< ਰਸੂਲਾਂ ਦੇ ਕਰਤੱਬ 28 >
1 ੧ ਜਦੋਂ ਅਸੀਂ ਬਚ ਨਿੱਕਲੇ ਤਾਂ ਅਸੀਂ ਪਤਾ ਕੀਤਾ ਜੋ ਇਸ ਟਾਪੂ ਦਾ ਨਾਮ ਮਾਲਟਾ ਹੈ।
2 ੨ ਉੱਥੋਂ ਦੇ ਵਾਸੀਆਂ ਨੇ ਸਾਡੇ ਉੱਤੇ ਵਿਸ਼ੇਸ਼ ਦਯਾ ਕੀਤੀ ਕਿ ਉਨ੍ਹਾਂ ਉਸ ਵੇਲੇ ਅੱਗ ਬਾਲ ਕੇ ਸਾਨੂੰ ਸਾਰਿਆਂ ਨੂੰ ਕੋਲ ਬੁਲਾ ਲਿਆ ਕਿਉਂਕਿ ਮੀਂਹ ਦੀ ਝੜੀ ਦੇ ਕਾਰਨ ਠੰਡ ਸੀ!
3 ੩ ਅਤੇ ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਇੱਕ ਸੱਪ ਗਰਮੀ ਨਾਲ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ!
4 ੪ ਤਾਂ ਉੱਥੋਂ ਦੇ ਵਾਸੀ, ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ, ਕਿ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰ ਵਿੱਚੋਂ ਬਚ ਗਿਆ ਪਰ ਨਿਆਂ ਇਹ ਨੂੰ ਜਿਉਂਦਾ ਨਹੀਂ ਛੱਡਦਾ!
5 ੫ ਤਦ ਉਹ ਨੇ ਉਸ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ!
6 ੬ ਪਰ ਉਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇਗਾ ਜਾਂ ਅਚਾਨਕ ਮਰ ਕੇ ਡਿੱਗ ਪਵੇਗਾ ਪਰ ਜਦੋਂ ਉਨ੍ਹਾਂ ਬਹੁਤ ਸਮਾਂ ਉਡੀਕ ਕਰਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਤਾਂ ਉਨ੍ਹਾਂ ਦੇ ਮਨ ਵਿੱਚ ਹੋਰ ਵਿਚਾਰ ਆਇਆ ਅਤੇ ਕਹਿਣ ਲੱਗੇ ਇਹ ਤਾਂ ਕੋਈ ਦੇਵਤਾ ਹੈ!
7 ੭ ਉਸ ਥਾਂ ਦੇ ਨੇੜੇ, ਉਸ ਟਾਪੂ ਦੇ ਅਧਿਕਾਰੀ ਪੁਬਲਿਯੁਸ ਦੀ ਜ਼ਮੀਨ ਸੀ। ਸੋ ਉਹ ਨੇ ਸਾਨੂੰ ਘਰ ਲੈ ਜਾ ਕੇ ਬਹੁਤ ਪਿਆਰ ਨਾਲ ਤਿੰਨਾਂ ਦਿਨਾਂ ਤੱਕ ਸਾਡੀ ਸੇਵਾ ਕੀਤੀ!
8 ੮ ਤਾਂ ਇਸ ਤਰ੍ਹਾਂ ਹੋਇਆ ਜੋ ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਪਿਆ ਸੀ, ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ!
9 ੯ ਇਸ ਘਟਨਾ ਤੋਂ ਬਾਅਦ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ!
10 ੧੦ ਤਾਂ ਉਨ੍ਹਾਂ ਨੇ ਸਾਡਾ ਬਹੁਤ ਆਦਰ ਕੀਤਾ ਅਤੇ ਜਦੋਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ ।
11 ੧੧ ਤਿੰਨਾਂ ਮਹੀਨਿਆਂ ਤੋਂ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਨਾਮ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ!
12 ੧੨ ਅਤੇ ਸੈਰਾਕੁਸ ਵਿੱਚ ਉਤਰ ਕੇ ਤਿੰਨ ਦਿਨ ਰਹੇ!
