< 2 ਇਤਿਹਾਸ 36 >
1 ੧ ਤਦ ਦੇਸ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਦੇ ਪਿਤਾ ਦੇ ਥਾਂ ਯਰੂਸ਼ਲਮ ਵਿੱਚ ਰਾਜਾ ਬਣਾਇਆ
2 ੨ ਅਤੇ ਯਹੋਆਹਾਜ਼ ਤੇਈਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿੱਚ ਰਾਜ ਕੀਤਾ
3 ੩ ਅਤੇ ਮਿਸਰ ਦੇ ਰਾਜੇ ਨੇ ਉਹ ਨੂੰ ਯਰੂਸ਼ਲਮ ਵਿੱਚੋਂ ਹਟਾ ਦਿੱਤਾ ਅਤੇ ਦੇਸ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਹਰਜ਼ਾਨਾ ਲਾ ਦਿੱਤਾ ।
4 ੪ ਮਿਸਰ ਦੇ ਰਾਜੇ ਨੇ ਉਹ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਰਾਜਾ ਬਣਾਇਆ ਅਤੇ ਉਹ ਦਾ ਨਾਮ ਬਦਲ ਕੇ ਯਹੋਯਾਕੀਮ ਰੱਖਿਆ ਅਤੇ ਨਕੋਹ ਉਹ ਦੇ ਭਰਾ ਯਹੋਆਹਾਜ਼ ਨੂੰ ਫੜ੍ਹ ਕੇ ਮਿਸਰ ਵਿੱਚ ਲੈ ਗਿਆ।
5 ੫ ਯਹੋਯਾਕੀਮ ਪੱਚੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਗਿਆਰ੍ਹਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਾ ਸੀ
6 ੬ ਤਾਂ ਉਸ ਉੱਤੇ ਬਾਬਲ ਦਾ ਰਾਜਾ ਨਬੂਕਦਨੱਸਰ ਚੜ੍ਹ ਆਇਆ ਅਤੇ ਉਹ ਨੂੰ ਬੇੜੀਆਂ ਲਾ ਕੇ ਬਾਬਲ ਨੂੰ ਲਈ ਗਿਆ
7 ੭ ਅਤੇ ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਬਾਬਲ ਵਿੱਚ ਜਾ ਦਿੱਤਾ
8 ੮ ਅਤੇ ਯਹੋਯਾਕੀਮ ਦੀਆਂ ਬਾਕੀ ਗੱਲਾਂ ਅਤੇ ਉਸ ਦੇ ਘਿਣਾਉਣੇ ਕੰਮ ਜੋ ਉਸ ਕੀਤੇ ਅਤੇ ਜੋ ਕੁਝ ਉਸ ਦੇ ਵਿਰੁੱਧ ਪਾਇਆ ਗਿਆ, ਵੇਖੋ ਉਹ ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹਨ ਤਦ ਉਸ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜਾ ਬਣਿਆ।
9 ੯ ਯਹੋਯਾਕੀਨ ਅੱਠਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਅਤੇ ਦਸ ਦਿਨ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ
10 ੧੦ ਅਤੇ ਉਸ ਸਾਲ ਦੇ ਅੰਤ ਵਿੱਚ ਨਬੂਕਦਨੱਸਰ ਪਾਤਸ਼ਾਹ ਨੇ ਉਸ ਨੂੰ ਯਹੋਵਾਹ ਦੇ ਭਵਨ ਦੇ ਬਹੁਮੁੱਲੇ ਭਾਂਡਿਆਂ ਸਣੇ ਬਾਬਲ ਵਿੱਚ ਬੁਲਾ ਲਿਆ ਅਤੇ ਉਸ ਦੇ ਭਰਾ ਸਿਦਕੀਯਾਹ ਨੂੰ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਾਤਸ਼ਾਹ ਬਣਾ ਦਿੱਤਾ।
11 ੧੧ ਸਿਦਕੀਯਾਹ ਇੱਕੀਆਂ ਸਾਲਾਂ ਦਾ ਸੀ, ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਗਿਆਰ੍ਹਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ
12 ੧੨ ਉਸ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੇ ਯਿਰਮਿਯਾਹ ਨਬੀ ਦੇ ਸਾਹਮਣੇ ਜਿਸ ਨੇ ਉਹ ਨੂੰ ਯਹੋਵਾਹ ਦੇ ਮੂੰਹ ਦੀਆਂ ਗੱਲਾਂ ਆਖੀਆਂ ਸਨ ਅਧੀਨਗੀ ਨਾ ਕੀਤੀ
13 ੧੩ ਸਗੋਂ ਉਹ ਨਬੂਕਦਨੱਸਰ ਪਾਤਸ਼ਾਹ ਦੇ ਵਿਰੁੱਧ ਆਕੀ ਹੋ ਗਿਆ ਜਿਸ ਨੇ ਉਸ ਨੂੰ ਪਰਮੇਸ਼ੁਰ ਦੀ ਸਹੁੰ ਦਿੱਤੀ ਪਰ ਉਹ ਆਕੜਬਾਜ਼ ਹੋ ਗਿਆ ਅਤੇ ਆਪਣਾ ਮਨ ਕਠੋਰ ਕਰ ਲਿਆ ਐਥੋਂ ਤੱਕ ਕਿ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਵੱਲ ਨਾ ਮੁੜਿਆ।
