< ਉਪਦੇਸ਼ਕ 11 >
1 ੧ ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇ, ਤਾਂ ਤੂੰ ਬਹੁਤ ਦਿਨਾਂ ਦੇ ਬਾਅਦ ਉਸ ਨੂੰ ਫੇਰ ਪਾਵੇਂਗਾ।
2 ੨ ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ ਬਿਪਤਾ ਆਵੇਗੀ।
3 ੩ ਜਦੋਂ ਬੱਦਲ ਮੀਂਹ ਨਾਲ ਭਰੇ ਹੋਏ ਹੁੰਦੇ ਹਨ, ਤਾਂ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ ਅਤੇ ਜੇ ਕਦੀ ਰੁੱਖ ਦੱਖਣ ਜਾਂ ਉੱਤਰ ਵੱਲ ਡਿੱਗੇ, ਤਾਂ ਜਿੱਥੇ ਰੁੱਖ ਡਿੱਗਦਾ ਹੈ ਉੱਥੇ ਹੀ ਪਿਆ ਰਹਿੰਦਾ ਹੈ।
4 ੪ ਜਿਹੜਾ ਹਵਾ ਨੂੰ ਤੱਕਦਾ ਰਹਿੰਦਾ ਹੈ, ਉਹ ਨਹੀਂ ਬੀਜੇਗਾ ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ, ਉਹ ਵਾਢੀ ਨਾ ਕਰੇਗਾ।
5 ੫ ਜਿਵੇਂ ਤੂੰ ਹਵਾ ਦੇ ਰਾਹ ਨੂੰ ਨਹੀਂ ਜਾਣਦਾ ਅਤੇ ਗਰਭਵਤੀ ਦੀ ਕੁੱਖ ਵਿੱਚ ਹੱਡੀਆਂ ਕਿਵੇਂ ਵਧਦੀਆਂ ਹਨ, ਉਸੇ ਤਰ੍ਹਾਂ ਹੀ ਤੂੰ ਪਰਮੇਸ਼ੁਰ ਦੇ ਕੰਮਾਂ ਨੂੰ ਨਹੀਂ ਜਾਣਦਾ, ਜੋ ਸਭ ਕੁਝ ਬਣਾਉਂਦਾ ਹੈ।
6 ੬ ਸਵੇਰ ਨੂੰ ਆਪਣਾ ਬੀ ਬੀਜ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਇਹਨਾਂ ਵਿੱਚੋਂ ਕਿਹੜਾ ਫਲੇਗਾ, ਇਹ ਜਾਂ ਉਹ, ਜਾਂ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।
7 ੭ ਚਾਨਣ ਤਾਂ ਮਨ ਭਾਉਂਦਾ ਹੈ ਅਤੇ ਸੂਰਜ ਨੂੰ ਦੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।
8 ੮ ਹਾਂ, ਜੇ ਕਦੀ ਮਨੁੱਖ ਬਹੁਤ ਸਾਲਾਂ ਤੱਕ ਜੀਉਂਦਾ ਰਹੇ ਅਤੇ ਉਨ੍ਹਾਂ ਸਭਨਾਂ ਵਿੱਚ ਅਨੰਦ ਰਹੇ, ਫਿਰ ਵੀ ਉਹ ਹਨ੍ਹੇਰੇ ਦੇ ਦਿਨਾਂ ਨੂੰ ਯਾਦ ਰੱਖੇ, ਕਿਉਂ ਜੋ ਉਹ ਬਹੁਤ ਹੋਣਗੇ, ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ!
9 ੯ ਹੇ ਜੁਆਨ, ਤੂੰ ਆਪਣੀ ਜੁਆਨੀ ਵਿੱਚ ਮੌਜ ਕਰ ਅਤੇ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ ਅਤੇ ਆਪਣੇ ਮਨ ਦੇ ਰਾਹਾਂ ਵਿੱਚ ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਤੁਰ, ਪਰ ਤੂੰ ਜਾਣ ਲੈ ਕਿ ਇਹਨਾਂ ਸਾਰੀਆਂ ਗੱਲਾਂ ਦੇ ਲਈ ਪਰਮੇਸ਼ੁਰ ਤੇਰਾ ਨਿਆਂ ਕਰੇਗਾ।
10 ੧੦ ਇਸ ਲਈ ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ ਅਤੇ ਬੁਰਿਆਈ ਆਪਣੇ ਸਰੀਰ ਵਿੱਚੋਂ ਕੱਢ ਸੁੱਟ, ਕਿਉਂ ਜੋ ਬਚਪਨ ਅਤੇ ਜੁਆਨੀ ਦੋਵੇਂ ਵਿਅਰਥ ਹਨ!