13 ੧੩ ਫੇਰ ਉੱਥੋਂ ਘੁੰਮ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਤੋਂ ਬਾਅਦ ਜਦੋਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ।
14 ੧੪ ਉੱਥੇ ਸਾਨੂੰ ਭਾਈ ਮਿਲੇ ਜਿੰਨਾਂ ਸਾਡੀ ਮਿੰਨਤ ਕੀਤੀ ਕਿ ਇੱਕ ਹਫ਼ਤਾ ਸਾਡੇ ਕੋਲ ਰਹੋ, ਅਤੇ ਇਸੇ ਤਰ੍ਹਾਂ ਅਸੀਂ ਰੋਮ ਨੂੰ ਆਏ!
15 ੧੫ ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ ।
16 ੧੬ ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ ।
17 ੧੭ ਤਾਂ ਇਸ ਤਰ੍ਹਾਂ ਹੋਇਆ ਜੋ ਤਿੰਨਾਂ ਦਿਨਾਂ ਤੋਂ ਬਾਅਦ ਉਹ ਨੇ ਯਹੂਦੀਆਂ ਦੇ ਆਗੂਆਂ ਨੂੰ ਇਕੱਠੇ ਬੁਲਾ ਲਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰੀਤਾਂ ਦੇ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹਵਾਲੇ ਕੀਤਾ ਗਿਆ ਹਾਂ!
18 ੧੮ ਅਤੇ ਉਨ੍ਹਾਂ ਮੇਰੀ ਜਾਂਚ ਕਰ ਕੇ, ਮੈਨੂੰ ਛੱਡ ਦੇਣ ਚਾਹਿਆ ਕਿਉਂਕਿ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ!
19 ੧੯ ਪਰ ਜਦੋਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਮਜ਼ਬੂਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ!
20 ੨੦ ਸੋ ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਇਸ ਸੰਗਲ ਨਾਲ ਜਕੜਿਆ ਹੋਇਆ ਹਾਂ!
21 ੨੧ ਉਨ੍ਹਾਂ ਉਸ ਨੂੰ ਆਖਿਆ, ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਆਈ, ਨਾ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ!
22 ੨੨ ਪਰ ਅਸੀਂ ਇਹੋ ਚੰਗਾ ਸਮਝਦੇ ਹਾਂ ਕਿ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ, ਕਿਉਂ ਜੋ ਸਾਨੂੰ ਪਤਾ ਹੈ ਕਿ ਹਰ ਸਥਾਨ ਤੇ ਇਸ ਪੰਥ ਨੂੰ ਬੁਰਾ ਆਖਦੇ ਹਨ ।
23 ੨੩ ਜਦੋਂ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ, ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਗਵਾਹੀ ਦੇ ਕੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਸਬੂਤ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ!
24 ੨੪ ਤਾਂ ਕਈਆਂ ਨੇ ਉਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਵਿਸ਼ਵਾਸ ਨਾ ਕੀਤਾ!
25 ੨੫ ਜਦੋਂ ਉਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਉਹ ਚੱਲੇ ਗਏ ਕਿ ਪਵਿੱਤਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ,
26 ੨੬ ਇਸ ਪਰਜਾ ਦੇ ਕੋਲ ਜਾ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਅਤੇ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ,
27 ੨੭ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਲਈਆਂ ਹਨ, ਕਿਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ।
28 ੨੮ ਸੋ ਇਹ ਜਾਣੋ ਕਿ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਭੇਜੀ ਗਈ ਹੈ ਅਤੇ ਉਹ ਸੁਣ ਵੀ ਲੈਣਗੀਆਂ ।
29 ੨੯ ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਯਹੂਦੀ ਝਗੜਾ ਕਰਦੇ ਹੋਏ ਉੱਥੋਂ ਚਲੇ ਗਏ
30 ੩੦ ਤਾਂ ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦੀ ਸੇਵਾ ਟਹਿਲ ਕਰਦਾ ਰਿਹਾ, ਜੋ ਉਹ ਦੇ ਕੋਲ ਆਉਂਦੇ ਸਨ!
31 ੩੧ ਅਤੇ ਬਿਨ੍ਹਾਂ ਰੋਕ-ਟੋਕ ਅੱਤ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ!