< 2 ਸਮੂਏਲ 2 >
1 ੧ ਇਹ ਤੋਂ ਬਾਅਦ ਦਾਊਦ ਨੇ ਯਹੋਵਾਹ ਕੋਲੋਂ ਪੁੱਛ-ਗਿੱਛ ਕੀਤੀ, ਕੀ ਮੈਂ ਯਹੂਦਾਹ ਦੇ ਨਗਰ ਵਿੱਚ ਜਾਂਵਾਂ? ਯਹੋਵਾਹ ਨੇ ਉਹ ਨੂੰ ਆਖਿਆ, ਚਲਾ ਜਾ! ਫਿਰ ਦਾਊਦ ਨੇ ਪੁੱਛਿਆ, ਕਿੱਥੇ ਜਾਂਵਾਂ? ਉਸ ਨੇ ਆਖਿਆ ਹਬਰੋਨ ਵੱਲ,
2 ੨ ਇਸ ਲਈ ਦਾਊਦ ਉੱਥੇ ਗਿਆ ਅਤੇ ਉਹ ਦੀਆਂ ਪਤਨੀਆਂ ਅਰਥਾਤ ਯਿਜ਼ਰਏਲ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਵੀ ਉਸ ਦੇ ਨਾਲ ਸਨ।
3 ੩ ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ, ਉਨ੍ਹਾਂ ਦੇ ਘਰਾਣੇ ਸਮੇਤ ਲੈ ਆਇਆ ਸੋ ਉਹ ਹਬਰੋਨ ਦੇ ਪਿੰਡਾਂ ਵਿੱਚ ਆ ਵੱਸੇ।
4 ੪ ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਅਭਿਸ਼ੇਕ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਰਾਜਾ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖ਼ਬਰ ਦਿੱਤੀ ਕਿ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਉਹ ਗਿਲਆਦ ਦੇ ਯਾਬੇਸ਼ ਨਗਰ ਦੇ ਲੋਕ ਹਨ।
5 ੫ ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਦੂਤ ਭੇਜ ਕੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਵੱਲੋਂ ਤੁਸੀਂ ਆਪਣੇ ਮਾਲਕ ਸ਼ਾਊਲ ਉੱਤੇ ਵੱਡੀ ਦਯਾ ਕੀਤੀ ਜੋ ਉਹ ਨੂੰ ਦਫ਼ਨਾ ਦਿੱਤਾ।
6 ੬ ਹੁਣ ਯਹੋਵਾਹ ਤੁਹਾਡੇ ਨਾਲ ਕਿਰਪਾ ਅਤੇ ਸਚਿਆਈ ਨਾਲ ਵਰਤਾਉ ਕਰੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਬਦਲਾ ਦਿਆਂਗਾ ਕਿਉਂ ਜੋ ਤੁਸੀਂ ਇਹ ਕੰਮ ਕੀਤਾ।
7 ੭ ਇਸ ਲਈ ਤੁਹਾਡੇ ਹੱਥ ਮਜ਼ਬੂਤ ਹੋਣ ਤੁਸੀਂ ਦਲੇਰ ਹੋਵੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਅਭਿਸ਼ੇਕ ਕੀਤਾ ਜੋ ਮੈਂ ਉਹਨਾਂ ਦਾ ਰਾਜਾ ਬਣਾਂ।
8 ੮ ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਨਾਲ ਲੈ ਕੇ ਉਹ ਨੂੰ ਮਹਨਇਮ ਵਿੱਚ ਪਹੁੰਚਾ ਦਿੱਤਾ।
9 ੯ ਅਤੇ ਉਹ ਨੂੰ ਗਿਲਆਦ, ਅਸ਼ੂਰਿਆ, ਯਿਜ਼ਰਏਲ, ਇਫ਼ਰਾਈਮ, ਬਿਨਯਾਮੀਨ, ਅਤੇ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ।
10 ੧੦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੀ ਉਮਰ ਚਾਲ੍ਹੀ ਸਾਲ ਸੀ, ਜਿਸ ਵੇਲੇ ਉਹ ਇਸਰਾਏਲ ਦਾ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਪੱਖ ਵਿੱਚ ਰਿਹਾ।
