< ਦਾਨੀਏਲ 5 >
1 ੧ ਕਈ ਸਾਲਾਂ ਮਗਰੋਂ, ਬੇਲਸ਼ੱਸਰ ਰਾਜਾ ਨੇ ਆਪਣੇ ਹਜ਼ਾਰ ਪਰਧਾਨਾਂ ਦੇ ਲਈ ਵੱਡੀ ਦਾਵਤ ਕੀਤੀ ਅਤੇ ਉਹਨਾਂ ਦੇ ਸਾਹਮਣੇ ਨਸ਼ਾ ਪੀਤਾ।
2 ੨ ਬੇਲਸ਼ੱਸਰ ਨੇ ਨਸ਼ਾ ਚੱਖਦੇ ਹੋਏ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨੱਸਰ ਉਹ ਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ, ਲਿਆਂਦੇ ਜਾਣ ਤਾਂ ਜੋ ਰਾਜਾ, ਉਹ ਦੇ ਪਰਧਾਨ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖ਼ੈਲਾਂ ਉਹਨਾਂ ਵਿੱਚੋਂ ਨਸ਼ਾ ਪੀਣ।
3 ੩ ਤਦ ਉਹ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਹੈਕਲ ਵਿੱਚੋਂ ਕੱਢੇ ਗਏ ਸਨ ਲਿਆਏ ਗਏ ਅਤੇ ਰਾਜਾ ਤੇ ਉਹ ਦੇ ਪਰਧਾਨਾਂ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖ਼ੈਲਾਂ ਨੇ ਉਹਨਾਂ ਵਿੱਚੋਂ ਪੀਤੀ।
4 ੪ ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ, ਚਾਂਦੀ, ਪਿੱਤਲ, ਲੋਹੇ, ਕਾਠ ਤੇ ਪੱਥਰ ਦੇ ਦੇਵਤਿਆਂ ਦੀ ਵਡਿਆਈ ਕੀਤੀ।
5 ੫ ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪਰਗਟ ਹੋਈਆਂ ਅਤੇ ਉਹਨਾਂ ਦੇ ਸ਼ਮਾਦਾਨ ਦੇ ਅੱਗੇ ਰਾਜੇ ਦੇ ਮਹਿਲ ਦੀ ਕੰਧ ਉੱਤੇ ਲਿਖਿਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ।
6 ੬ ਤਦ ਰਾਜਾ ਘਬਰਾ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਪਰੇਸ਼ਾਨ ਕੀਤਾ ਐਥੋਂ ਤੱਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ ਦੂਜੇ ਨਾਲ ਟਕਰਾਉਣ ਲੱਗ ਪਏ।
7 ੭ ਰਾਜੇ ਨੇ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਨੂੰ ਲਿਆਓ! ਰਾਜੇ ਨੇ ਬਾਬਲ ਦੇ ਵਿਦਵਾਨਾਂ ਨੂੰ ਆਖਿਆ ਕਿ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ, ਉਹ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ।
8 ੮ ਤਦ ਰਾਜੇ ਦੇ ਸਾਰੇ ਵਿਦਵਾਨ ਸਾਹਮਣੇ ਆਏ ਪਰ ਨਾ ਉਸ ਲਿਖਤ ਨੂੰ ਪੜ੍ਹ ਸਕੇ, ਨਾ ਰਾਜੇ ਨੂੰ ਉਹ ਦਾ ਅਰਥ ਦੱਸ ਸਕੇ।
9 ੯ ਤਦ ਬੇਲਸ਼ੱਸਰ ਰਾਜਾ ਬਹੁਤ ਘਬਰਾ ਗਿਆ ਅਤੇ ਉਹ ਦਾ ਚਿਹਰਾ ਬਦਲ ਗਿਆ ਅਤੇ ਉਹ ਦੇ ਪਰਧਾਨ ਹੱਕੇ-ਬੱਕੇ ਰਹਿ ਗਏ।
10 ੧੦ ਫਿਰ ਰਾਜੇ ਤੇ ਉਸ ਦੇ ਪਰਧਾਨਾਂ ਦੀਆਂ ਗੱਲਾਂ ਸੁਣ ਕੇ ਮਹਾਰਾਣੀ ਦਾਵਤ ਦੇ ਘਰ ਵਿੱਚ ਆਈ ਅਤੇ ਮਹਾਰਾਣੀ ਆਖਣ ਲੱਗੀ, ਹੇ ਰਾਜਾ, ਜੁੱਗੋ-ਜੁੱਗ ਜੀਉਂਦਾ ਰਹਿ! ਤੇਰੀਆਂ ਚਿੰਤਾਂ ਤੈਨੂੰ ਹੱਕਾ-ਬੱਕਾ ਨਾ ਕਰਨ ਅਤੇ ਨਾ ਤੇਰਾ ਚਿਹਰਾ ਬਦਲੇ!