14 ੧੪ ਨਾਲੇ ਇਸ ਤੋਂ ਬਿਨ੍ਹਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਭਾਂਤ-ਭਾਂਤ ਦੀਆਂ ਬੇਇਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂੰ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭਰਿਸ਼ਟ ਕੀਤਾ ਜਿਸ ਨੂੰ ਉਸਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ
15 ੧੫ ਅਤੇ ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਹਨਾਂ ਨੂੰ ਜਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੁਨੇਹਾ ਭੇਜਿਆ ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ
16 ੧੬ ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖ਼ੌਲ ਉਡਾਇਆ, ਐਥੋਂ ਤੱਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ
17 ੧੭ ਤਦ ਉਹ ਕਸਦੀਆਂ ਦੇ ਪਾਤਸ਼ਾਹ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਸ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ, ਅਤੇ ਉਹ ਨੇ ਨਾ ਜੁਆਨ ਨਾ ਕੁਆਰੀ, ਨਾ ਬੁੱਢਾ ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ, ਉਹ ਨੇ ਸਾਰਿਆਂ ਨੂੰ ਉਹ ਦੇ ਹੱਥ ਵਿੱਚ ਦੇ ਦਿੱਤਾ
18 ੧੮ ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਭਾਂਡੇ ਕੀ ਵੱਡਾ ਕੀ ਛੋਟਾ ਅਤੇ ਯਹੋਵਾਹ ਦੇ ਭਵਨ ਦੇ ਖਜ਼ਾਨੇ ਅਤੇ ਪਾਤਸ਼ਾਹ ਅਤੇ ਉਹ ਦੇ ਸਰਦਾਰਾਂ ਦੇ ਖਜ਼ਾਨੇ ਉਹ ਸਾਰੇ ਬਾਬਲ ਨੂੰ ਲੈ ਗਿਆ
19 ੧੯ ਅਤੇ ਉਹ ਨੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਦਿੱਤਾ ਅਤੇ ਯਰੂਸ਼ਲਮ ਦੀਆਂ ਕੰਧਾਂ ਨੂੰ ਢਾਹ ਸੁੱਟਿਆ ਅਤੇ ਉਹ ਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ, ਅਤੇ ਉਹ ਦੇ ਸਾਰੇ ਬਹੁਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ
20 ੨੦ ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਸ ਦੇ ਪੁੱਤਰਾਂ ਦੇ ਟਹਿਲੂਏ ਹੋ ਕੇ ਰਹੇ ਜਦੋਂ ਤੱਕ ਕਿ ਫ਼ਾਰਸ ਦੇ ਪਾਤਸ਼ਾਹ ਦਾ ਰਾਜ ਨਾ ਬਣਿਆ
21 ੨੧ ਤਾਂ ਜੋ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ, ਜਿੰਨਾਂ ਚਿਰ ਕਿ ਦੇਸ ਆਪਣੇ ਸਬਤਾਂ ਦਾ ਆਰਾਮ ਨਾ ਭੋਗੇ। ਵਿਰਾਨੀ ਦੇ ਸਾਰੇ ਦਿਨ ਉਹ ਸਬਤ ਮਨਾਉਂਦੇ ਰਹੇ ਜਦ ਤੱਕ ਸੱਤਰ ਸਾਲ ਪੂਰੇ ਨਾ ਹੋਏ।
22 ੨੨ ਅਤੇ ਫ਼ਾਰਸ ਦੇ ਰਾਜੇ ਕੋਰਸ਼ ਦੇ ਰਾਜ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ ਯਹੋਵਾਹ ਨੇ ਫ਼ਾਰਸ ਦੇ ਰਾਜੇ ਕੋਰਸ਼ ਨੂੰ ਪਰੇਰਿਆ ਸੋ ਉਹ ਨੇ ਆਪਣੇ ਸਾਰੇ ਰਾਜ ਵਿੱਚ ਮੁਨਾਦੀ ਕਰਵਾਈ ਅਤੇ ਇਸ ਵਿਸ਼ੇ ਤੇ ਲਿਖਤ ਰੂਪ ਵਿੱਚ ਵੀ ਦੇ ਦਿੱਤਾ,
23 ੨੩ ਫ਼ਾਰਸ ਦਾ ਰਾਜਾ ਕੋਰਸ਼ ਇਹ ਫਰਮਾਉਂਦਾ ਹੈ ਕਿ ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਮੈਨੂੰ ਹਿਦਾਇਤ ਦਿੱਤੀ ਹੈ ਕਿ ਮੈਂ ਯਰੂਸ਼ਲਮ ਵਿੱਚ ਜਿਹੜਾ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ। ਹੁਣ ਉਹ ਦੇ ਸਾਰੇ ਲੋਕਾਂ ਵਿੱਚੋਂ ਜੋ ਕੋਈ ਤੁਹਾਡੇ ਵਿੱਚ ਹੈ ਉਹ ਤੁਰ ਪਵੇ ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਉਸ ਦੇ ਅੰਗ-ਸੰਗ ਹੋਵੇ।