11 ੧੧ ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਸੱਤ ਸਾਲ ਛੇ ਮਹੀਨੇ ਰਾਜ ਕੀਤਾ।
12 ੧੨ ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਇਮ ਵਿੱਚੋਂ ਚੱਲ ਕੇ ਗਿਬਓਨ ਵਿੱਚ ਆਏ।
13 ੧੩ ਅਤੇ ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾਬ ਦੇ ਉਰਲੇ ਬੰਨ੍ਹੇ ਅਤੇ ਦੂਜਾ ਤਲਾਬ ਦੇ ਪਰਲੇ ਬੰਨ੍ਹੇ।
14 ੧੪ ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਯੋਆਬ ਬੋਲਿਆ, ਉੱਠੋ।
15 ੧੫ ਤਦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਸੇਵਕਾਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ।
16 ੧੬ ਅਤੇ ਇੱਕ-ਇੱਕ ਨੇ ਆਪੋ ਆਪਣੇ ਵਿਰੋਧੀ ਨੂੰ ਸਿਰੋਂ ਫੜ੍ਹ ਕੇ ਆਪਣੀ ਤਲਵਾਰ ਆਪਣੇ ਵਿਰੋਧੀ ਦੀ ਵੱਖੀ ਵਿੱਚ ਧਸਾ ਦਿੱਤੀ, ਅਤੇ ਉਹ ਇਕੱਠੇ ਹੀ ਡਿੱਗ ਪਏ! ਇਸ ਲਈ ਉਸ ਥਾਂ ਦਾ ਨਾਮ ਹਲਕਤ ਹੱਸੂਰੀਮ ਰੱਖਿਆ, ਜੋ ਗਿਬਓਨ ਵਿੱਚ ਹੈ।
17 ੧੭ ਅਤੇ ਉਸ ਦਿਨ ਵੱਡੀ ਲੜਾਈ ਹੋਈ ਅਤੇ ਅਬਨੇਰ ਅਤੇ ਇਸਰਾਏਲ ਦੇ ਲੋਕ ਦਾਊਦ ਦੇ ਲੋਕਾਂ ਕੋਲੋਂ ਹਾਰ ਗਏ।
18 ੧੮ ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨ ਦੀ ਤਰ੍ਹਾਂ ਫੁਰਤੀਲਾ ਸੀ।
19 ੧੯ ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਵੇਲੇ ਨਾ ਤਾਂ ਸੱਜੇ ਨਾ ਹੀ ਖੱਬੇ ਪਾਸੇ ਮੁੜਿਆ
20 ੨੦ ਤਦ ਅਬਨੇਰ ਨੇ ਆਪਣੇ ਪਿੱਛੇ ਵੇਖ ਕੇ ਉਹ ਨੂੰ ਪੁੱਛਿਆ, ਕੀ ਤੂੰ ਹੀ ਅਸਾਹੇਲ ਹੈਂ? ਉਸ ਨੇ ਉੱਤਰ ਦਿੱਤਾ, ਹਾਂ, ਮੈਂ ਹੀ ਹਾਂ!
21 ੨੧ ਤਦ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਅਤੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ੍ਹ ਲੈ ਅਤੇ ਉਹ ਦੇ ਸ਼ਸਤਰ ਲੁੱਟ ਲੈ, ਪਰ ਅਸਾਹੇਲ ਨੇ ਉਸ ਦਾ ਪਿੱਛਾ ਕਰਨਾ ਨਾ ਛੱਡਿਆ ਜੋ ਉਸ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਂਵਾਂ।
22 ੨੨ ਅਬਨੇਰ ਨੇ ਅਸਾਹੇਲ ਨੂੰ ਫਿਰ ਆਖਿਆ, ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਤੇ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?