11 ੧੧ ਤੇਰੇ ਰਾਜ ਵਿੱਚ ਇੱਕ ਮਨੁੱਖ ਹੈ, ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ ਜਿਹ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨੱਸਰ ਨੇ, ਹਾਂ, ਤੇਰੇ ਪਿਤਾ ਨੇ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਦਾ ਮੁਖੀਆ ਨਿਯੁਕਤ ਕੀਤਾ ਸੀ।
12 ੧੨ ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ।
13 ੧੩ ਤਦ ਦਾਨੀਏਲ ਰਾਜੇ ਦੇ ਅੱਗੇ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਏਲ ਨੂੰ ਇਉਂ ਆਖਿਆ, ਕੀ ਤੂੰ ਉਹੀ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਹਨਾਂ ਨੂੰ ਮੇਰਾ ਪਿਤਾ ਯਹੂਦਾਹ ਤੋਂ ਲਿਆਇਆ ਸੀ?
14 ੧੪ ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਕਿ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ, ਚਾਨਣ ਤੇ ਸਮਝ ਤੇ ਚੰਗੀ ਬੁੱਧ ਤੇਰੇ ਵਿੱਚ ਹੈ।
15 ੧੫ ਅਤੇ ਹੁਣ ਵਿਦਵਾਨ ਤੇ ਜੋਤਸ਼ੀ ਮੇਰੇ ਸਾਹਮਣੇ ਲਿਆਏ ਗਏ ਸਨ ਇਸ ਕਰਕੇ ਜੋ ਉਸ ਲਿਖਤ ਨੂੰ ਪੜ੍ਹਨ ਅਤੇ ਉਹ ਦਾ ਅਰਥ ਮੇਰੇ ਉੱਤੇ ਪਰਗਟ ਕਰਨ, ਪਰ ਉਹ ਉਸ ਦਾ ਅਰਥ ਨਾ ਕਰ ਸਕੇ।
16 ੧੬ ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹ ਦਾ ਅਰਥ ਮੈਨੂੰ ਦੱਸੇ ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਤੇਰੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਂਗਾ।
17 ੧੭ ਤਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਹੀ ਕੋਲ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ।
18 ੧੮ ਹੇ ਰਾਜਾ, ਅੱਤ ਮਹਾਨ ਪਰਮੇਸ਼ੁਰ ਨੇ ਨਬੂਕਦਨੱਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪਰਤਾਪ ਦਿੱਤਾ
19 ੧੯ ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸ ਨੇ ਤੈਨੂੰ ਦਿੱਤੀ ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆਂ ਉਹ ਦੇ ਸਾਹਮਣੇ ਕੰਬੀਆਂ ਅਤੇ ਡਰੀਆਂ। ਜਿਸ ਨੂੰ ਚਾਹਿਆ ਉਹ ਨੂੰ ਉਸ ਨੇ ਮਾਰ ਸੁੱਟਿਆ ਅਤੇ ਜਿਸ ਨੂੰ ਚਾਹਿਆ ਉਹ ਨੂੰ ਉਸ ਨੇ ਜੀਉਂਦਾ ਛੱਡਿਆ। ਜਿਸ ਨੂੰ ਚਾਹਿਆ ਉਸ ਨੂੰ ਵਧਾਇਆ ਅਤੇ ਜਿਸ ਨੂੰ ਚਾਹਿਆ ਉਸ ਨੂੰ ਘਟਾਇਆ।
