< 2 ਸਮੂਏਲ 5 >
1 ੧ ਇਹ ਦੇ ਬਾਅਦ ਇਸਰਾਏਲ ਦੇ ਸਾਰੇ ਗੋਤ ਹਬਰੋਨ ਵਿੱਚ ਦਾਊਦ ਦੇ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ।
2 ੨ ਪਿਛਲੇ ਸਮੇਂ ਵਿੱਚ ਜਦੋਂ ਸ਼ਾਊਲ ਸਾਡਾ ਰਾਜਾ ਸੀ, ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਜੋ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ।
3 ੩ ਇਸ ਲਈ ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਕੋਲ ਆਏ, ਦਾਊਦ ਰਾਜਾ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਵਾਇਦਾ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਰਾਜਾ ਬਣਾ ਦਿੱਤਾ।
4 ੪ ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ ਉਸ ਦੀ ਉਮਰ ਤੀਹ ਸਾਲ ਸੀ ਅਤੇ ਉਸ ਨੇ ਚਾਲ੍ਹੀ ਸਾਲ ਰਾਜ ਕੀਤਾ।
5 ੫ ਉਸ ਨੇ ਸੱਤ ਸਾਲ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ।
6 ੬ ਫਿਰ ਰਾਜਾ ਆਪਣਿਆਂ ਸੈਨਿਕਾਂ ਨਾਲ ਯਰੂਸ਼ਲਮ ਨੂੰ ਯਬੂਸੀਆਂ ਦੇ ਕੋਲ ਗਿਆ ਜੋ ਉਸ ਦੇਸ਼ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ, ਤੂੰ ਇੱਥੇ ਨਾ ਵੜੇਂਗਾ ਪਰੰਤੂ ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕਣਗੇ ਕਿਉਂ ਜੋ ਉਨ੍ਹਾਂ ਨੇ ਸਮਝਿਆ ਕਿ ਦਾਊਦ ਐਥੇ ਨਹੀਂ ਵੜ ਸਕੇਗਾ,
7 ੭ ਪਰ ਦਾਊਦ ਨੇ ਸੀਯੋਨ ਦਾ ਗੜ੍ਹ ਆਪਣੇ ਵੱਸ ਕਰ ਲਿਆ ਅਤੇ ਉਹ ਹੀ ਦਾਊਦ ਦਾ ਸ਼ਹਿਰ ਬਣਿਆ।
8 ੮ ਉਸ ਦਿਨ ਦਾਊਦ ਨੇ ਆਖਿਆ, ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਗੜੇ ਜਿਹਨਾਂ ਨੂੰ ਦਾਊਦ ਨਫ਼ਰਤ ਕਰਦਾ ਹੈ ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ ਕਿ ਅੰਨ੍ਹੇ ਅਤੇ ਲੰਗੜੇ ਰਾਜ ਮਹਿਲ ਵਿੱਚ ਨਹੀਂ ਵੜ ਸਕਦੇ।
9 ੯ ਦਾਊਦ ਉਸ ਗੜ੍ਹ ਵਿੱਚ ਰਹਿਣ ਲੱਗਾ ਅਤੇ ਉਸ ਨੇ ਉਹ ਦਾ ਨਾਮ ਦਾਊਦ ਦਾ ਸ਼ਹਿਰ ਰੱਖਿਆ ਅਤੇ ਦਾਊਦ ਨੇ ਆਲੇ-ਦੁਆਲੇ ਅਤੇ ਮਿੱਲੋ ਤੋਂ ਲੈ ਕੇ ਉਸ ਦੇ ਅੰਦਰ ਸ਼ਹਿਰਪਨਾਹ ਬਣਾਈ।
10 ੧੦ ਦਾਊਦ ਬਹੁਤ ਵੱਧਦਾ ਗਿਆ ਕਿਉਂ ਜੋ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਅੰਗ-ਸੰਗ ਸੀ।
11 ੧੧ ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਦਿਆਰ ਦੀ ਲੱਕੜ ਅਤੇ ਤਰਖਾਣ ਅਤੇ ਰਾਜ ਮਿਸਤਰੀ ਵੀ ਭੇਜੇ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ।
12 ੧੨ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਠਹਿਰਾਇਆ ਹੈ, ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪਰਜਾ ਇਸਰਾਏਲ ਦੇ ਲਈ ਹੀ ਵਧਾਇਆ ਹੈ।
13 ੧੩ ਦਾਊਦ ਨੇ ਹਬਰੋਨ ਤੋਂ ਆ ਕੇ ਯਰੂਸ਼ਲਮ ਵਿੱਚ ਹੋਰ ਵੀ ਰਖ਼ੈਲਾਂ ਰੱਖੀਆਂ ਅਤੇ ਇਸਤਰੀਆਂ ਨਾਲ ਵਿਆਹ ਕੀਤਾ ਅਤੇ ਦਾਊਦ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
14 ੧੪ ਉਸ ਦੇ ਪੁੱਤਰਾਂ ਦੇ ਨਾਮ ਜਿਹੜੇ ਯਰੂਸ਼ਲਮ ਵਿੱਚ ਜੰਮੇ ਇਹ ਸਨ - ਸ਼ਮੂਆਹ, ਸ਼ੋਬਾਬ, ਨਾਥਾਨ, ਅਤੇ ਸੁਲੇਮਾਨ,
15 ੧੫ ਯਿਬਹਾਰ, ਅਲੀਸ਼ੂਆ, ਨਫ਼ਗ, ਅਤੇ ਯਾਫ਼ੀਆ
16 ੧੬ ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।
17 ੧੭ ਜਦ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਦਾ ਸਾਰੇ ਇਸਰਾਏਲ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਗਿਆ ਹੈ, ਤਦ ਸਾਰੇ ਫ਼ਲਿਸਤੀ ਦਾਊਦ ਨੂੰ ਲੱਭਣ ਲਈ ਆਏ। ਦਾਊਦ ਨੇ ਇਹ ਸੁਣਿਆ ਇਸ ਲਈ ਉਹ ਗੜ੍ਹ ਵਿੱਚ ਚਲਾ ਗਿਆ।
18 ੧੮ ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਘਾਟੀ ਵਿੱਚ ਫੈਲ ਗਏ।
19 ੧੯ ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਕੀ ਮੈਂ ਫ਼ਲਿਸਤੀਆਂ ਦਾ ਸਾਹਮਣਾ ਕਰਨ ਨੂੰ ਜਾਂਵਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਵੱਸ ਕਰ ਦੇਵੇਂਗਾ? ਯਹੋਵਾਹ ਨੇ ਦਾਊਦ ਨੂੰ ਆਖਿਆ, ਜਾ, ਹਮਲਾ ਕਰ ਕਿਉਂ ਜੋ ਜ਼ਰੂਰ ਹੀ ਮੈਂ ਫ਼ਲਿਸਤੀਆਂ ਨੂੰ ਤੇਰੇ ਅਧੀਨ ਕਰ ਦਿਆਂਗਾ।
20 ੨੦ ਇਸ ਲਈ ਦਾਊਦ ਬਆਲ-ਪਰਾਸੀਮ ਵਿੱਚ ਆਇਆ ਅਤੇ ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, ਯਹੋਵਾਹ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ੍ਹ ਕੇ ਲੈ ਜਾਂਦੀਆਂ ਹਨ! ਇਸ ਲਈ ਉਸ ਨੇ ਉਸ ਥਾਂ ਦਾ ਨਾਮ ਬਆਲ-ਪਰਾਸੀਮ ਰੱਖਿਆ।
21 ੨੧ ਉਨ੍ਹਾਂ ਨੇ ਆਪਣੀਆਂ ਮੂਰਤਾਂ ਨੂੰ ਉੱਥੇ ਛੱਡਿਆ, ਸੋ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਚੁੱਕ ਲਿਆ।
22 ੨੨ ਫ਼ਲਿਸਤੀ ਫੇਰ ਮੁੜ ਆਏ ਅਤੇ ਰਫ਼ਾਈਆਂ ਦੀ ਘਾਟੀ ਵਿੱਚ ਫੈਲ ਗਏ।
23 ੨੩ ਸੋ ਦਾਊਦ ਨੇ ਯਹੋਵਾਹ ਕੋਲੋਂ ਫੇਰ ਸਲਾਹ ਮੰਗੀ ਅਤੇ ਉਸ ਨੇ ਆਖਿਆ, ਤੂੰ ਚੜ੍ਹਾਈ ਨਾ ਕਰ ਪਰ ਪਿੱਛੇ ਦੀ ਹੋ ਕੇ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰ,
24 ੨੪ ਅਤੇ ਜਿਸ ਵੇਲੇ ਤੂੰ ਤੂਤਾਂ ਦੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦੀ ਅਵਾਜ਼ ਸੁਣੇ ਤਾਂ ਸੁਚੇਤ ਹੋ ਕਿਉਂ ਜੋ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰ ਕੇ ਫ਼ਲਿਸਤੀਆਂ ਦੀ ਸੈਨਾਂ ਨੂੰ ਮਾਰੇਗਾ।
25 ੨੫ ਇਸ ਲਈ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ, ਦਾਊਦ ਨੇ ਉਸੇ ਤਰ੍ਹਾਂ ਹੀ ਕੀਤਾ, ਅਤੇ ਫ਼ਲਿਸਤੀਆਂ ਨੂੰ ਗਬਾ ਤੋਂ ਲੈ ਕੇ ਗਜ਼ਰ ਵਿੱਚ ਪਹੁੰਚਣ ਤੱਕ ਮਾਰਿਆ।