹੇ ਸਮੁੰਦਰ ਵਿੱਚ ਆ ਗਏ।
24 ੨੪ ਤਾਂ ਇਸ ਤਰ੍ਹਾਂ ਹੋਇਆ ਕਿ ਸਵੇਰ ਦੇ ਪਹਿਰ ਯਹੋਵਾਹ ਨੇ ਮਿਸਰੀਆਂ ਦੇ ਡੇਰੇ ਨੂੰ ਅੱਗ ਅਤੇ ਬੱਦਲ ਦੇ ਥੰਮ੍ਹ ਦੇ ਵਿੱਚੋਂ ਦੀ ਡਿੱਠਾ ਅਤੇ ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ।
25 ੨੫ ਅਤੇ ਉਨ੍ਹਾਂ ਦੇ ਰੱਥ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਉਹ ਭਾਰੀ ਚੱਲਦੇ ਸਨ। ਸੋ ਮਿਸਰੀਆਂ ਨੇ ਆਖਿਆ, ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ।
26 ੨੬ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣੇ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ, ਉਨ੍ਹਾਂ ਦੇ ਰਥਾਂ ਉੱਤੇ ਅਤੇ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ।
27 ੨੭ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਪਹੁ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ ਪਰ ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ।
28 ੨੮ ਉਪਰੰਤ ਪਾਣੀ ਮੁੜੇ ਅਤੇ ਉਨ੍ਹਾਂ ਨੇ ਰੱਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ ਜਿਹੜੀ ਉਨ੍ਹਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ।
29 ੨੯ ਪਰ ਇਸਰਾਏਲੀ ਖੁਸ਼ਕੀ ਉੱਤੋਂ ਸਮੁੰਦਰ ਦੇ ਵਿੱਚ ਦੀ ਚੱਲਦੇ ਗਏ ਅਤੇ ਪਾਣੀ ਉਨ੍ਹਾਂ ਦੇ ਸੱਜੇ ਖੱਬੇ ਕੰਧ ਵਾਂਗੂੰ ਸਨ।
30 ੩੦ ਸੋ ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਅਤੇ ਇਸਰਾਏਲ ਨੇ ਮਿਸਰੀਆਂ ਦੇ ਮੁਰਦੇ ਸਮੁੰਦਰ ਦੇ ਕੰਢੇ ਉੱਤੇ ਵੇਖੇ।
31 ੩੧ ਇਸ ਤਰ੍ਹਾਂ ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਤੇ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ।