< ਬਿਵਸਥਾ ਸਾਰ 27 >
1 ੧ ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਪਰਜਾ ਨੂੰ ਹੁਕਮ ਦੇ ਕੇ ਆਖਿਆ, “ਇਨ੍ਹਾਂ ਸਾਰੇ ਹੁਕਮਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪਾਲਣਾ ਕਰੋ।
2 ੨ ਜਦ ਤੁਸੀਂ ਯਰਦਨ ਨਦੀ ਤੋਂ ਪਾਰ ਉਸ ਦੇਸ਼ ਵਿੱਚ ਪਹੁੰਚੋਗੇ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਤਦ ਤੁਸੀਂ ਆਪਣੇ ਲਈ ਵੱਡੇ-ਵੱਡੇ ਪੱਥਰ ਖੜ੍ਹੇ ਕਰਿਓ ਅਤੇ ਉਨ੍ਹਾਂ ਉੱਤੇ ਲਿਪਾਈ ਕਰਿਓ।
3 ੩ ਜਦ ਤੁਸੀਂ ਪਾਰ ਲੰਘ ਜਾਓ ਤਾਂ ਤੁਸੀਂ ਉਹਨਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਲਿਖਿਓ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਪਹੁੰਚੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਬਚਨ ਦਿੱਤਾ ਹੈ।
4 ੪ ਫੇਰ ਜਦ ਤੁਸੀਂ ਯਰਦਨ ਤੋਂ ਪਾਰ ਲੰਘੋ ਤਾਂ ਤੁਸੀਂ ਇਹਨਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅੱਜ ਹੁਕਮ ਦਿੱਤਾ ਹੈ, ਏਬਾਲ ਪਰਬਤ ਉੱਤੇ ਖੜ੍ਹਾ ਕਰ ਕੇ ਉਹਨਾਂ ਉੱਤੇ ਲਿਪਾਈ ਕਰ ਦਿਓ।
5 ੫ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾਇਓ ਅਰਥਾਤ ਪੱਥਰਾਂ ਦੀ ਇੱਕ ਜਗਵੇਦੀ। ਤੁਸੀਂ ਉਹਨਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਚਲਾਇਓ।
6 ੬ ਤੁਸੀਂ ਅਣਘੜਤ ਪੱਥਰਾਂ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਬਣਾਇਓ ਅਤੇ ਤੁਸੀਂ ਉਸ ਉੱਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਚੜ੍ਹਾਇਓ,
7 ੭ ਤੁਸੀਂ ਉੱਥੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਇਓ ਅਤੇ ਉੱਥੇ ਹੀ ਭੋਜਨ ਖਾਇਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰਿਓ।
8 ੮ ਤੁਸੀਂ ਉਹਨਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਲਿਖਿਓ।”
9 ੯ ਤਦ ਮੂਸਾ ਅਤੇ ਲੇਵੀ ਜਾਜਕਾਂ ਨੇ ਸਾਰੇ ਇਸਰਾਏਲ ਨੂੰ ਆਖਿਆ, “ਹੇ ਇਸਰਾਏਲ, ਚੁੱਪ ਰਹਿ ਕੇ ਸੁਣੋ! ਅੱਜ ਦੇ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ,
10 ੧੦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਬਿਧੀਆਂ ਨੂੰ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪੂਰਾ ਕਰੋ।”
11 ੧੧ ਮੂਸਾ ਨੇ ਉਸੇ ਦਿਨ ਪਰਜਾ ਨੂੰ ਇਹ ਹੁਕਮ ਦਿੱਤਾ,
