< ਬਿਵਸਥਾ ਸਾਰ 20 >
1 ੧ ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾਂ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ।
2 ੨ ਅਜਿਹਾ ਹੋਵੇ ਕਿ ਜਦ ਤੁਸੀਂ ਯੁੱਧ ਕਰਨ ਲਈ ਨੇੜੇ ਜਾਓ, ਤਦ ਜਾਜਕ ਸੈਨਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲਾਂ ਕਰੇ,
3 ੩ ਅਤੇ ਉਨ੍ਹਾਂ ਨੂੰ ਆਖੇ, “ਹੇ ਇਸਰਾਏਲ ਸੁਣ, ਅੱਜ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ, ਨਾ ਘਬਰਾਓ ਅਤੇ ਨਾ ਉਨ੍ਹਾਂ ਦੇ ਅੱਗੇ ਕੰਬੋ,
4 ੪ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ, ਤਾਂ ਜੋ ਉਹ ਤੁਹਾਨੂੰ ਬਚਾਉਣ ਲਈ ਤੁਹਾਡੇ ਵੈਰੀਆਂ ਨਾਲ ਯੁੱਧ ਕਰੇ।”
5 ੫ ਫੇਰ ਪ੍ਰਧਾਨ ਲੋਕਾਂ ਨੂੰ ਆਖਣ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਨੇ ਨਵਾਂ ਘਰ ਬਣਾਇਆ ਹੋਵੇ, ਪਰ ਉਸ ਦਾ ਸਮਰਪਣ ਨਾ ਕੀਤਾ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਸਮਰਪਣ ਕਰੇ।
6 ੬ ਅਤੇ ਕੌਣ ਹੈ, ਜਿਸ ਨੇ ਅੰਗੂਰੀ ਬਾਗ਼ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ।
7 ੭ ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ, ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਨਾਲ ਵਿਆਹ ਕਰੇ।”
8 ੮ ਫੇਰ ਪ੍ਰਧਾਨ ਲੋਕਾਂ ਨੂੰ ਇਹ ਵੀ ਆਖਣ, “ਕੌਣ-ਕੌਣ ਹੈ, ਜੋ ਡਰਦਾ ਹੈ ਅਤੇ ਮਨ ਦਾ ਕੱਚਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕਾਰਨ ਉਸ ਦੇ ਭਰਾਵਾਂ ਦਾ ਹੌਂਸਲਾ ਵੀ ਟੁੱਟ ਜਾਵੇ।”
9 ੯ ਫੇਰ ਜਦ ਅਧਿਕਾਰੀ ਲੋਕਾਂ ਨੂੰ ਇਹ ਗੱਲਾਂ ਆਖ ਚੁੱਕਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।
10 ੧੦ ਜਦ ਤੁਸੀਂ ਕਿਸੇ ਸ਼ਹਿਰ ਨਾਲ ਯੁੱਧ ਕਰਨ ਲਈ ਨੇੜੇ ਜਾਓ, ਤਾਂ ਪਹਿਲਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ।
11 ੧੧ ਜੇਕਰ ਉਹ ਤੁਹਾਡੇ ਨਾਲ ਸੁਲਾਹ ਕਰਨ ਲਈ ਤਿਆਰ ਹੋਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ, ਤਾਂ ਅਜਿਹਾ ਹੋਵੇ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਅਧੀਨ ਹੋ ਕੇ ਤੁਹਾਡੀ ਬੇਗਾਰੀ ਅਤੇ ਟਹਿਲ ਸੇਵਾ ਕਰਨ।
12 ੧੨ ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਯੁੱਧ ਕਰਨਾ ਚਾਹੇ ਤਾਂ ਤੁਸੀਂ ਉਸ ਦੇ ਆਲੇ-ਦੁਆਲੇ ਘੇਰਾ ਪਾ ਲਿਓ,
13 ੧੩ ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ, ਤਾਂ ਤੁਸੀਂ ਉਸ ਦੇ ਸਾਰੇ ਪੁਰਖ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ,
14 ੧੪ ਪਰ ਇਸਤਰੀਆਂ, ਬੱਚੇ, ਪਸ਼ੂ ਅਰਥਾਤ ਉਸ ਸ਼ਹਿਰ ਦਾ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਿਓ ਅਤੇ ਤੁਸੀਂ ਆਪਣੇ ਵੈਰੀਆਂ ਦੀ ਲੁੱਟ ਨੂੰ ਵਰਤਿਓ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਤੁਹਾਨੂੰ ਦੇਵੇਗਾ।
15 ੧੫ ਇਸੇ ਤਰ੍ਹਾਂ ਹੀ ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਿਓ, ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹ ਇੱਥੇ ਦੀਆਂ ਕੌਮਾਂ ਦੇ ਸ਼ਹਿਰ ਨਹੀਂ ਹਨ।
16 ੧੬ ਪਰ ਜਿਹੜੇ ਸ਼ਹਿਰ ਇਨ੍ਹਾਂ ਲੋਕਾਂ ਦੇ ਹਨ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਉਨ੍ਹਾਂ ਵਿੱਚ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਰਹਿਣ ਦਿਓ,
17 ੧੭ ਪਰ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ ਕਰ ਦਿਓ ਅਰਥਾਤ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ,
18 ੧੮ ਕਿਉਂਕਿ ਅਜਿਹਾ ਨਾ ਹੋਵੇ ਕਿ ਉਹ ਤੁਹਾਨੂੰ ਆਪਣੇ ਵਰਗੇ ਘਿਣਾਉਣੇ ਕੰਮ ਕਰਨਾ ਸਿਖਾਉਣ, ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਲੱਗੋ।
19 ੧੯ ਜਦ ਤੁਸੀਂ ਯੁੱਧ ਕਰਦੇ ਹੋਏ ਕਿਸੇ ਸ਼ਹਿਰ ਨੂੰ ਜਿੱਤਣ ਲਈ ਬਹੁਤ ਦਿਨਾਂ ਤੱਕ ਉਸ ਨੂੰ ਘੇਰ ਕੇ ਰੱਖੋ, ਤਾਂ ਤੁਸੀਂ ਉਸ ਦੇ ਰੁੱਖਾਂ ਨੂੰ ਕੁਹਾੜੀ ਨਾਲ ਵੱਢ ਕੇ ਨਾਸ ਨਾ ਕਰਿਓ ਕਿਉਂ ਜੋ ਤੁਸੀਂ ਉਨ੍ਹਾਂ ਦੇ ਫਲ ਖਾ ਸਕਦੇ ਹੋ, ਇਸ ਲਈ ਤੁਸੀਂ ਉਨ੍ਹਾਂ ਨੂੰ ਨਾ ਵੱਢਿਓ। ਭਲਾ, ਖੇਤ ਦੇ ਰੁੱਖ ਆਦਮੀ ਵਰਗੇ ਹਨ ਕਿ ਤੁਸੀਂ ਉਨ੍ਹਾਂ ਨੂੰ ਘੇਰ ਕੇ ਰੱਖੋ?
20 ੨੦ ਸਿਰਫ਼ ਉਹ ਰੁੱਖ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ ਹਨ, ਉਨ੍ਹਾਂ ਨੂੰ ਤੁਸੀਂ ਵੱਢ ਕੇ ਨਾਸ ਕਰ ਸੁੱਟਿਓ, ਅਤੇ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਉਸ ਸਮੇਂ ਤੱਕ ਘੇਰਾਬੰਦੀ ਕਰਕੇ ਰੱਖਿਓ, ਜਦ ਤੱਕ ਉਹ ਜਿੱਤਿਆ ਨਾ ਜਾਵੇ।