20 ੨੦ ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ।
21 ੨੧ ਉਹ ਮਨੁੱਖ ਵੰਸ਼ੀਆਂ ਵਿੱਚੋਂ ਛੇਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਗਧਿਆਂ ਨਾਲ ਵੱਸਦਾ ਸੀ ਅਤੇ ਉਹ ਨੂੰ ਬਲਦਾਂ ਵਾਂਗੂੰ ਘਾਹ ਚਰਾਉਂਦੇ ਸਨ ਅਤੇ ਉਹ ਦਾ ਸਰੀਰ ਅਕਾਸ਼ ਦੀ ਤ੍ਰੇਲ ਨਾਲ ਗਿੱਲਾ ਹੋਇਆ ਐਥੋਂ ਤੱਕ ਜੋ ਉਹ ਨੇ ਨਹੀਂ ਜਾਣਿਆ ਜੋ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਉੱਤੇ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅਟੱਲ ਕਰਦਾ ਹੈ।
22 ੨੨ ਪਰ ਹੇ ਬੇਲਸ਼ੱਸਰ, ਤੂੰ ਜੋ ਉਹ ਦਾ ਪੁੱਤਰ ਹੈਂ ਭਾਵੇਂ ਜੇ ਤੂੰ ਇਸ ਸਾਰੀ ਗੱਲ ਨੂੰ ਜਾਣ ਵੀ ਲਿਆ ਤਦ ਵੀ ਤੂੰ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ।
23 ੨੩ ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ੁਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ।
24 ੨੪ ਸੋ ਉਹ ਦੀ ਵੱਲੋਂ ਉਸ ਹੱਥ ਦਾ ਸਿਰਾ ਭੇਜਿਆ ਗਿਆ ਅਤੇ ਇਹ ਲਿਖ਼ਤ ਲਿਖੀ ਗਈ।
25 ੨੫ ਲਿਖ਼ਤ ਜੋ ਲਿਖੀ ਗਈ ਸੋ ਇਹ ਹੈ, “ਮਨੇ ਮਨੇ ਤਕੇਲ ਊਫਰਸੀਨ”
26 ੨੬ ਅਤੇ “ਮਨੇ” ਪਦ ਦਾ ਇਹ ਅਰਥ ਹੈ ਪਰਮੇਸ਼ੁਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹ ਦਾ ਅੰਤ ਕਰ ਦਿੱਤਾ ਹੈ।
27 ੨੭ “ਤਕੇਲ” ਦਾ ਇਹ ਅਰਥ ਹੈ ਜੋ ਤੂੰ ਤੱਕੜੀ ਵਿੱਚ ਤੋਲਿਆ ਗਿਆ ਅਤੇ ਘੱਟ ਨਿੱਕਲਿਆ।
28 ੨੮ “ਪਰੇਸ” ਦਾ ਇਹ ਅਰਥ ਹੈ ਜੋ ਤੇਰਾ ਰਾਜ ਵੰਡਿਆ ਗਿਆ ਅਤੇ ਮਾਦੀਆਂ ਅਤੇ ਫ਼ਾਰਸੀਆਂ ਨੂੰ ਦਿੱਤਾ ਗਿਆ।
29 ੨੯ ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸ ਦੇ ਗਲ਼ ਵਿੱਚ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਕਿ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ।
30 ੩੦ ਉਸੇ ਰਾਤ ਨੂੰ ਬੇਲਸ਼ੱਸਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ
31 ੩੧ ਅਤੇ ਦਾਰਾ ਮਾਦੀ ਨੇ ਬਾਹਠ ਸਾਲ ਦੀ ਉਮਰ ਵਿੱਚ ਰਾਜ ਲੈ ਲਿਆ।