23 ੨੩ ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪਿਛਲੇ ਸਿਰੇ ਨਾਲ ਉਸ ਦੇ ਢਿੱਡ ਵਿੱਚ ਅਜਿਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ, ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ। ਅਜਿਹਾ ਹੋਇਆ, ਜੋ ਕੋਈ ਉਸ ਸਥਾਨ ਉੱਤੇ ਆਉਂਦਾ ਸੀ ਜਿੱਥੇ ਅਸਾਹੇਲ ਮਰਿਆ ਪਿਆ ਸੀ, ਤਾਂ ਉਹ ਉੱਥੇ ਹੀ ਖੜ੍ਹਾ ਰਹਿੰਦਾ ਸੀ।
24 ੨੪ ਤਦ ਯੋਆਬ ਅਤੇ ਅਬੀਸ਼ਈ ਵੀ ਅਬਨੇਰ ਦਾ ਪਿੱਛਾ ਕਰਦੇ ਰਹੇ ਅਤੇ ਜਦ ਉਹ ਅੰਮਾਹ ਦੇ ਪਰਬਤ ਤੱਕ ਜੋ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਪਹੁੰਚੇ, ਤਦ ਸੂਰਜ ਡੁੱਬ ਗਿਆ।
25 ੨੫ ਅਤੇ ਬਿਨਯਾਮੀਨੀ ਅਬਨੇਰ ਦੇ ਪਿੱਛੇ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਰਬਤ ਦੀ ਟੀਸੀ ਉੱਤੇ ਖੜ੍ਹੇ ਹੋ ਗਏ।
26 ੨੬ ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਭਲਾ ਤੂੰ ਨਹੀਂ ਜਾਣਦਾ ਜੋ ਇਸ ਦਾ ਫਲ ਬੁਰਾ ਹੋਵੇਗਾ ਅਤੇ ਕਦ ਤੱਕ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੇਂਗਾ?
27 ੨੭ ਤਦ ਯੋਆਬ ਨੇ ਆਖਿਆ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਜੇ ਕਦੇ ਤੂੰ ਇਹ ਗੱਲ ਨਾ ਆਖਦਾ, ਤਾਂ ਲੋਕ ਸਵੇਰੇ ਹੀ ਮੁੜ ਜਾਂਦੇ ਅਤੇ ਆਪੋ ਆਪਣੇ ਭਰਾਵਾਂ ਦਾ ਪਿੱਛਾ ਨਾ ਕਰਦੇ।
28 ੨੮ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖੜ੍ਹੇ ਹੋ ਗਏ ਅਤੇ ਫਿਰ ਇਸਰਾਏਲ ਦਾ ਪਿੱਛਾ ਨਾ ਕੀਤਾ ਅਤੇ ਲੜਾਈ ਵੀ ਨਾ ਕੀਤੀ।
29 ੨੯ ਅਬਨੇਰ ਅਤੇ ਉਹ ਦੇ ਲੋਕ ਉਸ ਸਾਰੀ ਰਾਤ ਮੈਦਾਨ ਵਿੱਚ ਤੁਰਦੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਉਹ ਸਾਰੇ ਦਿਨ ਚਲਦੇ ਰਹੇ ਅਤੇ ਮਹਨਇਮ ਵਿੱਚ ਆ ਗਏ।
30 ੩੦ ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ; ਅਤੇ ਜਦ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਦ ਉਸ ਨੇ ਵੇਖਿਆ ਕਿ ਦਾਊਦ ਦੇ ਸੇਵਕਾਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।
31 ੩੧ ਪਰ ਦਾਊਦ ਦੇ ਸੇਵਕਾਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਸੇਵਕਾਂ ਵਿੱਚੋਂ ਲੋਕਾਂ ਨੂੰ ਅਜਿਹਾ ਮਾਰਿਆ, ਜੋ ਤਿੰਨ ਸੋ ਸੱਠ ਮਨੁੱਖ ਮਰ ਗਏ।
32 ੩੨ ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਤਾ ਦੇ ਕਬਰਿਸਤਾਨ ਵਿੱਚ ਜੋ ਬੈਤਲਹਮ ਵਿੱਚ ਸੀ, ਉਹ ਨੂੰ ਦਫ਼ਨਾ ਦਿੱਤਾ ਅਤੇ ਯੋਆਬ ਅਤੇ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹਿਲੇ ਪਹਿਰ ਹਬਰੋਨ ਵਿੱਚ ਆ ਗਏ।