12 ੧੨ ਜਦ ਤੁਸੀਂ ਯਰਦਨ ਨਦੀ ਪਾਰ ਲੰਘ ਜਾਓਗੇ ਤਦ ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ, ਇਹ ਗਰਿੱਜ਼ੀਮ ਪਰਬਤ ਉੱਤੇ ਖੜ੍ਹੇ ਹੋ ਕੇ ਪਰਜਾ ਨੂੰ ਅਸੀਸ ਦੇਣ,
13 ੧੩ ਅਤੇ ਰਊਬੇਨ, ਗਾਦ, ਆਸ਼ੇਰ ਜ਼ਬੂਲੁਨ, ਦਾਨ ਅਤੇ ਨਫ਼ਤਾਲੀ ਇਹ ਏਬਾਲ ਪਰਬਤ ਉੱਤੇ ਸਰਾਪ ਲਈ ਖੜ੍ਹੇ ਹੋਣ।
14 ੧੪ ਤਦ ਲੇਵੀ ਉੱਤਰ ਦੇ ਕੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਉੱਚੀ ਅਵਾਜ਼ ਨਾਲ ਆਖਣ,
15 ੧੫ ਸਰਾਪੀ ਹੋਵੇ ਉਹ ਮਨੁੱਖ, ਜਿਹੜਾ ਘੜ੍ਹੀ ਹੋਈ ਜਾਂ ਢਾਲੀ ਹੋਈ ਮੂਰਤ ਬਣਾਵੇ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ, ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਹੋਵਾਹ ਘਿਰਣਾ ਕਰਦਾ ਹੈ। ‘ਤਦ ਸਾਰੀ ਪਰਜਾ ਉੱਤਰ ਦੇ ਕੇ ਆਖੇ, ਆਮੀਨ।’
16 ੧੬ ਸਰਾਪੀ ਹੋਵੇ ਉਹ, ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਦਾ ਨਿਰਾਦਰ ਕਰੇ। ‘ਤਦ ਸਾਰੀ ਪਰਜਾ ਆਖੇ, ਆਮੀਨ।’
17 ੧੭ ਸਰਾਪੀ ਹੋਵੇ ਉਹ, ਜਿਹੜਾ ਆਪਣੇ ਗੁਆਂਢੀ ਦੀਆਂ ਹੱਦਾਂ ਨੂੰ ਸਰਕਾਵੇ। ‘ਤਦ ਸਾਰੀ ਪਰਜਾ ਆਖੇ, ਆਮੀਨ।’
18 ੧੮ ‘ਸਰਾਪੀ ਹੋਵੇ ਉਹ, ਜਿਹੜਾ ਅੰਨ੍ਹੇ ਨੂੰ ਰਾਹ ਤੋਂ ਭਟਕਾ ਦੇਵੇ।’ ਤਦ ਸਾਰੀ ਪਰਜਾ ਆਖੇ, ਆਮੀਨ।
19 ੧੯ ਸਰਾਪੀ ਹੋਵੇ ਉਹ, ਜਿਹੜਾ ਪਰਦੇਸੀ, ਯਤੀਮ, ਅਤੇ ਵਿਧਵਾ ਦਾ ਨਿਆਂ ਵਿਗਾੜੇ। ‘ਤਦ ਸਾਰੀ ਪਰਜਾ ਆਖੇ, ਆਮੀਨ।’
20 ੨੦ ਸਰਾਪੀ ਹੋਵੇ ਉਹ, ਜਿਹੜਾ ਆਪਣੇ ਪਿਤਾ ਦੀ ਪਤਨੀ, ਨਾਲ ਕੁਕਰਮ ਕਰੇ ਕਿਉਂ ਜੋ ਉਸ ਨੇ ਆਪਣੇ ਪਿਤਾ ਦਾ ਨੰਗੇਜ਼ ਖੋਲ੍ਹਿਆ ਹੈ। ‘ਤਦ ਸਾਰੀ ਪਰਜਾ ਆਖੇ, ਆਮੀਨ।’
21 ੨੧ ‘ਸਰਾਪੀ ਹੋਵੇ ਉਹ, ਜਿਹੜਾ ਕਿਸੇ ਪਸ਼ੂ ਨਾਲ ਕੁਕਰਮ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’
22 ੨੨ ‘ਸਰਾਪੀ ਹੋਵੇ ਉਹ, ਜਿਹੜਾ ਆਪਣੀ ਭੈਣ, ਨਾਲ ਕੁਕਰਮ ਕਰੇ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਭਾਵੇਂ ਉਸ ਦੀ ਮਾਂ ਦੀ ਧੀ ਹੋਵੇ। ਤਦ ਸਾਰੀ ਪਰਜਾ ਆਖੇ, ਆਮੀਨ।’
23 ੨੩ ਸਰਾਪੀ ਹੋਵੇ ਉਹ, ਜਿਹੜਾ ਆਪਣੀ ਸੱਸ ਨਾਲ ਕੁਕਰਮ ਕਰੇ। ‘ਤਦ ਸਾਰੀ ਪਰਜਾ ਆਖੇ, ਆਮੀਨ।’
24 ੨੪ ‘ਸਰਾਪੀ ਹੋਵੇ ਉਹ, ਜਿਹੜਾ ਆਪਣੇ ਗੁਆਂਢੀ ਨੂੰ ਲੁੱਕ ਕੇ ਮਾਰੇ। ਤਦ ਸਾਰੀ ਪਰਜਾ ਆਖੇ, ਆਮੀਨ।’
25 ੨੫ ‘ਸਰਾਪੀ ਹੋਵੇ ਉਹ, ਜਿਹੜਾ ਰਿਸ਼ਵਤ ਲੈ ਕੇ ਨਿਰਦੋਸ਼ ਵਿਅਕਤੀ ਦਾ ਖੂਨ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’
26 ੨੬ ‘ਸਰਾਪੀ ਹੋਵੇ ਉਹ, ਜਿਹੜਾ ਇਸ ਬਿਵਸਥਾ ਦੀਆਂ, ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’